ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ (ਐੱਸਜੀਪੀਸੀ) ਨੇ ਗੁਰਦੁਆਰਾ ਸੁਧਾਰ ਲਹਿਰ ਅਤੇ ਅਕਾਲੀ ਲਹਿਰ ਦੇ ਪ੍ਰਮੁੱਖ ਆਗੂ ਸਰਦਾਰ ਤੇਜਾ ਸਿੰਘ ਸਮੁੰਦਰੀ ਦੀ 100ਵੀਂ ਸ਼ਹਾਦਤ ਸ਼ਤਾਬਦੀ ਨੂੰ 17 ਜੁਲਾਈ ਨੂੰ ਸ਼ਰਧਾ ਅਤੇ ਸਤਿਕਾਰ ਨਾਲ ਮਨਾਉਣ ਦਾ ਫ਼ੈਸਲਾ ਕੀਤਾ ਹੈ। ਇਸ ਸਬੰਧੀ ਅੰਮ੍ਰਿਤਸਰ ਸਥਿਤ ਐੱਸਜੀਪੀਸੀ ਦਫ਼ਤਰ ਦੇ ਤੇਜਾ ਸਿੰਘ ਸਮੁੰਦਰੀ ਹਾਲ ਵਿੱਚ ਵਿਸ਼ੇਸ਼ ਧਾਰਮਿਕ ਅਤੇ ਯਾਦਗਾਰੀ ਸਮਾਗਮ ਕਰਵਾਇਆ ਜਾਵੇਗਾ।

ਐੱਸਜੀਪੀਸੀ ਦੇ ਪ੍ਰਧਾਨ ਹਰਜਿੰਦਰ ਸਿੰਘ ਧਾਮੀ ਨੇ ਦੱਸਿਆ ਕਿ 15 ਜੁਲਾਈ ਤੋਂ ਸ੍ਰੀ ਅਖੰਡ ਪਾਠ ਸਾਹਿਬ ਆਰੰਭ ਹੋਣਗੇ, ਜਿਨ੍ਹਾਂ ਦੇ ਭੋਗ 17 ਜੁਲਾਈ ਨੂੰ ਪੈਣ ਉਪਰੰਤ ਮੁੱਖ ਸਮਾਗਮ ਆਯੋਜਿਤ ਕੀਤਾ ਜਾਵੇਗਾ। ਉਨ੍ਹਾਂ ਕਿਹਾ ਕਿ ਸਰਦਾਰ ਤੇਜਾ ਸਿੰਘ ਸਮੁੰਦਰੀ ਨੇ ਗੁਰਦੁਆਰਿਆਂ ਦੇ ਆਜ਼ਾਦ ਪ੍ਰਬੰਧ, ਪੰਥਕ ਸਿਧਾਂਤਾਂ ਦੀ ਰੱਖਿਆ ਅਤੇ ਸਿੱਖ ਕੌਮ ਦੀ ਨਿਸ਼ਕਾਮ ਸੇਵਾ ਲਈ ਆਪਣਾ ਸਮੁੱਚਾ ਜੀਵਨ ਸਮਰਪਿਤ ਕੀਤਾ। ਉਨ੍ਹਾਂ ਨੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਸਥਾਪਨਾ ਅਤੇ ਮਜ਼ਬੂਤੀ ਵਿੱਚ ਵੀ ਅਹਿਮ ਭੂਮਿਕਾ ਨਿਭਾਈ। ਧਾਮੀ ਨੇ ਕਿਹਾ ਕਿ ਉਨ੍ਹਾਂ ਦੀ ਸ਼ਹਾਦਤ ਸਿੱਖ ਇਤਿਹਾਸ ਦਾ ਸੁਨਹਿਰੀ ਅਧਿਆਇ ਹੈ, ਜੋ ਆਉਣ ਵਾਲੀਆਂ ਪੀੜ੍ਹੀਆਂ ਨੂੰ ਸੱਚ, ਨਿਆਂ, ਨਿਸ਼ਕਾਮ ਸੇਵਾ ਅਤੇ ਕੌਮੀ ਚੇਤਨਾ ਦਾ ਸੰਦੇਸ਼ ਦਿੰਦੀ ਰਹੇਗੀ। ਸਮਾਗਮ ਵਿੱਚ ਪੰਥ ਦੀਆਂ ਪ੍ਰਮੁੱਖ ਸ਼ਖ਼ਸੀਅਤਾਂ ਸਰਦਾਰ ਤੇਜਾ ਸਿੰਘ ਸਮੁੰਦਰੀ ਦੇ ਜੀਵਨ ਅਤੇ ਯੋਗਦਾਨ ‘ਤੇ ਆਪਣੇ ਵਿਚਾਰ ਵੀ ਸਾਂਝੇ ਕਰਨਗੀਆਂ।
ਇਹ ਵੀ ਪੜ੍ਹੋ : ਫਿਲਮੀ ਅੰਦਾਜ਼ ‘ਚ ਸਮਗਲਰਾਂ ਤੇ ਪੁਲਿਸ ਦੀ ਗੱਡੀ ਵਿਚਾਲੇ ਹੋਈ ਟੱਕਰ, ਹਾਦਸੇ ‘ਚ SHO ਜ਼ਖਮੀ
ਇਸ ਦੇ ਨਾਲ ਹੀ SGPC ਐੱਸਜੀਪੀਸੀ ਨੇ ਭਾਈ ਜਸਵੰਤ ਸਿੰਘ ਖਾਲੜਾ ਦੇ ਜੀਵਨ ਅਤੇ ਸਿੱਖਾਂ ਨਾਲ ਹੋਈਆਂ ਕਥਿਤ ਵਧੀਕੀਆਂ ‘ਤੇ ਆਧਾਰਿਤ ਫ਼ਿਲਮ ‘ਸਤਲੁਜ’ ‘ਤੇ ਲੱਗੀ ਪਾਬੰਦੀ ਦਾ ਵੀ ਵਿਰੋਧ ਕੀਤਾ ਹੈ। ਧਾਮੀ ਨੇ ਦੋਸ਼ ਲਗਾਇਆ ਕਿ ਫ਼ਿਲਮ ‘ਤੇ ਰੋਕ ਲਗਾ ਕੇ ਸੱਚਾਈ ਦੀ ਆਵਾਜ਼ ਨੂੰ ਦਬਾਉਣ ਦੀ ਕੋਸ਼ਿਸ਼ ਕੀਤੀ ਗਈ ਹੈ। ਉਨ੍ਹਾਂ ਐਲਾਨ ਕੀਤਾ ਕਿ 10 ਜੁਲਾਈ ਨੂੰ ਐੱਸਜੀਪੀਸੀ ਵੱਲੋਂ ਅੰਮ੍ਰਿਤਸਰ ਵਿੱਚ ਸ਼ਾਂਤਮਈ ਰੋਸ ਮਾਰਚ ਕੱਢਿਆ ਜਾਵੇਗਾ, ਜੋ ਡਿਪਟੀ ਕਮਿਸ਼ਨਰ ਦਫ਼ਤਰ ਤੱਕ ਜਾਵੇਗਾ। ਇਸ ਮੌਕੇ ਜ਼ਿਲ੍ਹਾ ਪ੍ਰਸ਼ਾਸਨ ਰਾਹੀਂ ਸਰਕਾਰ ਨੂੰ ਮੰਗ ਪੱਤਰ ਸੌਂਪ ਕੇ ਫ਼ਿਲਮ ਤੋਂ ਪਾਬੰਦੀ ਹਟਾਉਣ ਦੀ ਮੰਗ ਕੀਤੀ ਜਾਵੇਗੀ।
ਵੀਡੀਓ ਲਈ ਕਲਿੱਕ ਕਰੋ -:










