ਪੰਜਾਬ, ਹਰਿਆਣਾ ਤੇ ਚੰਡੀਗੜ੍ਹ ਦੌਰੇ ‘ਤੇ ਪਹੁੰਚੇ PM ਨਰਿੰਦਰ ਮੋਦੀ ਨੇ ਹਰਿਆਣਾ ਵਿਚ ਦੇਸ਼ ਦੀ ਪਹਿਲੀ ਹਾਈਡ੍ਰੋਜਨ ਟ੍ਰੇਨ ਨੂੰ ਹਰੀ ਝੰਡੀ ਦਿਖਾ ਕੇ ਰਵਾਨਾ ਕੀਤਾ। ਇਹ ਟ੍ਰੇਨ ਜੀਂਦ ਤੇ ਸੋਨੀਪਤ ਵਿਚਕਾਰ ਚੱਲੇਗੀ। ਇਸ ਦੇ ਨਾਲ ਹੀ ਭਾਰਤ ਹਾਈਡ੍ਰੋਜਨ ਫਿਊਲ ਨਾਲ ਚੱਲਣ ਵਾਲੀ ਟ੍ਰੇਨ ਸ਼ੁਰੂ ਕਰਨ ਵਾਲਾ ਦੁਨੀਆ ਦਾ ਪੰਜਵਾਂ ਦੇਸ਼ ਬਣ ਗਿਆ ਹੈ। ਪਹਿਲਾਂ ਹਾਈਡ੍ਰੋਜਨ ਟ੍ਰੇਨਾਂ ਸਿਰਫ ਜਰਮਨੀ, ਫਰਾਂਸ, ਸਵੀਡਨ ਤੇ ਚੀਨ ਵਿਚ ਚੱਲਦੀਆਂ ਸਨ।
ਇਸ ਮੌਕੇ ਬੋਲਦਿਆਂ PM ਮੋਦੀ ਨੇ ਕਿਹਾ ਕਿ ਜੇਕਰ ਹੋਰਮੁਜ਼ ਸਟ੍ਰੇਟ ਵਿਚ ਯੁੱਧ ਵਰਗੇ ਹਾਲਾਤ ਬਣਦੇ ਹਨ ਤਾਂ ਇਸ ਦਾ ਅਸਰ ਭਾਰਤ ‘ਤੇ ਵੀ ਪੈਂਦਾ ਹੈ ਕਿਉਂਕਿ ਇਸੇ ਸਮੁੰਦਰੀ ਰਸਤੇ ਤੋਂ ਦੇਸ਼ ਵਿਚ ਪੈਟਰੋਲ, ਡੀਜ਼ਲ ਤੇ ਖਾਦ ਸਣੇ ਕਈ ਜ਼ਰੂਰੀ ਚੀਜ਼ਾਂ ਦੀ ਸਪਲਾਈ ਹੁੰਦੀ ਹੈ। ਉਨ੍ਹਾਂ ਕਿਹਾ ਕਿ ਜੇਕਰ 2014 ਤੋਂ ਪਹਿਲਾਂ ਅਜਿਹੇ ਹਾਲਾਤ ਪੈਦਾ ਹੁੰਦੇ ਤਾਂ ਦੇਸ਼ ਦਾ ਰੇਲਵੇ ਨੈਟਵਰਕ ਗੰਭੀਰ ਸੰਕਟ ਵਿਚ ਆ ਜਾਂਦਾ ਕਿਉਂਕਿ ਉਸ ਸਮੇਂ ਰੇਲਵੇ ਦਾ ਵੱਡਾ ਹਿੱਸਾ ਡੀਜ਼ਲ ਇੰਜਣਾਂ ‘ਤੇ ਨਿਰਭਰ ਸੀ। ਅਜਿਹੇ ਵਿਚ ਜੇਕਰ ਡੀਜ਼ਲ ਦੀ ਸਪਲਾਈ ਵਿਚ ਰੁਕਾਵਟ ਆ ਜਾਂਦੀ ਤਾਂ ਟ੍ਰੇਨਾਂ ਦਾ ਸੰਚਾਲਨ ਵੀ ਪ੍ਰਭਾਵਿਤ ਹੋ ਸਕਦਾ ਸੀ।
PM ਮੋਦੀ ਨੇ ਕਿਹਾ ਕਿ ਹੁਣ ਹਾਲਾਤ ਬਦਲ ਚੁੱਕੇ ਹਨ। ਇਹ 2014 ਤੋਂ ਪਹਿਲਾਂ ਵਾਲਾ ਭਾਰਤ ਨਹੀਂ ਹੈ। ਇਹ ਨਵਾਂ ਭਾਰਤ ਹੈ। ਇਹ ਮੋਦੀ ਹੈ ਜੋ ਬਹੁਤ ਪਹਿਲਾਂ ਸੋਚਦਾ ਵੀ ਹੈ ਤੇ ਸਮੱਸਿਆਵਾਂ ਦੇ ਹੱਲ ਨੂੰ ਸਮਾਂ ਰਹਿੰਦਿਆਂ ਜ਼ਮੀਨ ‘ਤੇ ਵੀ ਉਤਰਦਾ ਹੈ। ਪ੍ਰਧਾਨ ਮੰਤਰੀ ਨੇ ਕਿਹਾ ਕਿ ਭਾਰਤ ਵਿਚ ਰੇਲਵੇ ਦੇ ਬਿਜਲੀਕਰਨ ਦੀ ਸ਼ੁਰੂਆਤ ਸਾਲ 1925 ਵਿਚ ਹੋਈ ਸੀ ਯਾਨੀ 1925 ਤੋਂ ਲੈ ਕੇ 2014 ਤੱਕ ਲਗਭਗ 90 ਸਾਲਾਂ ਵਿਚ ਦੇਸ਼ ਦੇ ਰੇਲ ਨੈਟਵਰਕ ਦਾ ਸਿਰਫ 30 ਫੀਸਦੀ ਹੀ ਬਿਜਲੀਕ੍ਰਿਤ ਹੋ ਸਕਿਆ ਸੀ ਜਦੋਂ ਕਿ 70 ਫੀਸਦੀ ਹਿੱਸਾ ਹੁਣ ਵੀ ਡੀਜ਼ਲ ਇੰਜਣਾਂ ‘ਤੇ ਨਿਰਭਰ ਸੀ।
ਇਹ ਵੀ ਪੜ੍ਹੋ : ਜਲੰਧਰ ‘ਚ PM ਮੋਦੀ ਦੇ ਦੌਰੇ ਨੂੰ ਲੈ ਕੇ ਕਈ ਰਸਤੇ ਬੰਦ, ਕਈਆਂ ਦੇ ਬਦਲੇ ਰੂਟ, ਪੁਲਿਸ ਨੇ ਜਾਰੀ ਕੀਤੀ ਟ੍ਰੈਫਿਕ ਐਡਵਾਇਜ਼ਰੀ
ਉਨ੍ਹਾਂ ਕਿਹਾ ਕਿ ਜੇਕਰ ਉਸੇ ਰਫਤਾਰ ਨਾਲ ਕੰਮ ਚੱਲਦਾ ਰਹਿੰਦਾ ਤਾਂ ਪੂਰੇ ਰੇਲ ਨੈਟਵਰਕ ਦਾ 100 ਫੀਸਦੀ ਬਿਜਲੀਕਰਨ ਹੋਣ ਵਿਚ ਲਗਭਗ 200 ਸਾਲ ਹੋਰ ਲੱਗ ਜਾਂਦੇ ਪਰ ਪਿਛਲੇ 12 ਸਾਲਾਂ ਵਿਚ ਹਾਲਾਤ ਪੂਰੀ ਤਰ੍ਹਾਂ ਬਦਲ ਗਏ ਹਨ। ਹੁਣ ਦੇਸ਼ ਦੇ ਲਗਭਗ 99 ਫੀਸਦੀ ਰੇਲ ਨੈਟਵਰਕ ਦਾ ਬਿਜਲੀਕਰਨ ਪੂਰਾ ਹੋ ਚੁੱਕਾ ਹੈ ਜਿਸ ਨਾਲ ਰੇਲਵੇ ‘ਤੇ ਨਿਰਭਰਤਾ ਕਾਫੀ ਘੱਟ ਹੋ ਗਈ ਹੈ। ਡੀਜ਼ਲ ਦਾ ਸੰਕਟ ਹੋਣ ਦੇ ਬਾਵਜੂਦ ਭਾਰਤ ਦੀ ਰੇਲ ਰੁਕੀ ਨਹੀਂ ਹੈ। ਟ੍ਰੇਨਾਂ ਲਗਾਤਾਰ ਚੱਲਦੀਆਂ ਰਹੀਆਂ ਹਨ।
ਵੀਡੀਓ ਲਈ ਕਲਿੱਕ ਕਰੋ -:










