ਕੌਮੀ ਇਨਸਾਫ਼ ਮੋਰਚੇ ਨੇ ਬੰਦੀ ਸਿੰਘਾਂ ਦੀ ਰਿਹਾਈ, ਜਗਤਾਰ ਸਿੰਘ ਹਵਾਰਾ ਨੂੰ ਪੈਰੋਲ ਦੇਣ ਅਤੇ ਮੋਹਾਲੀ-ਚੰਡੀਗੜ੍ਹ ਸਰਹੱਦ ‘ਤੇ ਪ੍ਰਦਰਸ਼ਨਕਾਰੀਆਂ ਵਿਰੁੱਧ ਪੁਲਿਸ ਕਾਰਵਾਈ ਦੇ ਵਿਰੋਧ ਵਿੱਚ 21 ਅਗਸਤ ਸ਼ੁੱਕਰਵਾਰ ਨੂੰ ਪੰਜਾਬ ਬੰਦ ਦਾ ਐਲਾਨ ਕੀਤਾ ਹੈ।
ਮੋਰਚੇ ਨੇ ਸਵੇਰੇ 7 ਵਜੇ ਤੋਂ ਦੁਪਹਿਰ 2 ਵਜੇ ਤੱਕ ਸੂਬੇ ਦੇ ਸਾਰੇ ਬਾਜ਼ਾਰ, ਵਪਾਰਕ ਅਦਾਰੇ, ਸਕੂਲ, ਕਾਲਜ ਅਤੇ ਸੜਕੀ ਅਤੇ ਰੇਲ ਆਵਾਜਾਈ ਬੰਦ ਰੱਖਣ ਦਾ ਐਲਾਨ ਕੀਤਾ। ਉਨ੍ਹਾਂ ਸਪੱਸ਼ਟ ਕੀਤਾ ਕਿ ਪੰਜਾਬ ਦੇ ਸਾਰੇ ਰਸਤਿਆਂ ‘ਤੇ ਆਵਾਜਾਈ ਪੂਰੀ ਤਰ੍ਹਾਂ ਬੰਦ ਰਹੇਗੀ।
ਕੌਮੀ ਇਨਸਾਫ਼ ਮੋਰਚੇ ਦੇ ਬੰਦ ਨੂੰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ (SGPC), ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ), ਅਕਾਲੀ ਦਲ (ਵਾਰਿਸ ਪੰਜਾਬ ਦੇ), ਦਲ ਖਾਲਸਾ ਅਤੇ ਹਵਾਰਾ ਕਮੇਟੀ ਸਣੇ ਵੱਖ-ਵੱਖ ਪੰਥਕ, ਕਿਸਾਨ-ਮਜ਼ਦੂਰ ਅਤੇ ਸਮਾਜਿਕ ਸੰਗਠਨਾਂ ਦਾ ਸਮਰਥਨ ਪ੍ਰਾਪਤ ਹੋਇਆ ਹੈ। SGPC ਨੇ 21 ਅਗਸਤ ਨੂੰ ਆਪਣੇ ਸਾਰੇ ਵਿੱਦਿਅਕ ਅਦਾਰੇ ਅਤੇ ਦਫਤਰ ਬੰਦ ਰੱਖਣ ਦਾ ਐਲਾਨ ਕੀਤਾ ਹੈ।
ਕੌਮੀ ਇਨਸਾਫ਼ ਮੋਰਚੇ ਨੇ ਜਨਤਾ ਨੂੰ ਅਪੀਲ ਕੀਤੀ ਹੈ ਕਿ ਉਹ ਸ਼ਾਂਤੀਪੂਰਨ ਬੰਦ ਨੂੰ ਯਕੀਨੀ ਬਣਾਉਣ ਅਤੇ ਸਵੈ-ਇੱਛਾ ਨਾਲ ਆਪਣੇ ਅਦਾਰੇ ਬੰਦ ਕਰਨ ਤਾਂ ਜੋ ਕਿਸੇ ਨੂੰ ਅਜਿਹਾ ਕਰਨ ਲਈ ਮਜਬੂਰ ਨਾ ਕੀਤਾ ਜਾਵੇ। ਇਸ ਤੋਂ ਬਾਅਦ ਚੰਡੀਗੜ੍ਹ ਅਤੇ ਮੋਹਾਲੀ ਦੇ ਕਈ ਨਿੱਜੀ ਸਕੂਲਾਂ ਨੇ ਕੱਲ੍ਹ ਛੁੱਟੀ ਦਾ ਐਲਾਨ ਕੀਤਾ ਹੈ।

ਕੀ-ਕੀ ਰਹੇਗਾ ਬੰਦ
ਬੱਸ-ਆਟੋ, ਟੈਕਸੀ ਤੇ ਟ੍ਰੇਨਾਂ ‘ਤੇ ਅਸਰ : ਕੌਮੀ ਇਨਸਾਫ਼ ਮੋਰਚੇ ਵੱਲੋਂ ਤੈਅ ਸ਼ਡਿਊਲ ਮੁਤਾਬਕ ਸਵੇਰੇ 7 ਵਜੇ ਤੋਂ ਦੁਪਹਿਰ 2 ਵਜੇ ਤੱਕ ਮੁੱਖ ਹਾਈਵੇ, ਸਟੇਟ ਹਾਈਵੇ ਅਤੇ ਜ਼ਿਲ੍ਹਾ ਸੜਕਾਂ ‘ਤੇ ਵਾਹਨਾਂ ਦੀ ਆਵਾਜਾਈ ਬੰਦ ਰਹੇਗੀ। ਬੱਸ, ਆਟੋ ਅਤੇ ਟੈਕਸੀ ਸੇਵਾਵਾਂ ਵਿੱਚ ਵਿਘਨ ਪੈਣ ਦੀ ਉਮੀਦ ਹੈ। ਮੋਰਚੇ ਨੇ ਰੇਲ ਰੋਕਣ ਦਾ ਵੀ ਐਲਾਨ ਕੀਤਾ ਹੈ।
ਬਾਜ਼ਾਰ ਅਤੇ ਵਪਾਰਕ ਅਦਾਰੇ: ਪ੍ਰਮੁੱਖ ਬਾਜ਼ਾਰਾਂ, ਸ਼ਾਪਿੰਗ ਮਾਲਾਂ ਅਤੇ ਹੋਲ ਸੇਲ ਮਾਰਕੀਟ ਨੂੰ ਬੰਦ ਕਰਨ ਦੀ ਅਪੀਲ ਕੀਤੀ ਗਈ ਹੈ। ਵਪਾਰਕ ਸੰਗਠਨਾਂ ਅਤੇ ਸਥਾਨਕ ਦੁਕਾਨਦਾਰਾਂ ਤੋਂ ਸਮਰਥਨ ਮੰਗਿਆ ਗਿਆ ਹੈ।
ਸਕੂਲ, ਕਾਲਜ ਅਤੇ ਕੋਚਿੰਗ ਸੰਸਥਾਵਾਂ: ਸ਼੍ਰੋਮਣੀ ਕਮੇਟੀ ਵੱਲੋਂ ਚਲਾਏ ਜਾ ਰਹੇ ਸਾਰੇ ਸਕੂਲ ਅਤੇ ਕਾਲਜਾਂ ਨੇ 21 ਅਗਸਤ ਨੂੰ ਪੂਰੀ ਤਰ੍ਹਾਂ ਬੰਦ ਦਾ ਐਲਾਨ ਕੀਤਾ ਹੈ। ਬੰਦ ਦਾ ਪ੍ਰਭਾਵ ਹੋਰ ਨਿੱਜੀ ਅਤੇ ਧਾਰਮਿਕ ਸੰਸਥਾਵਾਂ ‘ਤੇ ਵੀ ਪੈ ਸਕਦਾ ਹੈ।
ਕੀ ਰਹੇਗਾ ਖੁੱਲ੍ਹਾ ?
ਸੂਬੇ ਵਿਚ ਬੰਦ ਦੌਰਾਨ ਹਸਪਤਾਲ, ਮੈਡੀਕਲ ਸਟੋਰ ਖੁੱਲ੍ਹੇ ਰਹਿਣਗੇ। ਐਮਰਜੈਂਸੀ ਸੇਵਾਵਾਂ ਬਹਾਲ ਰਹਿਣਗੀਆਂ। ਵਿਆਹ , ਪੇਪਰ ਤੇ ਏਅਰਪੋਰਟ ਜਾਣ ਵਾਲੇ ਵਿਅਕਤੀਆਂ ਨੂੰ ਛੋਟ ਰਹੇਗੀ।
ਇਹ ਵੀ ਪੜ੍ਹੋ :Punjab University ‘ਚ ਵਿਦਿਆਰਥੀ ਕੌਂਸਲ ਦੀਆਂ ਚੋਣਾਂ ਦਾ ਐਲਾਨ, ਇਸ ਦਿਨ ਹੋਵੇਗੀ ਵੋਟਿੰਗ
ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਨੇ ਅਧਿਕਾਰਤ ਤੌਰ ‘ਤੇ ਆਪਣਾ ਸਮਰਥਨ ਪ੍ਰਗਟ ਕਰਦੇ ਹੋਏ ਕਿਹਾ ਕਿ ਬੰਦੀ ਸਿੰਘਾਂ ਦੀ ਰਿਹਾਈ ਦੇ ਮੁੱਦੇ ‘ਤੇ ਸਮੁੱਚਾ ਭਾਈਚਾਰਾ ਇੱਕਜੁੱਟ ਹੈ। ਇਸ ਦੌਰਾਨ ਪ੍ਰਸ਼ਾਸਨ ਨੇ ਬੰਦ ਦੌਰਾਨ ਕਾਨੂੰਨ ਵਿਵਸਥਾ ਬਣਾਈ ਰੱਖਣ ਲਈ ਸਖ਼ਤ ਸੁਰੱਖਿਆ ਪ੍ਰਬੰਧ ਕੀਤੇ ਹਨ।
ਵੀਡੀਓ ਲਈ ਕਲਿੱਕ ਕਰੋ -:

Moosewala ਦੇ ਪਰਿਵਾਰ ਬਾਰੇ ਪੁੱਠਾ-ਸਿੱਧਾ ਬੋਲਣ ਵਾਲੇ ਇਸ ਗਾਇਕ ਨੇ ਕੀਤੇ ਸਿੱਧੇ








