ਗੁਰਦਾਸਪੁਰ ਦੇ ਤੇਜਿੰਦਰ ਸਿੰਘ ਦਾ ਪਰਿਵਾਰ ਵੱਲੋਂ ਨਮ ਅੱਖਾਂ ਦੇ ਨਾਲ ਅੰਤਿਮ ਸੰਸਕਾਰ ਕੀਤਾ ਗਿਆ। ਇਸ ਦੌਰਾਨ ਪਰਿਵਾਰ ਦਾ ਰੋ-ਰੋ ਬੁਰਾ ਹਾਲ ਹੈ। ਦੱਸ ਦੇਈਏ ਕਿ 18 ਸਾਲਾਂ ਤੇਜਿੰਦਰ ਦਾ ਪਿਛਲੇ ਦਿਨੀਂ ਕਤਲ ਕੀਤਾ ਗਿਆ, ਜਿਸ ਦਾ ਇਲਜ਼ਾਮ ਉਸ ਦੀ ਪ੍ਰੇਮਿਕਾ ‘ਤੇ ਲੱਗੇ ਹਨ, ਜੋਕਿ ਇਸ ਵੇਲੇ ਪੁਲਿਸ ਹਿਰਾਸਤ ਵਿਚ ਹੈ। ਪਰਿਵਾਰ ਵਾਲੇ ਆਪਣੇ ਪੁੱਤਰ ਦੇ ਕਤਲ ਲਈ ਇਨਸਾਫ ਦੀ ਮੰਗ ਕਰ ਰਹੇ ਹਨ।
ਬਿਆਸ ਕੰਢੇ ਅੰਤਿਮ ਸਸਕਾਰ ਮੌਕੇ ਵੱਡੀ ਗਿਣਤੀ ਵਿੱਚ ਸਾਕ-ਸਬੰਧੀ, ਇਲਾਕਾ ਵਾਸੀ ਅਤੇ ਵੱਖ-ਵੱਖ ਜਥੇਬੰਦੀਆਂ ਦੇ ਆਗੂ ਮੌਜੂਦ ਰਹੇ। ਆਪਣੇ ਪੁੱਤ ਨੂੰ ਹਮੇਸ਼ਾ ਲਈ ਵਿਦਾ ਕਰਦਿਆਂ ਮਾਪਿਆਂ ਅਤੇ ਪਰਿਵਾਰ ਦਾ ਵਿਰਲਾਪ ਦੇਖਣਾ ਬੇਹੱਦ ਭਾਵੁਕ ਪਲ ਸੀ। ਡੂੰਘੇ ਸਦਮੇ ਵਿੱਚ ਡੁੱਬੇ ਪਰਿਵਾਰਕ ਮੈਂਬਰ ਵਿਰਲਾਪ ਕਰਦਿਆਂ ਗਸ਼ ਖਾ ਕੇ ਜ਼ਮੀਨ ’ਤੇ ਡਿੱਗਦੇ ਵੀ ਨਜ਼ਰ ਆਏ।
ਇਸ ਮੌਕੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਦਲ ਖਾਲਸਾ ਦੇ ਜ਼ਿਲ੍ਹਾ ਪ੍ਰਧਾਨ ਭਾਈ ਦਿਲਬਾਗ ਸਿੰਘ, ਬੀਬੀ ਦਵਿੰਦਰ ਕੌਰ, ਐੱਮਡੀ ਸੁਖਪਾਲ ਸਿੰਘ, ਚੇਅਰਮੈਨ ਮਨਜੀਤ ਸਿੰਘ ਪਸਵਾਲ ਅਤੇ ਸਰਬਜੀਤ ਸਿੰਘ ਲਾਲੀਆ ਨੇ ਕਿਹਾ ਕਿ ਬੇਸ਼ੱਕ ਅੱਜ ਤੇਜਿੰਦਰ ਦਾ ਅੰਤਿਮ ਸਸਕਾਰ ਕਰ ਦਿੱਤਾ ਗਿਆ ਹੈ, ਪਰ ਉਸ ਦੇ ਪਰਿਵਾਰ ਨੂੰ ਇਨਸਾਫ਼ ਦਿਵਾਉਣ ਲਈ ਸ਼ੁਰੂ ਕੀਤਾ ਸੰਘਰਸ਼ ਇੱਥੇ ਖ਼ਤਮ ਨਹੀਂ ਹੋਵੇਗਾ। ਉਨ੍ਹਾਂ ਕਿਹਾ ਕਿ ਜੇਕਰ ਲੋੜ ਪਈ ਤਾਂ ਇਨਸਾਫ਼ ਲਈ ਕਾਨੂੰਨੀ ਲੜਾਈ ਹਾਈਕੋਰਟ ਤੋਂ ਲੈ ਕੇ ਸੁਪਰੀਮ ਕੋਰਟ ਤੱਕ ਵੀ ਲੜੀ ਜਾਵੇਗੀ।
ਤੇਜਿੰਦਰ ਦੇ ਪਿਤਾ ਕੁਲਦੀਪ ਸਿੰਘ ਨੇ ਭਰੇ ਮਨ ਨਾਲ ਕਿਹਾ ਕਿ ਜ਼ਿਲ੍ਹਾ ਪੁਲਿਸ ਵੱਲੋਂ ਮਾਮਲੇ ਦੀ ਜਾਂਚ ਲਈ SIT ਤਾਂ ਗਠਿਤ ਕੀਤੀ ਗਈ ਹੈ, ਪਰ ਇੰਨੇ ਦਿਨ ਬੀਤਣ ਦੇ ਬਾਵਜੂਦ ਪਰਿਵਾਰ ਨੂੰ ਅਜੇ ਤੱਕ ਜਾਂਚ ਵਿੱਚ ਸਾਹਮਣੇ ਆਏ ਕਿਸੇ ਨਵੇਂ ਖੁਲਾਸੇ ਬਾਰੇ ਜਾਣਕਾਰੀ ਨਹੀਂ ਦਿੱਤੀ ਗਈ। ਉਨ੍ਹਾਂ ਮੰਗ ਕੀਤੀ ਕਿ ਜਾਂਚ ਨੂੰ ਤੇਜ਼ ਕਰਕੇ ਪੂਰੇ ਘਟਨਾਕ੍ਰਮ ਦਾ ਸੱਚ ਸਾਹਮਣੇ ਲਿਆਂਦਾ ਜਾਵੇ।

ਮ੍ਰਿਤਕ ਦੀ ਮਾਤਾ ਨਰਿੰਦਰ ਕੌਰ ਅਤੇ ਭੈਣ ਕਿਰਨਪ੍ਰੀਤ ਕੌਰ ਨੇ ਦਾਅਵਾ ਕੀਤਾ ਕਿ ਤੇਜਿੰਦਰ ਅਤੇ ਮਾਮਲੇ ਵਿੱਚ ਨਾਮਜ਼ਦ ਲੜਕੀ ਵਿਚਾਲੇ ਕਰੀਬ ਤਿੰਨ ਸਾਲ ਤੋਂ ਪ੍ਰੇਮ ਸਬੰਧ ਸਨ, ਪਰ ਪਿਛਲੇ ਕੁਝ ਸਮੇਂ ਤੋਂ ਦੋਵਾਂ ਵਿਚਾਲੇ ਤਕਰਾਰ ਵਧਦੀ ਜਾ ਰਹੀ ਸੀ। ਪਰਿਵਾਰ ਮੁਤਾਬਕ ਇਸੇ ਦੌਰਾਨ ਦੋਵਾਂ ਵੱਲੋਂ ਇੱਕ-ਦੂਜੇ ਨੂੰ ਦਿੱਤੇ ਗਏ ਤੋਹਫ਼ੇ ਵੀ ਵਾਪਸ ਕਰ ਦਿੱਤੇ ਗਏ ਸਨ। ਪਰਿਵਾਰ ਨੇ ਇਹ ਵੀ ਦਾਅਵਾ ਕੀਤਾ ਕਿ ਚੱਕ ਸ਼ਰੀਫ਼ ਦੇ ਬਾਜ਼ਾਰ ਵਿੱਚ ਦੋਵਾਂ ਵਿਚਾਲੇ ਹੋਈ ਤਕਰਾਰ ਦੌਰਾਨ ਤੇਜਿੰਦਰ ਵੱਲੋਂ ਲੜਕੀ ਨੂੰ ਥੱਪੜ ਮਾਰੇ ਗਏ ਸਨ।
ਤੇਜਿੰਦਰ ਦੀ ਭੈਣ ਕਿਰਨਪ੍ਰੀਤ ਕੌਰ ਨੇ ਇੱਕ ਹੋਰ ਗੰਭੀਰ ਦਾਅਵਾ ਕਰਦਿਆਂ ਕਿਹਾ ਕਿ ਤੇਜਿੰਦਰ ’ਤੇ ਹਮਲੇ ਤੋਂ ਅਗਲੇ ਦਿਨ ਉਸ ਦੀ ਨਾਮਜ਼ਦ ਪ੍ਰੇਮਿਕਾ ਨਾਲ ਫੋਨ ’ਤੇ ਗੱਲ ਹੋਈ ਸੀ। ਕਿਰਨਪ੍ਰੀਤ ਮੁਤਾਬਕ ਲੜਕੀ ਨੇ ਇੱਕ ਪਾਸੇ ਤਜਿੰਦਰ ਦਾ ਹਾਲ ਜਾਣਦਿਆਂ ਹਮਦਰਦੀ ਜਤਾਈ, ਜਦਕਿ ਗੱਲਬਾਤ ਦੌਰਾਨ ਕਥਿਤ ਤੌਰ ’ਤੇ ਇਹ ਵੀ ਕਿਹਾ ਕਿ ਉਸ ਨੇ ਤੇਜਿੰਦਰ ਦੀਆਂ ਲੱਤਾਂ ਤੁੜਵਾਉਣ ਲਈ ਹੀ ਮੁੰਡਿਆਂ ਨੂੰ ਕਿਹਾ ਸੀ ਅਤੇ ਉਸ ਨੂੰ ਅੰਦਾਜ਼ਾ ਨਹੀਂ ਸੀ ਕਿ ਮਾਮਲਾ ਇੱਥੋਂ ਤੱਕ ਪਹੁੰਚ ਜਾਵੇਗਾ। ਇਹ ਦਾਅਵਾ ਮ੍ਰਿਤਕ ਦੇ ਪਰਿਵਾਰ ਵੱਲੋਂ ਕੀਤਾ ਗਿਆ ਹੈ ਅਤੇ ਇਸ ਦੀ ਸੱਚਾਈ ਪੁਲਿਸ ਜਾਂਚ ਵਿੱਚ ਸਾਹਮਣੇ ਆਉਣੀ ਬਾਕੀ ਹੈ।
ਪਰਿਵਾਰ ਨੇ ਦੱਸਿਆ ਕਿ ਤੇਜਿੰਦਰ ਦੀ ਲਵ ਸਟੋਰੀ 3 ਸਾਲ ਪਹਿਲਾਂ ਸ਼ੁਰੂ ਹੋਈ ਸੀ। ਪਤਾ ਲੱਗਣ ‘ਤੇ ਪਰਿਵਾਰ ਨੇ ਉਸ ਨੂੰ ਸਮਝਾਇਆ ਕਿਉਂਕਿ ਉਨ੍ਹਾਂ ਨੂੰ ਇਹ ਰਿਸ਼ਤਾ ਸਹੀ ਨਹੀਂ ਲੱਗਾ। ਫਿਰ ਤੇਜਿੰਦਰ ਨੂੰ ਪਤਾ ਲੱਗਾ ਕਿ ਕੁੜੀ ਠੀਕ ਨਹੀਂ ਹੈ ਤਾਂ ਉ ਪਿੱਛੇ ਹਟਣ ਲੱਗਾ, ਕਰੀਬ ਤਿਨ ਮਹੀਨੇ ਤੇਜਿੰਦਰ ਨੇ ਦੂਰੀ ਬਣਾਈ ਰੱਖੀ। ਇਸ ਦੌਰਾਨ ਕੁੜੀ ਤੇਜਿੰਦਰ ਦੇ ਪਿੱਛੇ ਮੁਕੇਰੀਆਂ ਗਈ ਤੇ ਇੱਕ ਰੈਸਟੋਰੈਂਟ ਵਿਚ 3 ਘੰਟੇ ਉਨ੍ਹਾਂ ਵਿਚ ਤਕਰਾਰ ਹੋਈ। ਇਸ ਮਗਰੋਂ ਤੇਜਿੰਦਰ ਨੇ ਉਸ ਦੇ ਗਿਫਟ ਵਾਪਸ ਕਰ ਦਿੱਤੇ ਇਸ ਦੌਰਾਨ ਵੀ ਦੋਵਾਂ ਵਿਚ ਬਹਿਸ ਹੋਈ। 18 ਸਤੰਬਰ ਨੂੰ ਤੇਜਿੰਦਰ ‘ਤੇ ਜਾਨਲੇਵਾ ਹਮਲਾ ਕੀਤਾ ਗਿਆ।
ਇਹ ਵੀ ਪੜ੍ਹੋ : 37 ਲੱਖ ਮਹਿਲਾਵਾਂ ਦੇ ਖਾਤਿਆਂ ‘ਚ ਪਹੁੰਚੀ ਦੂਜੀ ਕਿਸ਼ਤ, CM ਮਾਨ ਬੋਲੇ- ‘ਲੋਕਾਂ ਦਾ ਪੈਸਾ, ਲੋਕਾਂ ਦੇ ਨਾਂ’
ਤੇਜਿੰਦਰ ਦੀ ਭੈਣ ਨੇ ਦੱਸਿਆ ਕਿ ਜਦੋਂ ਪੁਲਿਸ ਨੇ ਕੁੜੀ ਨੂੰ ਹਿਰਾਸਤ ਵਿਚ ਲਿਆ ਤਾਂ ਉਸ ਨੇ ਕਬੂਲਿਆ ਕਿ ਉਸ ਨੇ ਸਿਰਫ ਲੱਤਾਂ ਤੋੜਨ ਲਈ ਪੈਸੇ ਦਿੱਤੇ ਸਨ ਉਸ ਦਾ ਸਿਰ ਭੰਨ ਕੇ ਮਾਰ ਸੁੱਟਣ ਲਈ ਨਹੀਂ। ਹਾਲਾਂਕਿ ਮਾਮਲੇ ਨਾਲ ਜੁੜੇ ਇਨ੍ਹਾਂ ਦੋਸ਼ਾਂ ਦੀ ਅੰਤਿਮ ਸੱਚਾਈ ਜਾਂਚ ਅਤੇ ਅਦਾਲਤੀ ਪ੍ਰਕਿਰਿਆ ਤੋਂ ਬਾਅਦ ਹੀ ਸਪੱਸ਼ਟ ਹੋਵੇਗੀ।
ਅੰਤਿਮ ਸਸਕਾਰ ਮਗਰੋਂ ਤੇਜਿੰਦਰ ਦੇ ਪਿਤਾ ਅਤੇ ਪਰਿਵਾਰ ਨੇ ਜਥੇਬੰਦੀਆਂ ਦੇ ਆਗੂਆਂ ਨਾਲ ਇਕਸੁਰ ਹੋ ਕੇ ਕਿਹਾ ਕਿ “ਪੁੱਤ ਦਾ ਸਸਕਾਰ ਤਾਂ ਅੱਜ ਕਰ ਦਿੱਤਾ ਹੈ, ਪਰ ਉਸ ਦੀ ਰੂਹ ਨੂੰ ਸਕੂਨ ਉਦੋਂ ਹੀ ਮਿਲੇਗਾ ਜਦੋਂ ਇਸ ਮਾਮਲੇ ਦਾ ਪੂਰਾ ਸੱਚ ਸਾਹਮਣੇ ਆਵੇਗਾ ਅਤੇ ਪਰਿਵਾਰ ਨੂੰ ਇਨਸਾਫ਼ ਮਿਲੇਗਾ।”
ਉਨ੍ਹਾਂ ਸਪੱਸ਼ਟ ਕੀਤਾ ਕਿ ਜੇਕਰ ਜਾਂਚ ਵਿੱਚ ਕਿਸੇ ਤਰ੍ਹਾਂ ਦੀ ਢਿੱਲ ਜਾਂ ਕੁਤਾਹੀ ਵਰਤੀ ਗਈ ਤਾਂ ਪਰਿਵਾਰ ਅਤੇ ਜਥੇਬੰਦੀਆਂ ਪਿੱਛੇ ਨਹੀਂ ਹਟਣਗੀਆਂ ਅਤੇ ਇਨਸਾਫ਼ ਲਈ ਹਾਈਕੋਰਟ ਤੋਂ ਲੈ ਕੇ ਸੁਪਰੀਮ ਕੋਰਟ ਤੱਕ ਕਾਨੂੰਨੀ ਲੜਾਈ ਲੜੀ ਜਾਵੇਗੀ।
ਵੀਡੀਓ ਲਈ ਕਲਿੱਕ ਕਰੋ -:

Moosewala ਦੇ ਪਰਿਵਾਰ ਬਾਰੇ ਪੁੱਠਾ-ਸਿੱਧਾ ਬੋਲਣ ਵਾਲੇ ਇਸ ਗਾਇਕ ਨੇ ਕੀਤੇ ਸਿੱਧੇ








