starving worker climbed : ਭੁੱਖਮਰੀ ਤੋਂ ਪ੍ਰੇਸ਼ਾਨ ਇਕ ਗ਼ਰੀਬ ਵਿਅਕਤੀ ਆਪਣੀ ਜਾਨ ਦੀ ਪਰਵਾਹ ਕੀਤੇ ਬਗੈਰ ਹਾਈ ਵੋਲਟੇਜ਼ ਦੀਆਂ ਤਾਰਾਂ ਵਾਲੇ ਟਾਵਰ ’ਤੇ ਚੜ੍ਹ ਗਿਆ। ਇਸ ਨਾਲ ਜ਼ਿਲ੍ਹਾ ਪ੍ਰਸ਼ਾਸਨ ਨੂੰ ਇਕ ਵਾਰੀ ਹੱਥਾਂ ਪੈਰਾਂ ਦੀ ਪੈ ਗਈ। ਕਰੀਬ 35 ਫੁੱਟ ਟਾਵਰ ’ਤੇ ਚੜ੍ਹੇ ਵਿਅਕਤੀ ਨੂੰ ਹਾਈ ਵੋਲਟੇਜ਼ ਬਿਜਲੀ ਦੀਆਂ ਤਾਰਾਂ ਅਪਣੀ ਲਪੇਟ ਵਿਚ ਲੈਂਦੀਆਂ, ਉਸ ਤੋਂ ਪਹਿਲਾਂ ਬਿਜਲੀ ਵਿਭਾਗ ਵਲੋਂ ਟਾਵਰ ਦੀ ਬਿਜਲੀ ਸਪਲਾਈ ਬੰਦ ਕਰ ਦਿਤੀ ਗਈ। ਕੋਰੋਨਾ ਵਾਇਰਸ ਕਾਰਨ ਲੱਗੇ ਕਰਫਿਊ ਤੋਂ ਬਾਅਦ ਕਈ ਦਿਨਾਂ ਤੋਂ ਇਕ ਕਮਰੇ ਵਿਚ ਬੰਦ ਰਹਿਣ ਅਤੇ ਪੈਸੇ ਖਤਮ ਹੋਣ ਤੋਂ ਬਾਅਦ ਭੁੱਖ ਨਾਲ ਬੇਹਾਲ ਲਗਭਗ 35 ਸਾਲਾ ਮਜ਼ਦੂਰ ਬੱਸ ਅੱਡੇ ਦੇ ਨੇੜੇ ਇਤਿਹਾਸਕ ਰਾਮ ਤਲਾਈ ਇਲਾਕੇ ਵਿਚ ਸਵੇਰੇ ਕਰੀਬ 7.30 ਵਜੇ ਬਿਜਲੀ ਦੇ ਟਾਵਰ ’ਤੇ ਚੜ੍ਹ ਗਿਆ।
7.30 ਵਜੇ ਬਿਜਲੀ ਦੇ ਟਾਵਰ ‘ਤੇ ਚੜ੍ਹੇ ਇਸ ਮਜ਼ਦੂਰ ਨੂੰ ਪੰਜਾਬ ਪੁਲਿਸ ਨੇ ਉਸ ਨੂੰ ਹੇਠਾਂ ਉਤਾਰਨ ਦੀ ਕੋਸ਼ਿਸ਼ ਕੀਤੀ। ਉਨ੍ਹਾਂ ਨੇ ਉਸ ਨਾਲ ਗੱਲਬਾਤ ਕਰਦਿਆਂ ਉਸ ਨੂੰ ਹਰ ਸੰਭਵ ਸਹੂਲਤ ਦੇਣ ਦਾ ਦਿਲਾਸਾ ਦਿਤਾ। ਟਾਵਰ ਦੇ ਹੇਠਾਂ ਖੜ੍ਹੇ ਲੋਕਾਂ ਨੇ ਉਸ ਨੂੰ ਹੇਠਾਂ ਆਉਣ ਲਈ ਕਿਹਾ। ਕਈ ਭਰੋਸੇ ਵੀ ਦਿੱਤੇ ਕਿ ਉਹ ਉਸ ਦੀ ਆਰਥਿਕ ਮਦਦ ਲਈ ਤਿਆਰ ਹਨ। ਕਈ ਲੋਕਾਂ ਨੇ ਹੱਥਾਂ ਵਿਚ 500-500 ਦੇ ਨੋਟ ਫੜ ਕੇ ਦਿਖਾਏ ਤੇ ਹੇਠਾਂ ਆਉਣ ਨੂੰ ਕਿਹਾ।
ਕਾਫੀ ਦੇਰ ਮਨਾਉਣ ‘ਤੇ ਵੀ ਜਦੋਂ ਮਜ਼ਦੂਰ ਨਹੀਂ ਮੰਨਿਆ ਤਾਂ ਪੁਲਿਸ ਨੇ ਬਲੈਕ ਕਮਾਂਡੋ ਬੁਲਾਏ। ਇਸ ਤੋਂ ਬਾਅਦ ਫਿਰ ਸਪੀਕਰ ਨਾਲ ਮਜ਼ਦੂਰ ਨੂੰ ਹੇਠਾਂ ਆਉਣ ਲਈ ਵਾਰ-ਵਾਰ ਗੁਹਾਰ ਲਗਾਈ ਗਈ। ਜਦੋਂ ਉਹ ਹੇਠਾਂ ਨਹੀਂ ਉਤਰਿਆ ਤਾਂ ਇਕ ਬਲੈਕ ਕਮਾਂਡੋ ਟਾਵਰ ‘ਤੇ ਚੜ੍ਹਿਆ ਅਤੇ ਉਸ ਨੂੰ ਸਮਝਾਇਆ ਅਤੇ ਪਾਣੀ ਵੀ ਪਿਲਾਇਆ। ਉਸ ਤੋਂ ਬਾਅਦ ਹੌਲੀ-ਹੌਲੀ ਉਸ ਨੂੰ ਟਾਵਰ ਤੋਂ ਹੇਠਾਂ ਉਤਾਰਿਆ ਗਿਆ ਅਤੇ ਉਸ ਦੀ ਸਥਿਤੀ ਨੂੰ ਦੇਖਦਿਆਂ ਐਂਬੂਲੈਂਸ ਵਿਚ ਬਿਠਾ ਕੇ ਸਰਕਾਰੀ ਹਸਪਤਾਲ ਲੈ ਜਾਇਆ ਗਿਆ। ਸ਼ਕਲ ਅਤੇ ਭਾਸ਼ਾ ਤੋਂ ਨਜ਼ਰ ਆਉਂਦੇ ਪ੍ਰਵਾਸੀ ਵਿਅਕਤੀ ਦਾ ਕਹਿਣਾ ਸੀ ਕਿ ਕਰਫ਼ਿਊ ਕਾਰਨ ਉਸ ਨੇ ਪਿਛਲੇ ਦਿਨਾਂ ਤੋਂ ਖਾਣਾ ਨਹੀਂ ਖਾਧਾ ਜਿਸ ਕਰ ਕੇ ਉਹ ਕਾਫੀ ਪ੍ਰੇਸ਼ਾਨ ਸੀ। ਟਾਵਰ ਦੇ ਕਰੀਬ ਪਏ ਵਿਅਕਤੀ ਦੇ ਸਾਮਾਨ ਦਾ ਬੈਗ ਵੀ ਪ੍ਰਸ਼ਾਸਨ ਨੇ ਅਪਣੇ ਕਬਜ਼ੇ ਵਿਚ ਲੈ ਲਿਆ।