Punjab Govt announces : ਕੋਰੋਨਾ ਵਾਇਰਸ ਕਾਰਨ ਚੱਲ ਰਹੇ ਲੌਕਡਾਊਨ/ ਕਰਫਿਊ ਦੌਰਾਨ ਮਾਰਚ ਮਹੀਨੇ ਤੋਂ ਬੰਦ ਪੰਜਾਬ ਅਧੀਨ ਚੱਲ ਰਹੇ 23 ਟੋਲ ਪਲਾਜ਼ਿਆਂ ‘ਤੇ ਟੋਲ ਉਗਰਾਹੀ 4 ਮਈ ਤੋਂ ਮੁੜ ਸ਼ੁਰੂ ਹੋ ਜਾਵੇਗੀ। ਇਸ ਦੀ ਜਾਣਕਾਰੀ ਪੰਜਾਬ ਦੇ ਲੋਕ ਨਿਰਮਾਣ ਮੰਤਰੀ ਵਿਜੇ ਇੰਦਰ ਸਿੰਗਲਾ ਨੇ ਦਿੱਤੀ। ਉਨ੍ਹਾਂ ਅੱਗੇ ਦੱਸਿਆ ਕਿ ਦੇਸ਼ ਵਿਆਪੀ ਲੌਕਡਾਊਨ ਦੇ ਚੱਲਦਿਆਂ 27 ਮਾਰਚ ਨੂੰ ਟੋਲ ਪਲਾਜ਼ੇ ਆਰਜ਼ੀ ਤੌਰ ‘ਤੇ ਬੰਦ ਕਰ ਦਿੱਤੇ ਗਏ ਸਨ ਅਤੇ 19 ਅਪ੍ਰੈਲ ਨੂੰ ਟੋਲ ਪਲਾਜ਼ਿਆਂ ਨੂੰ ਬੰਦ ਰੱਖਣ ਦੀ ਮਿਆਦ 3 ਮਈ ਤੱਕ ਵਧਾ ਦਿੱਤੀ ਗਈ ਸੀ। ਸ੍ਰੀ ਵਿਜੇ ਇੰਦਰ ਸਿੰਗਲਾ ਨੇ ਦੱਸਿਆ ਕਿ ਕੋਰੋਨਾ ਵਾਇਰਸ ਨੂੰ ਫੈਲਣ ਤੋਂ ਰੋਕਣ ਸਬੰਧੀ ਕੇਂਦਰ ਅਤੇ ਸੂਬਾ ਸਰਕਾਰ ਵੱਲੋਂ ਜਾਰੀ ਦਿਸ਼ਾ-ਨਿਰਦੇਸ਼ਾਂ ਅਨੁਸਾਰ ਟੋਲ ਅਥਾਰਟੀਆਂ ਨੂੰ ਹਿਦਾਇਤਾਂ ਜਾਰੀ ਕੀਤੀਆਂ ਗਈਆਂ ਹਨ, ਜਿਸ ਅਧੀਨ ਉਨ੍ਹਾਂ ਨੂੰ ਸਮਾਜਿਕ ਦੂਰੀ ਬਣਾਏ ਰੱਖਣ, ਸੈਨੇਟਾਈਜੇਸ਼ਨ, ਵਾਰ-ਵਾਰ ਹੱਥ ਧੋਣ, ਮਾਸਕ ਤੇ ਦਸਤਾਨੇ ਪਹਿਨਣ ਅਤੇ ਹੋਰ ਰੋਕਥਾਮ ਉਪਾਵਾਂ ਨੂੰ ਯਕੀਨੀ ਬਣਾਉਣ ਦੇ ਨਿਰਦੇਸ਼ ਵੀ ਦਿੱਤੇ ਗਏ ਹਨ।
ਲੋਕ ਨਿਰਮਾਣ ਮੰਤਰੀ ਨੇ ਦੱਸਿਆ ਕਿ ਵਿਭਾਗ ਵੱਲੋਂ ਇਸ ਸਬੰਧੀ ਹਿਦਾਇਤਾਂ ਜਾਰੀ ਕੀਤੀਆਂ ਗਈਆਂ ਹਨ ਪਰ ਜੇਕਰ ਕੋਈ ਟੋਲ ਪਲਾਜ਼ਾ ਕੰਟੇਨਮੈਂਟ ਜ਼ੋਨ ਦੇ ਅੰਦਰ ਆਉਂਦਾ ਹੈ ਤਾਂ ਉਹ ਟੋਲ ਪਲਾਜ਼ਾ 17 ਮਈ ਤੱਕ ਆਰਜ਼ੀ ਤੌਰ ‘ਤੇ ਬੰਦ ਰਹੇਗਾ। ਉਨ੍ਹਾਂ ਅੱਗੇ ਦੱਸਿਆ ਕਿ ਭਾਰਤ ਸਰਕਾਰ ਦੇ ਗ੍ਰਹਿ ਮਾਮਲਿਆਂ ਬਾਰੇ ਮੰਤਰਾਲੇ ਅਤੇ ਪੰਜਾਬ ਸਰਕਾਰ ਦੇ ਦਿਸ਼ਾ-ਨਿਰਦੇਸ਼ਾਂ ਅਨੁਸਾਰ ਹੁਣ ਤੱਕ ਕੋਈ ਵੀ ਸਟੇਟ ਟੋਲ ਪਲਾਜ਼ਾ ਕੰਟੇਨਮੈਂਟ ਜ਼ੋਨ ਵਿੱਚ ਨਹੀਂ ਹੈ। ਸ੍ਰੀ ਸਿੰਗਲਾ ਨੇ ਦੱਸਿਆ ਕਿ 3 ਮਈ ਤੱਕ ਮੁਫ਼ਤ ਲਾਂਘਾ ਮੁਹੱਈਆ ਕਰਵਾਉਣ ਤੋਂ ਇਲਾਵਾ ਸੂਬੇ ਦੀਆਂ ਟੋਲ ਪਲਾਜ਼ਾ ਅਥਾਰਟੀਆਂ ਵੱਲੋਂ ਐਮਰਜੈਂਸੀ ਸਪਲਾਈ ਵਾਲੇ ਵਾਹਨਾਂ ਦੇ ਡਰਾਇਵਰਾਂ ਅਤੇ ਟਰੱਕਾਂ ਵਾਲਿਆਂ ਨੂੰ ਮੁਫ਼ਤ ਭੋਜਨ (ਲੰਗਰ) ਦੀ ਸੇਵਾ ਵੀ ਪ੍ਰਦਾਨ ਕੀਤੀ ਗਈ।