Summer Holidays in govt colleges : ਪੰਜਾਬ ਸਰਕਾਰ ਵੱਲੋਂ ਸੂਬੇ ਦੇ ਸਾਰੇ ਸਰਕਾਰੀ ਕਾਲਜਾਂ ਅਤੇ ਯੂਨੀਵਰਸਿਟੀ ਵਿਚ 15 ਮਈ ਤੋਂ 15 ਜੂਨ ਤੱਕ ਗਰਮੀ ਦੀਆਂ ਛੁੱਟੀਆਂ ਕਰਨ ਦਾ ਫੈਸਲਾ ਲਿਆ ਗਿਆ ਹੈ। ਇਸ ਬਾਰੇ ਜਾਣਕਾਰੀ ਉਚੇਰੀ ਸਿੱਖਿਆ ਅਤੇ ਭਾਸ਼ਾਵਾਂ ਮੰਤਰੀ ਤ੍ਰਿਪਤ ਰਜਿੰਦਰ ਸਿੰਘ ਬਾਜਵਾ ਨੇ ਦਿੱਤੀ। ਉਨ੍ਹਾਂ ਅੱਗੇ ਦੱਸਿਆ ਕਿ ਯੂਨੀਵਰਸਿਟੀਆਂ ਅਤੇ ਕਾਲਜਾਂ ਤੋਂ ਮਿਲੀ ਜਾਮਕਾਰੀ ਮੁਤਾਬਕ ਚਾਲੂ ਸਮੈਸਟਰ/ ਕਲਾਸ ਦਾ ਤਕਰੀਬਨ 80 ਫੀਸਦੀ ਸਿਲੇਬਸ ਪੂਰਾ ਹੋ ਚੁੱਕਾ ਹੈ ਅਤੇ ਬਾਕੀ ਰਹਿੰਦਾ ਸਿਲੇਬਸ ਪੂਰਾ ਕਰਨ ਲਈ ਅਧਿਆਪਕਾਂ ਵੱਲੋਂ ਵਿਦਿਆਰਥੀਆਂ ਦੀ ਹਰ ਸੰਭਵ ਤਰੀਕੇ ਨਾਲ ਮਦਦ ਕੀਤੀ ਜਾ ਰਹੀ ਹੈ।
ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੱਲੋਂ ਲੌਕਡਾਊ ਤੋਂ ਬਾਹਰ ਆਉਣ ਲਈ ਬਣਾਈ ਗਈ ਲਖਨਪਾਲ ਕਮੇਟੀ ਅਤੇ ਯੂਨੀਵਰਸਿਟੀ ਗਰਾਂਟਸ ਕਮਿਸ਼ਨ ਦੇ ਦਿਸ਼ਾ- ਨਿਰਦੇਸ਼ਾਂ ਅਨੁਸਾਰ ਯੂਨੀਵਰਸਿਟੀ ਅਤੇ ਕਾਲਜਾਂ ਦੇ ਵਿਦਿਆਰਥੀਆਂ ਦੇ ਇਮਤਿਹਾਨ 1 ਜੁਲਾਈ ਤੋਂ ਲਏ ਜਾ ਸਕਦੇ ਹਨ। ਇਨ੍ਹਾਂ ਦਿਸ਼ਾ- ਨਿਰਦੇਸ਼ਾਂ ਉੱਤੇ ਯੂਨੀਵਰਸਿਟੀਆਂ ਦੇ ਚਾਂਸਲਰਾਂ ਨਾਲ ਹੋਈ ਮੀਟਿੰਗ ਵਿਚ ਇਹ ਵੀ ਸਹਿਮਤੀ ਪ੍ਰਗਟਾਈ ਗਈ ਸੀ ਕਿ ਅਗਲਾ ਅਕਾਦਮਿਕ ਸੈਸ਼ਨਲ ਸਤੰਬਰ ਵਿਚ ਸ਼ੁਰੂ ਕੀਤਾ ਜਾਵੇਗਾ।
ਸ਼੍ਰੀ ਬਾਜਵਾ ਨੇ ਅੱਗੇ ਦੱਸਦਿਆਂ ਕਿਹਾ ਕਿ ਉਪਰੋਕਤ ਹਾਲਾਤ ਦੇ ਮੱਦੇਨਜ਼ਰ ਇਹ ਮਹਿਸੂਸ ਕੀਤਾ ਗਿਆ ਕਿ ਯੂਨੀਵਰਸਿਟੀਆਂ ਅਤੇ ਕਾਲਜਾਂ ਵਿਚ ਹੋਣ ਵਾਲੀਆਂ ਗਰਮੀ ਦੀਆਂ ਛੁੱਟੀਆਂ ਇਨ੍ਹਾਂ ਦਿਨਾਂ ਵਿਚ ਕਰ ਦਿੱਤੀਆਂ ਜਾਣ ਤਾਂਜੋ ਛੁੱਟੀਆਂ ਤੋਂ ਬਾਅਦ ਅਧਿਆਪਕ ਇਮਤਿਹਾਨਾਂ ਅਤੇ ਨਵੇਂ ਦਾਖਲਿਆਂ ਦਾ ਕੰਮ ਕਰਨ ਲਈ ਪੂਰੇ ਤਰੋਤਾਜ਼ਾ ਹੋ ਕੇ ਆਉਣ। ਉਨ੍ਹਾਂ ਕਿਹਾ ਕਿ ਇਹ ਛੁੱਟੀਆਂ ਕਰਨ ਸਬੰਧੀ ਵਿਭਾਗ ਵੱਲੋਂ ਭੇਜੀ ਗਈ ਤਜਵੀਜ਼ ਨੂੰ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੱਲੋਂ ਪ੍ਰਵਾਨਗੀ ਦੇ ਦਿੱਤੀ ਗਈ ਹੈ। ਉਚੇਰੀ ਸਿੱਖਿਆ ਮੰਤਰੀ ਨੇ ਦੱਸਿਆ ਕਿ ਗਰਮੀ ਦੀਆਂ ਛੁੱਟੀਆਂ ਕਰਨ ਸਬੰਧੀ ਸਰਕਾਰ ਦੇ ਹੁਕਮ ਅੱਜ ਯੂਨੀਵਰਸਿਟੀਆਂ ਨੂੰ ਪਹੁੰਚ ਜਾਣਗੇ।