160 illegal Indian : ਅਗਲੇ ਕੁਝ ਦਿਨਾਂ ’ਚ ਅਮਰੀਕਾ ਤੋਂ 160 ਗ਼ੈਰ–ਕਾਨੂੰਨੀ ਪ੍ਰਵਾਸੀਆਂ ਨੂੰ ਭਾਰਤ ਵਾਪਸ ਭੇਜ ਦਿੱਤਾ ਜਾਵੇਗਾ। ਉਹ ਛੇਤੀ ਹੀ ਡੀਪੋਰਟ ਕੀਤੇ ਜਾਣਗੇ। ਇਨ੍ਹਾਂ ਵਿੱਚੋਂ 76 ਹਰਿਆਣੇ ਦੇ ਅਤੇ 56 ਪੰਜਾਬ ਤੋਂ ਹਨ। ਇਨ੍ਹਾਂ ਨੂੰ ਦਰਅਸਲ, ਇਸ ਵੇਲੇ ਕੋਰੋਨਾ ਵਾਇਰਸ ਦੀ ਮਹਾਮਾਰੀ ਦੇ ਚੱਲਦਿਆਂ ਹੋਰਨਾਂ ਦੇਸ਼ਾਂ ’ਚ ਫਸੇ ਭਾਰਤੀਆਂ ਨੂੰ ਵਾਪਸ ਲਿਆਉਣ ਦੀ ਪ੍ਰਕਿਰਿਆ ‘ਵੰਦੇ ਭਾਰਤ’ ਮੁਹਿੰਮ ਦੇ ਨਾਂਅ ਨਾਲ ਚੱਲ ਰਹੀ ਹੈ। ਉਸੇ ਦੌਰਾਨ ਅਮਰੀਕੀ ਅਧਿਕਾਰੀਆਂ ਨੇ ਭਾਰਤ ਦੇ ਵਿਦੇਸ਼ ਮੰਤਰਾਲੇ ਨਾਲ ਇਨ੍ਹਾਂ 161 ਗ਼ੈਰ–ਕਾਨੂੰਨੀ ਭਾਰਤੀਆਂ ਬਾਰੇ ਵੀ ਜਾਣਕਾਰੀ ਸਾਂਝੀ ਕੀਤੀ। ਇਹ ਜਾਣਕਾਰੀ ਪੰਜਾਬ ਤੇ ਹਰਿਆਣਾ ਦੇ ਉੱਚ ਅਧਿਕਾਰੀਆਂ ਨੂੰ ਵਿਦੇਸ਼ ਸਕੱਤਰ ਹਰਸ਼ ਵਰਧਨ ਸ਼੍ਰਿੰਗਲਾ ਨੇ ਦੱਸਿਆ।
ਦੋਵੇਂ ਸੂਬਿਆਂ ਦੇ ਅਧਿਕਾਰੀਆਂ ਨੇ ਆਪਣੇ ਨਾਂਅ ਗੁਪਤ ਰੱਖੇ ਜਾਣ ਦੀ ਸ਼ਰਤ ’ਤੇ ਦੱਸਿਆ ਕਿ 161 ਗ਼ੈਰ–ਕਾਨੂੰਨੀ ਪ੍ਰਵਾਸੀ ਭਾਰਤੀ ਇਸ ਵੇਲੇ ਅਮਰੀਕੀ ਇਮੀਗ੍ਰੇਸ਼ਨ ਤੇ ਕਸਟਮ ਇਨਫ਼ੋਰਸਮੈਂਟ ਦੀ ਹਿਰਾਸਤ ਵਿੱਚ ਹਨ ਤੇ ਟੈਕਸਾਸ, ਏਰੀਜ਼ੋਨਾ, ਕੈਲੀਫ਼ੋਰਨੀਆ, ਨਿਊ ਯਾਰਕ ਤੇ ਵਾਸ਼ਿੰਗਟਨ ਦੇ ਹਿਰਾਸਤੀ ਕੇਂਦਰਾਂ ਵਿੱਚ ਹਨ। ਇਨ੍ਹਾਂ 161 ਗ਼ੈਰ–ਕਾਨੂੰਨੀ ਪ੍ਰਵਾਸੀਆਂ ਦੀ ਭਾਰਤ ਆਮਦ ਕੋਰੋਨਾ–ਲੌਕਡਾਊਨ ਕਾਰਨ ਫਸੇ ਪ੍ਰਵਾਸੀ ਭਾਰਤੀਆਂ ਤੋਂ ਵੱਖਰੀ ਹੋਵੇਗੀ। ਭਾਰਤੀ ਅਧਿਕਾਰੀਆਂ ਨੇ ਇਨ੍ਹਾਂ ਸਭਨਾਂ ਦੇ ਲੋੜੀਂਦੇ ਰਸਮੀ ਦਸਤਾਵੇਜ਼ ਤਿਆਰ ਕਰਨ ਦਾ ਕੰਮ ਸ਼ੁਰੂ ਕਰ ਦਿੱਤਾ ਹੈ। ਇਸ ਲਈ ਖਾਸ ਇੰਤਜ਼ਾਮ ਕੀਤੇ ਜਾ ਰਹੇ ਹਨ।
ਇਨ੍ਹਾਂ ਸਾਰੇ ਵਿਅਕਤੀਆਂ ਨੂੰ ਭਾਰਤ ਪਰਤਣ ’ਤੇ 14 ਦਿਨਾਂ ਲਈ ਕੁਆਰੰਟੀਨ ਕੀਤਾ ਜਾਵੇਗਾ। ਬੀਤੀ 10 ਅਪ੍ਰੈਲ ਨੂੰ ਅਮਰੀਕੀ ਰਾਸ਼ਟਰਪਤੀ ਸ਼੍ਰੀ ਡੋਨਾਲਡ ਟਰੰਪ ਨੇ ਇੱਕ ਹੁਕਮ ਜਾਰੀ ਕੀਤਾ ਸੀ, ਜਿਸ ਤੋਂ ਬਾਅਦ ਇਨ੍ਹਾਂ ਗ਼ੈਰ–ਕਾਨੂੰਨੀ ਪ੍ਰਵਾਸੀ ਭਾਰਤੀਆਂ ਨੂੰ ਜਲਦ ਹੀ ਵਾਪਸ ਭੇਜਣ ਪ੍ਰਕਿਰਿਆ ਸ਼ੁਰੂ ਕਰ ਦਿੱਤੀ ਗਈ ਹੈ ਪਰ ਵਤਨ ਪਰਤਣ ‘ਤੇ ਇਨ੍ਹਾਂ ਨੂੰ ਪਹਿਲਾਂ ਏਕਾਂਤਵਾਸ ਦੀ ਪ੍ਰਕਿਰਿਆ ਨੂੰ ਪੂਰਾ ਕਰਨਾ ਹੋਵੇਗਾ ਤਾਂ ਹੀ ਇਹ ਆਪਣੀ ਘਰ ਵਾਪਸੀ ਕਰ ਸਕਦੇ ਹਨ।