Tarn Taran police bust : ਡੀਜੀਪੀ ਦਿਨਕਰ ਗੁਪਤਾ ਨੇ ਦੱਸਿਆ ਕਿ ਤਰਨਤਾਰਨ ਪੁਲਿਸ ਵਲੋਂ ਨਾਰਕੋ ਗੈਂਗਸਟਰ ਦਾ ਪਰਦਾਫਾਸ਼ ਕੀਤਾ ਗਿਆ ਹੈ। ਦੋਸ਼ੀਆਂ ਕੋਲੋਂ 6 ਨਾਜਾਇਜ਼ ਹਥਿਆਰ ਜ਼ਬਤ ਕੀਤੇ ਗਏ ਹਨ, ਅਤੇ ਉਨ੍ਹਾਂ ਖਿਲਾਫ਼ ਥਾਣਾ ਭਿੱਖੀਵਿੰਡ ਵਿਖੇ ਐੱਨ. ਡੀ. ਪੀ. ਸੀ. ਐਕਟ ਦੀ ਧਾਰਾ 27, ਆਰਮਜ਼ ਐਕਟ ਦੀ ਧਾਰਾ 25, 54, 59, ਆਈਪੀਸੀ 188, 269, 270, 506 ਅਤੇ ਆਪਦਾ ਪ੍ਰਬੰਧਨ ਦੀ ਧਾਰਾ 51 ਬੀ ਤਹਿਤ ਕੇਸ ਦਰਜ ਕੀਤਾ ਗਿਆ ਹੈ। ਉਨ੍ਹਾਂ ਕੋਲੋਂ ਬਰਾਮਦ ਕੀਤੇ ਗਏ ਹਥਿਆਰਾਂ ਵਿੱਚ 12 ਬੋਰ ਦੀ ਦੁਨਾਲੀ ਰਾਈਫਲ, ਇੱਕ 32 ਬੋਰ ਦੀ ਬੈਰੇਟਾ ਪਿਸਤੌਲ, ਦੋ 32 ਬੋਰ ਪਿਸਤੌਲ, ਇੱਕ 12 ਬੋਰ ਦੀ ਪਿਸਤੌਲ ਅਤੇ ਇੱਕ 315 ਬੋਰ ਪਿਸਤੌਲ ਸਮੇਤ 315 ਬੋਰ ਦੇ 2 ਜਿੰਦਾ ਕਾਰਤੂਸ ਅਤੇ 32 ਬੋਰ ਦੇ 2 ਜਿੰਦਾ ਕਾਰਤੂਸ ਸ਼ਾਮਲ ਹਨ।
ਦੋਸ਼ੀ ਗੁਰਪ੍ਰੀਤ ‘ਤੇ ਜੇਲ੍ਹ ਵਿੱਚ ਬੰਦ ਕਈ ਗੈਂਗਸਟਰਾਂ ਅਤੇ ਨਸ਼ਾ ਤਸਕਰਾਂ ਨਾਲ ਸਿੱਧੇ ਸੰਪਰਕ ਹੋਣ ਦਾ ਦੋਸ਼ ਵੀ ਸੀ। ਇਸ ਸਬੰਧੀ ਵੇਰਵੇ ਦਿੰਦਿਆਂ ਡੀਜੀਪੀ ਨੇ ਦੱਸਿਆ ਕਿ ਗੁਰਪ੍ਰੀਤ ਸਿੰਘ ਦੀ ਪੁੱਛਗਿੱਛ ਤੋਂ ਪਤਾ ਲੱਗਾ ਹੈ ਕਿ ਉਹ ਸ਼ੁਭਮ ਨਾਲ ਸਿੱਧਾ ਸੰਪਰਕ ਵਿੱਚ ਸੀ, ਉਹ ਬਟਾਲਾ ਦਾ ਇੱਕ ਗੈਂਗਸਟਰ ਸੀ ਅਤੇ 2018 ਵਿਚ ਅੰਮ੍ਰਿਤਸਰ ਵਿਚ ਇੱਕ ਗਹਿਣਿਆਂ ਦੀ ਦੁਕਾਨ ਤੋਂ 7 ਕਰੋੜ ਰੁਪਏ ਦੀ ਹਥਿਆਰਬੰਦ ਲੁੱਟ ਦੇ ਮਾਮਲੇ ਵਿੱਚ ਮੁੱਖ ਮੁਲਜ਼ਮ ਸੀ। ਡੀਜੀਪੀ ਨੇ ਅੱਗੇ ਦੱਸਿਆ ਕਿ SSP ਧਰੁਵ ਧਈਆ ਦੀ ਅਗਵਾਈ ਵਾਲੀ ਟੀਮ ਵੱਲੋਂ ਕੀਤੀ ਗਈ ਜਾਂਚ ਦੇ ਅਧਾਰ ‘ਤੇ ਗਿਰੋਹ ਦੇ ਤਿੰਨ ਹੋਰ ਸਾਥੀ, ਸਾਰੇ ਵਾਸੀ ਫਿਰੋਜ਼ਪੁਰ ਦੀ ਪਛਾਣ ਕੀਤੀ ਗਈ ਹੈ। ਉਹ ਤਰਨਤਾਰਨ ਦੇ ਹਰੀਕੇ, ਪੱਟੀ ਅਤੇ ਭਿੱਖੀਵਿੰਡ ਖੇਤਰਾਂ ਵਿੱਚ ਹਥਿਆਰਾਂ ਦੀ ਸਪਲਾਈ ਵਿੱਚ ਸਰਗਰਮੀ ਨਾਲ ਸ਼ਾਮਲ ਪਾਏ ਗਏ। ਉਨ੍ਹਾਂ ਦੱਸਿਆ ਕਿ ਸ਼ੁਭਮ ਦੇ ਅਹਿਮ ਸਾਥੀ ਵਜੋਂ ਥਾਣਾ ਆਰਿਫਕੇ, ਫਿਰੋਜ਼ਪੁਰ ਅਧੀਨ ਪੈਂਦੇ ਪਿੰਡ ਕਟੌਰਾ ਦੇ ਸੂਰੀਆ ਦੀ ਪਛਾਣ ਕੀਤੀ ਗਈ ਜੋ ਕਿ ਗੁਰਪ੍ਰੀਤ ਸਿੰਘ ਨਾਲ ਤਾਲਮੇਲ ਨਾਲ ਨਾਜਾਇਜ਼ ਹਥਿਆਰਾਂ ਦੀ ਸਪਲਾਈ ਵਿੱਚ ਸ਼ਾਮਲ ਸੀ।
ਡੀਜੀਪੀ ਨੇ ਦੱਸਿਆ ਕਿ ਦੋਸ਼ੀ ਗੁਰਪ੍ਰੀਤ ਸਿੰਘ ਅਤੇ ਉਸਦੇ ਸਾਥੀਆਂ ਦੇ ਮੋਬਾਈਲ ਉਪਕਰਣਾਂ ਦੀ ਡੂੰਘਾਈ ਫੋਰੈਂਸਿਕ ਅਤੇ ਤਕਨੀਕੀ ਵਿਸ਼ਲੇਸ਼ਣ ਕੀਤਾ ਜਾ ਰਿਹਾ ਹੈ। ਗੈਂਗਸਟਰ ਸ਼ੁਭਮ ਅਤੇ ਅਟਾਰੀ ਸਰਹੱਦ ਤੋਂ ਆਏ 532 ਕਿਲੋ ਹੈਰੋਇਨ ਦੇ ਮੁਲਜ਼ਮ ਸਣੇ ਵੱਡੇ ਨਸ਼ਾ ਤਸਕਰਾਂ ਨਾਲ ਇਸ ਗਿਰੋਹ ਦੇ ਸਬੰਧਾਂ ਦੀ ਵੀ ਹੋਰ ਜਾਂਚ ਕੀਤੀ ਜਾ ਰਹੀ ਹੈ। ਡੀਜੀਪੀ ਨੇ ਅੱਗੇ ਦੱਸਿਆ ਕਿ ਜ਼ਿਲ੍ਹਾ ਪੁਲਿਸ ਵੱਲੋਂ ਨਸ਼ਿਆਂ ਖਿਲਾਫ਼ ਕਾਰਵਾਈ ਤੋਂ ਇਲਾਵਾ 13 ਨਾਜਾਇਜ਼ ਹਥਿਆਰ ਵੀ ਬਰਾਮਦ ਕੀਤੇ ਗਏ ਹਨ ਅਤੇ ਕਰਫਿਊ ਲਗਾਉਣ ਤੋਂ ਬਾਅਦ ਗੈਂਗਸਟਰਾਂ ਅਤੇ ਗੈਰ ਕਾਨੂੰਨੀ ਹਥਿਆਰਾਂ ਦੀ ਤਸਕਰੀ ਵਿਰੁੱਧ ਜ਼ਿਲ੍ਹਾ ਪੁਲਿਸ ਵੱਲੋਂ ਜ਼ੀਰੋ ਟੌਲਰੈਂਸ ਤਰੀਕੇ ਨਾਲ ਕਾਰਵਾਈ ਕੀਤੀ ਜਾ ਰਹੀ ਹੈ।