Drinking beer in a : ਸ਼ਰਾਬ ਪੀਣੀ ਸਿਹਤ ਲਈ ਹਾਨੀਕਾਰਕ ਹੈ ਪਰ ਜ਼ਰੂਰਤ ਤੋਂ ਵਧ ਪੀਣ ਨਾਲ ਕਦੇ-ਕਦੇ ਇਹ ਸਾਡੀ ਜਾਨ ਲਈ ਵੀ ਜੋਖਿਮ ਬਣੀ ਸਕਦੀ ਹੈ। ਅਜਿਹੀ ਹੀ ਇਕ ਘਟਨਾ ਫਿਲੌਰ ਵਿਖੇ ਵਾਪਰੀ ਜਿਥੇ ਇਕ ਸ਼ਰਾਬੀ ਜਦੋਂ ਨਸ਼ੇ ਵਿਚ ਰਾਤ ਨੂੰ ਬੀੜੀ ਪੀਣ ਲੱਗਾ ਤਾਂ ਉਸ ਨੂੰ ਇੰਨਾ ਵੀ ਪਤਾ ਨਹੀਂ ਲੱਗਾ ਕਿ ਉਸ ਬੀੜੀ ਨਾਲ ਉਸ ਦੇ ਖੁਦ ਦੇ ਬਿਸਤਰੇ ਨੂੰ ਅੱਗ ਲੱਗ ਗਈ। ਜਿਸ ਕਾਰਨ ਉਹ 65 ਫੀਸਦੀ ਸੜ ਗਿਆ ਸ਼ਰਾਬੀ ਦੀ ਪਛਾਣ ਪਿੰਡ ਗੰਨਾ ਦੇ ਰਹਿਣ ਵਾਲੇ ਧਰਮਿੰਦਰ (30) ਵਜੋਂ ਹੋਈ ਹੈ। ਮਿਲੀ ਜਾਣਕਾਰੀ ਮੁਤਾਬਕ ਉਹ ਪੱਲੇਦਾਰੀ ਦਾ ਕੰਮ ਕਰਦਾ ਹੈ। ਉਸ ਦੀ ਹਾਲਤ ਗੰਭੀਰ ਦੱਸੀ ਜਾ ਰਹੀ ਹੈ।
ਧਰਮਿੰਦਰ ਦੀ ਪਤਨੀ ਨੇ ਦੱਸਿਆ ਕਿ ਕਲ ਸ਼ਾਮ ਜਦੋਂ ਉਹ ਘਰ ਵਾਪਸ ਆਇਆ ਤਾਂ ਉਸ ਨੇ ਬਹੁਤ ਸ਼ਰਾਬ ਪੀਤੀ ਹੋਈ ਸੀ। ਉਹ ਖਾਣਾ ਖਾਂਦੇ ਸਾਰ ਹੀ ਕਮਰੇ ਵਿਚ ਸੌਣ ਲਈ ਚਲਾ ਗਿਆ ਤੇ ਉਸ ਦੀ ਪਤਨੀ ਦੋਵੇਂ ਬੇਟੀਆਂ ਨੂੰ ਲੈ ਕੇ ਦੂਜੇ ਕਮਰੇ ਵਿਚ ਚਲੀ ਗਈ। ਰਾਤ ਨੂੰ ਲਗਭਗ 10 ਵਜੇ ਉਸ ਨੂੰ ਕਿਸੇ ਚੀਜ਼ ਦੇ ਸੜਨ ਦੀ ਬਦਬੂ ਆਉਣ ਲੱਗੀ। ਜਦੋਂ ਉਸ ਨੇ ਉਠ ਕੇ ਦੇਖਿਆ ਤਾਂ ਧੂੰਆਂ ਉਸ ਦੇ ਪਤੀ ਦੇ ਕਮਰੇ ‘ਚੋਂ ਨਿਕਲ ਰਿਹਾ ਸੀ ਜਿਥੇ ਉਸ ਦਾ ਪਤੀ ਸੁੱਤਾ ਪਿਆ ਸੀ। ਧੂੰਆਂ ਦੇਖਕੇ ਉਸ ਨੇ ਦਰਵਾਜ਼ਾ ਖੋਲ੍ਹਿਆ ਤਾਂ ਉਹ ਹੈਰਾਨ ਰਹਿ ਗਈ। ਪੂਰੇ ਕਮਰੇ ‘ਚ ਧੂੰਆਂ ਹੀ ਧੂੰਆਂ ਸੀ ਤੇ ਪੂਰੇ ਕਮਰੇ ਵਿਚ ਅੱਗ ਫੈਲੀ ਹੋਈ ਸੀ ਤੇ ਪਤੀ ਬੇਹੋਸ਼ ਪਿਆ ਹੋਇਆ ਸੀ।
ਉਸ ਨੇ ਦੱਸਿਆ ਕਿ ਘਰ ਵਿਚ ਉਸ ਦੀਆਂ ਦੋ ਬੇਟੀਆਂ ਤੋਂ ਇਲਾਵਾ ਇਕ ਬਜ਼ੁਰਗ ਸੱਸ ਵੀ ਹੈ। ਜਦੋਂ ਉਸ ਨੇ ਪੂਰੇ ਕਮਰੇ ਵਿਚ ਅੱਗ ਦੇਖ ਕੇ ਰੌਲਾ ਪਾ ਦਿੱਤਾ। ਜਿਸ ਨਾਲ ਗੁਆਂਢੀ ਇਕੱਠੇ ਹੋ ਗਏ ਅਤੇ ਉਨ੍ਹਾਂ ਨੇ ਘਰ ਦੀ ਅੱਗ ਬੁਝਾਉਣੀ ਸ਼ੁਰੂ ਕਰ ਦਿੱਤੀ ਤੇ ਉਸ ਦੇ ਪਤੀ ਨੂੰ ਕਮਰੇ ‘ਚੋਂ ਬਾਹਰ ਕੱਢਿਆ। ਗੁਆਂਢੀਆਂ ਨੇ ਪਾਣੀ ਪਾ ਕੇ ਅੱਗ ਨੂੰ ਬੁਝਾਇਆ ਪਰ ਧਰਮਿੰਦਰ ਅੱਗ ਨਾਲ ਲਗਭਗ 65 ਫੀਸਦੀ ਸੜ ਚੁੱਕਾ ਸੀ ਜਿਸ ਕਾਰਨ ਉਸ ਨੂੰ ਤੁਰੰਤ ਸਿਵਲ ਹਸਪਤਾਲ ਵਿਖੇ ਭਰਤੀ ਕਰਵਾਇਆ ਗਿਆ ਜਿਥੇ ਉਸ ਦੀ ਹਾਲਤ ਗੰਭੀਰ ਦੱਸੀ ਜਾ ਰਹੀ ਹੈ। ਜਦੋਂ ਧਰਮਿੰਦਰ ਤੋਂ ਇਸ ਬਾਰੇ ਪੁੱਛਿਆ ਗਿਆ ਤਾਂ ਉਸ ਨੇ ਦੱਸਿਆ ਕਿ ਮੈਨੂੰ ਤਾਂ ਸਿਰਫ ਇੰਨਾ ਹੀ ਯਾਦ ਹੈ ਕਿ ਰਾਤ ਨੂੰ ਮੈਂ ਸੌਣ ਸਮੇਂ ਬੀੜੀ ਜਲਾਈ ਸੀ, ਜਿਸ ਕਾਰਨ ਹੋ ਸਕਦਾ ਹੈ ਕਿ ਕਮਰੇ ਵਿਚ ਅੱਗ ਲੱਗ ਗਈ।