arman hospital blast: ਜਲੰਧਰ : ਪੁਲਿਸ ਕਮਿਸ਼ਨਰ ਜਲੰਧਰ ਸ੍ਰੀ ਗੁਰਪ੍ਰੀਤ ਸਿੰਘ ਭੁੱਲਰ ਨੇ ਦੱਸਿਆ ਕਿ ਸਥਾਨਕ ਹਸਪਤਾਲ ਵਿਖੇ ਦੋ ਇਲੈਕਟਰਿਕ ਮੈਕੈਨਿਕ ਏਅਰ ਕੰਡੀਸ਼ਨਿੰਗ (ਏ.ਸੀ.) ਦੀ ਮੁਰੰਮਤ ਕਰਦੇ ਸਮੇਂ ਹੋਏ ਧਮਾਕੇ ਦੌਰਾਨ ਜਖ਼ਮੀ ਹੋ ਗਏ। ਪੁਲਿਸ ਕਮਿਸ਼ਨਰ ਨੇ ਦੱਸਿਆ ਕਿ ਇਹ ਧਮਾਕਾ ਅਰਮਾਨ ਹਸਪਤਾਲ ਨੇੜੇ ਫੁੱਟਬਾਲ ਚੌਕ ਵਿਖੇ ਅੱਜ ਸ਼ਾਮ ਕਰੀਬ 6.45 ਵਜੇ ਏਅਰ ਕੰਡੀਸ਼ਨਿਗ ਯੂਨਿਟ ਦੇ ਕੰਪ੍ਰੈਸ਼ਰ ਵਿੱਚ ਮੁਰੰਮਤ ਦੌਰਾਨ ਹੋਇਆ। ਉਨ੍ਹਾਂ ਦੱਸਿਆ ਕਿ ਘਟਨਾ ਸਬੰਧੀ ਜਾਣਕਾਰੀ ਮਿਲਦਿਆਂ ਹੀ ਸਹਾਇਕ ਕਮਿਸ਼ਨਰ ਪੁਲਿਸ ਸ੍ਰੀ ਹਰਸਿਮਰਤ ਸਿੰਘ ਅਤੇ ਐਸ.ਐਚ.ਓ. ਸ੍ਰੀ ਸੁਖਬੀਰ ਸਿੰਘ ਭੁੱਲਰ ਡਵੀਜ਼ਨ ਨੰਬਰ-2 ਵਲੋਂ ਮੌਕੇ ’ਤੇ ਪਹੁੰਚ ਕੇ ਮਾਮਲੇ ਸਬੰਧੀ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ। ਉਨ੍ਹਾਂ ਦੱਸਿਆ ਕਿ ਧਮਾਕੇ ਦੌਰਾਨ ਦੋ ਇਲੈਕਟ੍ਰਿਕ ਮਕੈਨਿਕ ਜਿਨਾਂ ਦੀ ਪਹਿਚਾਣ ਸੰਕੇਤ ਸਿੰਘ ਅਤੇ ਨਰੇਸ਼ ਕੁਮਾਰ ਵਲੋਂ ਹੋਈ ਹੈ ਗੰਭੀਰ ਜਖ਼ਮੀ ਹੋ ਗਏ। ਪੁਲਿਸ ਕਮਿਸ਼ਨਰ ਨੇ ਦੱਸਿਆ ਕਿ ਜਖ਼ਮੀ ਹੋਏ ਦੋਵਾਂ ਵਿਅਕਤੀਆਂ ਨੂੰ ਉਸੇ ਹਸਪਤਾਲ ਵਿਖੇ ਦਾਖਲ ਕਰ ਦਿੱਤਾ ਗਿਆ ਹੈ ਜਿਥੇ ਉਨਾਂ ਦਾ ਇਲਾਜ ਚੱਲ ਰਿਹਾ ਹੈ। ਉਨ੍ਹਾਂ ਦੱਸਿਆ ਕਿ ਪੁਲਿਸ ਵਲੋਂ ਸਾਰੇ ਮਾਮਲੇ ਸਬੰਧੀ ਜਾਂਚ ਕੀਤੀ ਜਾ ਰਹੀ ਹੈ ਅਤੇ ਕਾਨੂੰਨ ਅਨੁਸਾਰ ਯੋਗ ਕਾਰਵਾਈ ਕੀਤੀ ਜਾਵੇਗੀ।