NRI couple brutally murdered : ਇਕ ਪਾਸੇ ਜਿਥੇ ਪੂਰੇ ਪੰਜਾਬ ਵਿਚ ਲੌਕਡਾਊਨ ਚੱਲ ਰਿਹਾ ਹੈ ਉਥੇ ਦੂਜੇ ਪਾਸੇ ਸੂਬੇ ਵਿਚ ਕਤਲ ਵਰਗੀਆਂ ਵਾਰਦਾਤਾਂ ਘਟਣ ਦਾ ਨਾਂ ਨਹੀਂ ਲੈ ਰਹੀਆਂ। ਅੱਜ ਫਗਵਾੜਾ ਵਿਖੇ ਇਕ ਅਜਿਹੀ ਹੀ ਘਟਨਾ ਸਾਹਮਣੇ ਆਈ ਹੈ ਜਿਥੇ ਫਗਵਾੜਾ ਦੇ ਉਂਕਾਰ ਨਗਰ ਵਿਚ NRI ਪਤੀ ਪਤਨੀ ਦਾ ਬੜੀ ਬੇਰਹਿਮੀ ਨਾਲ ਕਤਲ ਕਰ ਦਿੱਤਾ ਗਿਆ ਹੈ।
ਮ੍ਰਿਤਕਾਂ ਦੀ ਪਛਾਣ ਕਿਰਪਾਲ ਸਿੰਘ ਅਤੇ ਉਸ ਦੀ ਪਤਨੀ ਦਵਿੰਦਰ ਕੌਰ ਦੇ ਰੂਪ ਵਜੋਂ ਹੋਈ ਹੈ ਜੋ ਕਿ 6 ਮਹੀਨੇ ਪਹਿਲਾਂ ਵਿਦੇਸ਼ ਵਿਚੋਂ ਵਾਪਸ ਪਰਤੇ ਸਨ। ਪਤਾ ਲੱਗਾ ਹੈ ਕਿ NRI ਦੇ ਘਰ ਕਿਰਾਏਦਾਰ ਵੀ ਰਹਿ ਰਹੇ ਸਨ, ਜੋ ਹੁਣ ਫਰਾਰ ਹਨ। ਇਸ ਘਟਨਾ ਬਾਰੇ ਉਦੋਂ ਪਤਾ ਚੱਲਿਆ ਜਦੋਂ ਗੁਆਂਢੀਆਂ ਨੇ ਕਾਫੀ ਚਿਰ ਉਨ੍ਹਾਂ ਦੇ ਘਰੋਂ ਕਿਸੇ ਨੂੰ ਨਿਕਲਦੇ ਨਹੀਂ ਦੇਖਿਆ ਅਤੇ ਸ਼ੱਕ ਹੋਣ ਇਸ ਦੀ ਸੂਚਨਾ ਪੁਲਿਸ ਨੂੰ ਦਿੱਤੀ । ਪੁਲਿਸ ਨੇ ਜਦੋਂ ਘਰ ਜਾ ਕੇ ਦੇਖਿਆ ਪਤੀ ਪਤਨੀ ਦੀਆਂ ਲਾਸ਼ਾਂ ਪਈਆਂ ਸਨ।ਇਸ ਬਾਰੇ ਨਗਰ ਨਿਵਾਸੀ ਗੁਰਚਰਨ ਸਿੰਘ ਨੇ ਦੱਸਿਆ ਕਿ ਐਨਆਰਆਈ ਦਵਿੰਦਰ ਕੌਰ ਅਤੇ ਉਸ ਦੀਆਂ ਸਹੇਲੀਆ ਹਰ ਰੋਜ ਗੁਰਦੁਆਰੇ ਜਾਂਦੀਆ ਸਨ ਪਰ ਪਿਛਲੇ ਦੋ ਦਿਨ ਤੋਂ ਉਨ੍ਹਾਂ ਨੂੰ ਨਹੀਂ ਦੇਖਿਆ ਸੀ ਜਿਸ ਤੋਂ ਬਾਅਦ ਘਰ ਦਾ ਦਰਵਾਜਾ ਖੜਕਾਇਆ ਸੀ ਪਰ ਕਿਰਾਏਦਾਰ ਨੇ ਇਹ ਕਹਿ ਕੇ ਮੋੜ ਦਿੱਤਾ ਕਿ ਉਹ ਸੌ ਰਹੇ ਹਨ। ਇਸ ਤੋਂ ਬਾਅਦ ਸਾਨੂੰ ਸ਼ੱਕ ਹੋ ਗਿਆ ਅਤੇ ਪੁਲਿਸ ਨੂੰ ਸੂਚਿਤ ਕੀਤਾ।
ਪੁਲਿਸ ਅਧਿਕਾਰੀ ਨੇ ਦੱਸਿਆ ਕਿ ਮ੍ਰਿਤਕਾਂ ਦੀਆਂ ਲਾਸ਼ਾਂ ਕਬਜੇ ਵਿਚ ਲੈ ਕੇ ਪੋਸਟਮਾਰਟਮ ਲਈ ਭੇਜ ਦਿੱਤੀਆਂ ਹਨ ਅਤੇ ਮਾਮਲਾ ਦਰਜ ਕਰ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਪੁਲਿਸ ਨੂੰ ਵੀ ਕਿਰਾਏਦਾਰਾਂ ਉਤੇ ਸ਼ੱਕ ਹੈ। ਪੁਲਿਸ ਵਲੋਂ ਜਾਂਚ ਕੀਤੀ ਜਾ ਰਹੀ ਹੈ। ਛਾਣਬੀਣ ਤੋਂ ਬਾਅਦ ਹੀ ਸੱਚ ਸਾਹਮਣੇ ਆਏਗਾ ਅਤੇ ਦੋਸ਼ੀ ਵਿਅਕਤੀ ਵਿਰੁੱਧ ਕਾਰਵਾਈ ਕੀਤੀ ਜਾਵੇਗੀ।