Ludhiana: Gangster Jatinder Singh : ਗੈਂਗਸਟਰ ਜਤਿੰਦਰ ਸਿੰਘ ਵਲੋਂ ਪੈਸਿਆਂ ਦੇ ਲੈਣ-ਦੇਣ ਨੂੰ ਲੈਕੇ ਹੋਏ ਝਗੜੇ ਵਿਚ ਗੋਲੀ ਚਲਾਈ ਗਈ ਪਰ ਗਨੀਮਤ ਰਹੀ ਕਿ ਉਕਤ ਨੌਜਵਾਨ ਵਾਲ-ਵਾਲ ਬਚ ਗਿਆ। ਜਤਿੰਦਰ ਸਿੰਘ ਉਰਫ ਜਿੰਦੀ ‘ਤੇ ਪਹਿਲਾਂ ਤੋਂ ਹੀ ਅੱਧਾ ਦਰਜਨ ਤੋਂ ਵਧ ਲੋਕਾਂ ‘ਤੇ ਹਮਲੇ ਦੀ ਕੋਸ਼ਿਸ਼ ਤੇ ਆਰਮਜ਼ ਐਕਟ ਤਹਿਤ ਕਈ ਧਾਰਾਵਾਂ ਅਧੀਨ ਕੇਸ ਚੱਲ ਰਹੇ ਹਨ। ਉਕਤ ਘਟਨਾ ਦੀ ਜਾਣਕਾਰੀ ਥਾਣਾ ਇੰਚਾਰਜ ਸੁਖਦੇਵ ਰਾਜ ਨੇ ਦਿੱਤੀ।
ਘਟਨਾ ਬਾਰੇ ਦੱਸਦਿਆਂ ਥਾਣਾ ਇੰਚਾਰਜ ਨੇ ਕਿਹਾ ਕਿ ਜਤਿੰਦਰ ਸਿੰਘ ਦਾ ਮਾਇਆਪੁਰੀ ਦੇ ਕੁਲਦੀਪ ਸਿੰਘ ਦੇ ਪੁੱਤਰ ਜਸਪ੍ਰੀਤ ਨਾਲ ਪੈਸਿਆਂ ਨੂੰ ਲੈ ਕੇ ਕੁਝ ਝਗੜਾ ਚੱਲ ਰਿਹਾ ਸੀ ਤੇ ਕਲ ਰਾਤ ਲਗਭਗ ਸਾਢੇ ਅੱਠ ਵਜੇ ਜਤਿੰਦਰ ਤੇ ਉਸ ਦੇ ਸਾਥੀਆਂ ਨੇ ਜਸਪ੍ਰੀਤ ਸਿੰਘ ਨੂੰ ਘੇਰ ਲਿਆ ਅਤੇ ਉਸ ‘ਤੇ ਹਮਲਾ ਕਰ ਦਿੱਤਾ। ਜਸਪ੍ਰੀਤ ਨੇ ਕਿਸੇ ਤਰ੍ਹਾਂ ਆਪਣੀ ਜਾਨ ਬਚਾਈ ਪਰ ਜਦੋਂ ਇਸ ਘਟਨਾ ਦਾ ਪਤਾ ਜਸਪ੍ਰੀਤ ਦੇ ਪਿਤਾ ਕੁਲਦੀਪ ਨੂੰ ਲੱਗਾ ਤਾਂ ਉਹ ਗੱਡੀ ਲੈ ਕੇ ਜਿੰਦੀ ਕੋਲ ਗਿਆ। ਜਿੰਦੀ ਨੇ ਆਪਣੇ ਆਪ ਜਦੋਂ ਘਿਰਦੇ ਹੋਏ ਦੇਖਿਆ ਤਾਂ ਉਸ ਨੇ ਕਤਲ ਦੇ ਇਰਾਦੇ ਨਾਲ ਕੁਲਦੀਪ ‘ਤੇ ਗੋਲੀਆਂ ਚਲਾ ਦਿੱਤੀਆਂ, ਜਿਸ ਵਿਚ ਕੁਲਦੀਪ ਵਾਲ-ਵਾਲ ਬਚਿਆ। ਗੋਲੀ ਮਾਰਨ ਤੋਂ ਬਾਅਦ ਗੈਂਗਸਟਰ ਜਤਿੰਦਰ ਮੌਕੇ ਤੋਂ ਫਰਾਰ ਹੋ ਗਿਆ। ਥਾਣਾ ਇੰਚਾਰਜ ਸੁਖਦੇਵ ਨੇ ਦੱਸਿਆ ਕਿ ਜਿੰਦੀ, ਗੌਰਵ ਡਾਂਗ, ਪੰਮਾ, ਸੰਨੀ ਦੇ ਉਸ ਦੇ ਸਾਥੀਆਂ ਖਿਲਾਫ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ। ਪੁਲਿਸ ਜਦੋਂ ਘਟਨਾ ਵਾਲੀ ਥਾਂ ‘ਤੇ ਪੁੱਜੀ ਤਾਂ ਉਨ੍ਹਾਂ ਨੂੰ ਉਥੋਂ 32 ਬੋਰ ਦਾ ਕਾਰਤੂਸ ਮਿਲਿਆ ਹੈ ਜਿਸ ਨੂੰ ਪੁਲਿਸ ਨੇ ਆਪਣੇ ਕਬਜ਼ੇ ਵਿਚ ਲੈ ਲਿਆ ਹੈ ਤੇ ਪੁਲਿਸ ਵਲੋਂ ਦੋਸ਼ੀਆਂ ਖਿਲਾਫ ਕਾਰਵਾਈ ਕੀਤੀ ਜਾ ਰਹੀ ਹੈ।