5 masked bank robbers : ਫਰੀਦਕੋਟ ਵਿਖੇ ਵੱਡੀ ਲੁੱਟ ਦੀ ਵਾਰਦਾਤ ਦੀ ਸੂਚਨਾ ਮਿਲੀ ਹੈ। ਮਿਲੀ ਜਾਣਕਾਰੀ ਮੁਤਾਬਕ ਫਰੀਦਕੋਟ ਨੇੜਲੇ ਪਿੰਡ ਟਹਿਣਾ ਵਿਖੇ ਕਲ 5 ਨਕਾਬਪੋਸ਼ ਵਿਅਕਤੀਆਂ ਵਲੋਂ ਇੰਡਸਲੈਂਡ ਬੈਂਕ ਦੀ ਬ੍ਰਾਂਚ ਵਿਚ 3.5 ਲੱਖ ਰੁਪਏ ਲੁੱਟ ਕੇ ਲੈ ਗਏ। ਇਸ ਤੋਂ ਇਲਾਵਾ ਨਕਾਬਪੋਸ਼ਾਂ ਨੇ ਬੈਂਕ ਦੀ ਮੁਲਾਜ਼ਮ ਦੀ ਸੋਨੇ ਦੀ ਚੇਨ ਤੇ ਅੰਗੂਠੀ ਤੋਂ ਇਲਾਵਾ ਹੋਰਨਾਂ ਤਿੰਨ ਜਣਿਆਂ ਦੇ 3 ਮੋਬਾਈਲ ਵੀ ਖੋਹ ਕੇ ਲੈ ਗਏ।
ਬੈਂਕ ਦੀ ਕੈਸ਼ੀਅਰ,ਵਰਿੰਦਰ ਕੌਰ ਨੇ ਦੱਸਿਆ ਕਿ ਕਲ ਲਗਭਗ ਦੁਪਿਹਰ 1 ਵਜੇ 4 ਨਕਾਬਪੋਸ਼ ਬੈਂਕ ਅੰਦਰ ਦਾਖਲ ਹੋਏ ਅਤੇ ਇਨ੍ਹਾਂ ਤੋਂ ਇਲਾਵਾ ਇਕ ਹੋਰ ਵਿਅਕਤੀ ਜਿਹੜਾ ਲੁੱਟ ਵਿਚ ਸ਼ਾਮਲ ਸੀ ਨੇ, ਬੈਂਕਦਾ ਸ਼ਟਰ ਬੰਦ ਕਰ ਦਿੱਤਾ। ਲੁਟੇਰਿਆਂ ਨੇ ਅੰਦਰ ਦਾਖਲ ਹੁੰਦੇ ਹੀ ਬੈਂਕ ਦੇ ਸਾਰੇ ਕਰਮਚਾਰੀਆਂ ਨੂੰ ਪਿਸਤੌਲ ਦੀ ਨੋਕ ‘ਤੇ ਬਾਥਰੂਮ ਵਿਚ ਬੰਦ ਕਰ ਦਿੱਤਾ ਤੇ ਉਨ੍ਹਾਂ ਕੋਲੋਂ ਲੌਕਰ ਦੀ ਚਾਬੀ ਲੈ ਕੇ ਉਸ ਵਿਚੋਂ 3.43 ਲੱਖ ਰੁਪਏ ਨਕਦੀ ਤੋਂ ਇਲਾਵਾ ਸੋਨੇ ਦੇ ਗਹਿਣੇ (ਲਗਭਗ 1 ਲੱਖ ਰੁਪਏ) ਅਤੇ ਤਿੰਨ ਮੋਬਾਈਲ ਲੈ ਕੇ ਫਰਾਰ ਹੋ ਗਏ। ਹੋਰ ਜਾਣਕਾਰੀ ਦਿੰਦੇ ਹੋਏ ਕੈਸ਼ੀਅਰ ਨੇ ਦੱਸਿਆ ਕਿ ਜਿਹੜੇ ਵਿਅਕਤੀ ਲੁੱਟ ਨੂੰ ਅੰਜਾਮ ਦੇਣ ਆਏ ਸਨ, ਉਨ੍ਹਾਂ ਵਿਚੋਂ ਇਕ ਵਿਅਕਤੀ ਥੋੜ੍ਹੀ ਦੇਰ ਪਹਿਲਾਂ ਬੈਂਕ ਆਇਆ ਸੀ ਅਤੇ ਉਸ ਨੇ ATM ਬਾਰੇ ਜਾਣਕਾਰੀ ਵੀ ਮੰਗ ਸੀ।
ਲੁੱਟ ਦੌਰਾਨ ਬੈਂਕ ਦਾ ਇਕ ਮੁਲਾਜ਼ਮ ਵੀ ਜ਼ਖਮੀ ਹੋ ਗਿਆ। ਇਹ ਵੀ ਪਤਾ ਲੱਗਾ ਹੈ ਕਿ ਇਨ੍ਹਾਂ ਨਕਾਬਪੋਸ਼ਾਂ ਵਿਚੋਂ ਇਕ ਕੋਲ ਕ੍ਰਿਪਾਨ ਵੀ ਸਨ। ਪੂਰੀ ਵਾਰਦਾਤ ਦੀ ਸੂਚਨਾ ਪੁਲਿਸ ਨੂੰ ਦਿੱਤੀ ਗਈ। ਸੂਚਨਾ ਮਿਲਦਿਆਂ ਹੀ ਐੱਸ. ਪੀ. ਸੇਵਾ ਸਿੰਘ ਮੱਲੀ ਅਤੇ DSP ਜਸਤਿੰਦਰ ਸਿੰਘ ਮੌਕੇ ‘ਤੇ ਪੁੱਜੇ। ਉਨ੍ਹਾਂ ਨੇ ਸਾਰੀ ਸਥਿਤੀ ਦਾ ਜਾਇਜ਼ਾ ਲਿਆ ਤੇ CCTV ਕੈਮਰਿਆਂ ਤੋਂ ਲੁਟੇਰਿਆਂ ਦੀ ਪਛਾਣ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਪੁਲਿਸ ਵਲੋਂ ਡੂੰਘਾਈ ਨਾਲ ਜਾਂਚ ਕੀਤੀ ਜਾ ਰਹੀ ਹੈ। ਫੁਟੇਜ ਤੋਂ ਪਤਾ ਲੱਗਾ ਹੈ ਕਿ ਲੁਟੇਰੇ ਹਾਂਡਾ ਸਿਟੀ ਗੱਡੀ ਵਿਚ ਆਏ ਸਨ।