CM urges PM to allow : ਚੰਡੀਗੜ੍ਹ : ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਨਿੱਜੀ ਸੁਰੱਖਿਆ ਉਪਕਰਨ (ਪੀ.ਪੀ.ਈ.) ਬਣਾਉਣ ਲਈ ਪੰਜਾਬ ਦੇ 128 ਯੂਨਿਟਾਂ ਨੂੰ ਪ੍ਰਵਾਨਗੀ ਦੇਣ ਦੇ ਨਾਲ ਨਾਲ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਤੋਂ ਵਾਧੂ ਕਿੱਟਾਂ ਬਰਾਮਦ ਕਰਨ ਦੀ ਇਜਾਜ਼ਤ ਮੰਗੀ ਹੈ। ਮੁੱਖ ਮੰਤਰੀ ਨੇ ਕਿਹਾ ਕਿ ਕੋਵਿਡ ਦੇ ਫੈਲਾਅ ਦੇ ਮੱਦੇਨਜ਼ਰ ਇਨ੍ਹਾਂ ਨਿਰਮਾਤਾਵਾਂ ਨੇ ਕੰਮ ਸ਼ੁਰੂ ਕੀਤਾ ਸੀ ਤਾਂ ਕਿ ਮਹਾਂਮਾਰੀ ਵਿਰੁੱਧ ਮੂਹਰਲੀਆਂ ਸਫਾਂ ਵਿੱਚ ਲੜਾਈ ਲੜਨ ਨਾਲੇ ਯੋਧਿਆਂ ਲਈ ਲੋੜੀਂਦੇ ਇਹ ਉਪਕਰਨ ਤਿਆਰ ਕਰਨ ਵਿੱਚ ਪੰਜਾਬ ਨੂੰ ਸਵੈ-ਨਿਰਭਰ ਬਣਾਇਆ ਜਾ ਸਕੇ। ਪ੍ਰਧਾਨ ਮੰਤਰੀ ਨੂੰ ਲਿਖੇ ਪੱਤਰ ਵਿੱਚ ਉਨ੍ਹਾਂ ਕਿਹਾ ਕਿ ਪੂਰੇ ਸਰੀਰ ਨੂੰ ਕਵਰ ਕਰਨ ਵਾਲੀਆਂ ਪੀ.ਪੀ.ਈ. ਕਿੱਟਾਂ ਨੂੰ ਬਰਾਮਦ ਕਰਨ ਨਾਲ ਤੁਹਾਡੀ ਅਗਵਾਈ ਵਿੱਚ ਭਾਰਤ ਸਰਕਾਰ ਵੱਲੋਂ ਹਾਲ ਹੀ ਵਿੱਚ ਸ਼ੁਰੂ ਕੀਤੇ ਆਤਮ ਨਿਰਭਰ ਭਾਰਤ ਅਭਿਆਨ ਨੂੰ ਵੀ ਹੁਲਾਰਾ ਮਿਲੇਗਾ। ਉਨ੍ਹਾਂ ਨੇ ਪ੍ਰਧਾਨ ਮੰਤਰੀ ਨੂੰ ਇਸ ਵਾਸਤੇ ਇਜਾਜ਼ਤ ਦੇਣ ਦੀ ਅਪੀਲ ਕੀਤੀ।
ਕੈਪਟਨ ਅਮਰਿੰਦਰ ਸਿੰਘ ਨੇ ਐਸ.ਆਈ.ਟੀ.ਆਰ.ਏ./ਡੀ.ਆਰ.ਡੀ.ਓ. ਪਾਸੋਂ ਸਰਟੀਫਿਕੇਟ ਹਾਸਲ ਕਰਨ ਉਪਰੰਤ ਇਨ੍ਹਾਂ ਨਿਰਮਾਣ ਯੂਨਿਟਾਂ ਵੱਲੋਂ ਨਿਰਮਿਤ ਉਤਪਾਦਾਂ ਦੇ ਉਤਪਾਦਨ ਅਤੇ ਗੁਣਵੱਤਾ ਦੀ ਵਾਧੂ ਸਮਰੱਥਾ ਦਾ ਹਵਾਲਾ ਦਿੰਦਿਆਂ ਕਿਹਾ ਕਿ ਅਜਿਹਾ ਜਾਪਦਾ ਹੈ ਕਿ ਇਸ ਵੇਲੇ ਘਰੇਲੂ ਪੱਧਰ ‘ਤੇ ਪੀ.ਪੀ.ਈ. ਕਿੱਟਾਂ ਦੀ ਬਹੁਤ ਮੰਗ ਨਹੀਂ ਹੈ। ਉਨ੍ਹਾਂ ਦੱਸਿਆ ਕਿ ਇਨ੍ਹਾਂ ਨਿਰਮਾਤਾਵਾਂ ਨੂੰ ਐਚ.ਐਲ.ਐਲ. ਪਾਸੋਂ ਆਰਡਰ ਲੈਣ ਵਿੱਚ ਦਿੱਕਤ ਪੇਸ਼ ਆ ਰਹੀ ਹੈ। ਉਨ੍ਹਾਂ ਕਿਹਾ ਕਿ 128 ਮਨਜ਼ੂਰਸ਼ੁਦਾ ਨਿਰਮਾਤਾਵਾਂ ਵਿੱਚੋਂ 18 ਯੂਨਿਟਾਂ ਨੂੰ ਹੀ ਭਾਰਤ ਸਰਕਾਰ ਪਾਸੋਂ ਆਰਡਰ ਮਿਲੇ ਹਨ।
ਮੁੱਖ ਮੰਤਰੀ ਨੇ ਚੇਤੇ ਕਰਦਿਆਂ ਕਿਹਾ ਕਿ 21 ਮਈ, 2020 ਨੂੰ ਪੰਜਾਬ ਦੇ ਉਦਯੋਗ ਤੇ ਵਪਾਰ ਮੰਤਰੀ ਨੇ ਸਾਰੇ ਸੂਬਿਆਂ ਦੇ ਮੁੱਖ ਮੰਤਰੀਆਂ ਨੂੰ ਪੱਤਰ ਲਿਖ ਕੇ ਆਪੋ-ਆਪਣੇ ਸਿਹਤ ਵਿਭਾਗਾਂ ਨੂੰ ਐਚ.ਐਲ.ਐਲ. ਰੇਟਾਂ ‘ਤੇ ਪੰਜਾਬ ਦੇ ਨਿਰਮਾਤਾਵਾਂ ਵੱਲੋਂ ਤਿਆਰ ਕੀਤੀਆਂ ਪੂਰੇ ਸਰੀਰ ਨੂੰ ਕਵਰ ਕਰਨ ਵਾਲੀਆਂ ਪੀ.ਪੀ.ਈ. ਕਿੱਟਾਂ ਦੇ ਆਰਡਰ ਦੇਣ ਦੀਆਂ ਹਦਾਇਤਾਂ ਜਾਰੀ ਕਰਨ ਲਈ ਆਖਿਆ ਸੀ। ਉਨ੍ਹਾਂ ਅੱਗੇ ਦੱਸਿਆ ਕਿ ਸਿਹਤ ਮੰਤਰੀ ਨੇ ਕੇਂਦਰੀ ਵਣਜ ਤੇ ਉਦਯੋਗ ਮੰਤਰੀਆਂ ਨੂੰ 25 ਮਈ, 2020 ਨੂੰ ਲਿਖੇ ਅਰਧ ਸਰਕਾਰੀ ਪੱਤਰ ਵਿੱਚ ਮੁਲਕ ਤੋਂ ਇਨ੍ਹਾਂ ਉਪਕਰਨਾਂ ਦੀ ਬਰਾਮਦ ਕਰਨ ਦੀ ਆਗਿਆ ਦੇਣ ਦੀ ਅਪੀਲ ਕੀਤੀ ਸੀ।