13 year old Tarunpreet: ਕਪੂਰਥਲਾ, 20 ਜੂਨ : ਯੁਵਕ ਸੇਵਾਵਾਂ ਵਿਭਾਗ ਕਪੂਰਥਲਾ ਵੱਲੋਂ ਪੰਜਾਬ ਸਰਕਾਰ ਦੇ ‘ਮਿਸ਼ਨ ਫ਼ਤਿਹ’ ਤਹਿਤ ਕੋਵਿਡ-19 ਸਬੰਧੀ ਕਰਵਾਏ ਜਾ ਰਹੇ ਆਨਲਾਈਨ ਕੁਇਜ਼ ਨੂੰ ਕਪੂਰਥਲਾ ਤੋਂ ਇਲਾਵਾ ਦੇਸ਼-ਵਿਦੇਸ਼ ਵਿਚੋਂ ਵੀ ਭਰਵਾਂ ਹੁੰਗਾਰਾ ਮਿਲ ਹੈ ਅਤੇ 10 ਦਿਨਾਂ ਵਿਚ ਇਸ ਕੁਇਜ਼ ਵਿਚ 8 ਹਜ਼ਾਰ ਤੋਂ ਵੱਧ ਲੋਕ ਇਸ ਕੁਇਜ਼ ਵਿਚ ਹਿੱਸਾ ਲੈ ਚੁੱਕੇ ਹਨ। ਇਹ ਜਾਣਕਾਰੀ ਦਿੰਦਿਆਂ ਡਿਪਟੀ ਕਮਿਸ਼ਨਰ ਸ੍ਰੀਮਤੀ ਦੀਪਤੀ ਉੱਪਲ ਨੇ ਦੱਸਿਆ ਕਿ ਇਨਾਂ ਭਾਗੀਦਾਰਾਂ ਵਿਚ ਪੰਜਾਬ ਦੇ ਤਕਰੀਬਨ ਸਾਰੇ ਜ਼ਿਲਿਆਂ ਅਤੇ 22 ਰਾਜਾਂ/ਕੇਂਦਰ ਸ਼ਾਸਿਤ ਪ੍ਰਦੇਸ਼ਾਂ ਤੋਂ ਇਲਾਵਾ ਨਿਪਾਲ, ਆਸਟ੍ਰੇਲੀਆ, ਯੂਨਾਨ, ਫਿਜ਼ੀ, ਸੰਯੁਕਤ ਰਾਜ ਅਮਰੀਕਾ, ਇੰਗਲੈਂਡ, ਕੈਨੇਡਾ ਅਤੇ ਇਟਲੀ ਆਦਿ ਰਹਿੰਦੇ ਲੋਕ ਸ਼ਾਮਿਲ ਹਨ। ਉਨਾਂ ਦੱਸਿਆ ਕਿ ਸਭ ਤੋਂ ਵੱਡੀ ਗੱਲ ਇਹ ਹੈ ਕਿ ਇਸ ਕੁਇਜ਼ ਰਾਹੀਂ ਲੋਕ ਕੋਵਿਡ-19 ਪ੍ਰਤੀ ਜਾਗਰੂਕ ਹੋ ਰਹੇ ਹਨ। ਉਨਾਂ ਦੱਸਿਆ ਕਿ ਭਾਗੀਦਾਰਾਂ ਵਿਚ 58 ਫੀਸਦੀ ਔਰਤਾਂ ਅਤੇ 42 ਫੀਸਦੀ ਮਰਦ ਸ਼ਾਮਿਲ ਹਨ। ਉਨਾਂ ਦੱਸਿਆ ਕਿ ਹੁਣ ਤੱਕ ਇਸ ਕੁਇਜ਼ ਦੀ ਪਾਸ ਪ੍ਰਤੀਸ਼ਤਤਾ 78 ਦੇ ਕਰੀਬ ਰਹੀ ਹੈ, ਜਿਸ ਦਾ ਮਤਲਬ ਹੈ ਕਿ ਲੋਕ ਇਸ ਬਿਮਾਰੀ ਪ੍ਰਤੀ ਕਾਫੀ ਜਾਗਰੂਕ ਹਨ। ਉਨਾਂ ਦੱਸਿਆ ਕਿ ਇਸ ਤੋਂ ਇਲਾਵਾ ਜਦੋਂ ਕੋਈ ਵੀ ਇਸ ਕੁਇਜ਼ ਵਿਚ ਭਾਗ ਲੈਂਦਾ ਹੈ ਤਾਂ ਉਸ ਦੇ ਰਿਜ਼ਲਟ ਦੇ ਨਾਲ ਜੇਕਰ ਉਹ ‘ਹੋਰ ਜਾਣੋ’ ਆਪਸ਼ਨ ’ਤੇ ਜਾਂਦਾ ਹੈ ਤਾਂ ਉਸ ਨੂੰ ਇਸ ਬਿਮਾਰੀ ਨਾਲ ਸਬੰਧਤ ਹੋਰ ਬਹੁਤ ਸਾਰੀ ਜਾਣਕਾਰੀ ਵੀ ਉਪਲਬੱਧ ਕਰਵਾਈ ਗਈ ਹੈ।
ਇਸ ਸਬੰਧੀ ਵਧੇਰੇ ਜਾਣਕਾਰੀ ਦਿੰਦਿਆਂ ਸਹਾਇਕ ਡਾਇਰੈਕਟਰ ਯੁਵਕ ਸੇਵਾਵਾਂ ਕਪੂਰਥਲਾ ਸ੍ਰੀ ਪ੍ਰੀਤ ਕੋਹਲੀ ਨੇ ਦੱਸਿਆ ਕਿ ਇਸ ਆਨਲਾਈਨ ਕੁਇਜ਼ ਦਾ ਲਿੰਕ 10 ਜੂਨ ਨੂੰ ਸਵੇਰੇ 9 ਵਜੇ ਓਪਨ ਹੋਇਆ ਸੀ ਅਤੇ 25 ਜੂਨ ਤੱਕ ਇਸ ਵਿਚ ਹਿੱਸਾ ਲਿਆ ਜਾ ਸਕਦਾ ਹੈ। ਉਨਾਂ ਦੱਸਿਆ ਕਿ ਇਸ ਕੁਇਜ਼ ਸਦਕਾ ਜਿਥੇ ਅਸੀਂ ਆਪਣੇ ਨਾਲ ਜੁੜਨ ਵਾਲੇ ਲੋਕਾਂ ਨੂੰ ਕੋਵਿਡ-19 ਪ੍ਰਤੀ ਜਾਣਕਾਰੀ ਉਪਲਬੱਧ ਕਰਵਾ ਰਹੇ ਹਾਂ, ਉਥੇ ਉਨਾ ਦੀ ਜਾਣਕਾਰੀ ਪਰਖ ਵੀ ਰਹੇ ਹਾਂ। ਉਨਾਂ ਦੱਸਿਆ ਕਿ ਇਸ ਕੁਇਜ਼ ਦੀ ਖਾਸੀਅਤ ਇਹ ਹੈ ਕਿ ਜੇਕਰ ਤੁਹਾਡਾ ਕੋਈ ਜਵਾਬ ਗਲਤ ਹੈ ਤਾਂ ਰਿਜ਼ਲਟ ਵੇਖਣ ਵੇਲੇ ਉਸ ਸਬੰਧੀ ਹੋਰ ਜਾਣਕਾਰੀ ਪ੍ਰਾਪਤ ਕਰਨ ਲਈ ਲਿੰਕ ਵੀ ਦਿੱਤੇ ਗਏ ਹਨ। ਉਨਾਂ ਦੱਸਿਆ ਕਿ 20 ਸਵਾਲਾਂ ਵਾਲੇ ਇਸ ਕੁਇਜ਼ ਵਿਚ 60 ਫੀਸਦੀ ਅੰਕ ਹਾਸਲ ਕਰਨ ਵਾਲਿਆਂ ਨੂੰ ਆਨਲਾਈਨ ਸਰਟੀਫਿਕੇਟ ਜਾਰੀ ਕੀਤਾ ਜਾਂਦਾ ਹੈ। ਉਨਾਂ ਦੱਸਿਆ ਕਿ ਇਸ ਕੁਇਜ਼ ਵਿਚ ਲਿੰਕ https://forms.gle/ECJWEpAg2FdZRVsz5 ਰਾਹੀਂ ਹਿੱਸਾ ਲਿਆ ਜਾ ਸਕਦਾ ਹੈ। ਉਨਾਂ ਦੱਸਿਆ ਕਿ ਇਸ ਸਾਰੇ ਆਨਲਾਈਨ ਕੁਇਜ਼ ਨੂੰ ਉਨਾਂ ਦੇ 13 ਸਾਲਾਂ ਦੇ ਬੇਟੇ ਤਰੁਨਪ੍ਰੀਤ ਸਿੰਘ ਕੋਹਲੀ ਵੱਲੋਂ ਤਿਆਰ/ਪ੍ਰੋਗਰਾਮ ਕੀਤਾ ਗਿਆ ਹੈ।
ਤਰੁਨਪ੍ਰੀਤ ਦਾ ਕਹਿਣਾ ਹੈ ਕਿ ਉਸ ਨੂੰ ਸ਼ੁਰੂ ਤੋਂ ਹੀ ਕੰਪਿੳੂਟਰ ’ਤੇ ਛੋਟੇ-ਛੋਟੇ ਪ੍ਰੋਗਰਾਮ ਤਿਆਰ ਕਰਨ ਦਾ ਸ਼ੌਕ ਹੈ ਅਤੇ ਇਹ ਕੁਇਜ਼ ਵੀ ਉਸ ਨੇ ਸ਼ੌਕੀਆ ਤੌਰ ’ਤੇ ਤਿਆਰ ਕੀਤਾ ਸੀ। ਉਸ ਨੇ ਕਿਹਾ ਕਿ ਉਸ ਨੇ ਸੋਚਿਆ ਨਹੀਂ ਸੀ ਕਿ ਉਸ ਦੀ ਇਸ ਕੋਸ਼ਿਸ਼ ਨੂੰ ਇੰਨਾ ਵੱਡਾ ਹੁੰਗਾਰਾ ਮਿਲੇਗਾ ਅਤੇ ਇਹ ਕੁਇਜ਼ ਇਕ ਵਿਸ਼ਾਲ ਮਿਸ਼ਨ ਨਾਲ ਜੁੜ ਜਾਵੇਗਾ। ਉਸ ਨੇ ਡਿਪਟੀ ਕਮਿਸ਼ਨਰ ਸ੍ਰੀਮਤੀ ਦੀਪਤੀ ਉੱਪਲ ਵੱਲੋਂ ਮਿਲੀ ਪ੍ਰੇਰਣਾ ਅਤੇ ਹੌਸਲਾ ਅਫ਼ਜ਼ਾਈ ਲਈ ਉਨਾਂ ਦਾ ਤਹਿ ਦਿਲੋਂ ਧੰਨਵਾਦ ਕਰਦਿਆਂ ਕਿਹਾ ਕਿ ਉਹ ਕੋਰੋਨਾ ਖਿਲਾਫ਼ ਮਿਸ਼ਨ ਫ਼ਤਿਹ ਕਰਨ ਲਈ ਲਗਾਤਾਰ ਯਤਨ ਕਰੇਗਾ।