Congress Working Committee Meeting: ਨਵੀਂ ਦਿੱਲੀ: ਕੋਰੋਨਾ ਸੰਕਟ ਅਤੇ ਚੀਨ ਸਰਹੱਦ ਵਿਵਾਦ ‘ਤੇ ਅੱਜ ਯਾਨੀ ਕਿ ਮੰਗਲਵਾਰ ਨੂੰ ਕਾਂਗਰਸ ਵਰਕਿੰਗ ਕਮੇਟੀ ਦੀ ਬੈਠਕ ਹੋ ਰਹੀ ਹੈ। ਇਸ ਬੈਠਕ ਵਿੱਚ ਕਾਂਗਰਸ ਦੀ ਅੰਤਰਿਮ ਪ੍ਰਧਾਨ ਸੋਨੀਆ ਗਾਂਧੀ, ਸਾਬਕਾ ਪ੍ਰਧਾਨ ਮੰਤਰੀ ਡਾ. ਮਨਮੋਹਨ ਸਿੰਘ, ਸਾਬਕਾ ਵਿੱਤ ਮੰਤਰੀ ਪੀ. ਚਿਦੰਬਰਮ ਸਮੇਤ ਕਈ ਆਗੂ ਮੌਜੂਦ ਹਨ । ਇਸ ਬੈਠਕ ਵਿੱਚ ਕਾਂਗਰਸ ਨੇਤਾਵਾਂ ਨੇ ਮੋਦੀ ਸਰਕਾਰ ‘ਤੇ ਨਿਸ਼ਾਨਾ ਸਾਧਿਆ ਹੈ ।
ਇਸ ਬੈਠਕ ਦੌਰਾਨ ਸੋਨੀਆ ਗਾਂਧੀ ਨੇ ਕਿਹਾ ਕਿ ਭਾਰਤ ਇੱਕ ਭਿਆਨਕ ਆਰਥਿਕ ਸੰਕਟ, ਮਹਾਂਮਾਰੀ ਤੇ ਹੁਣ ਚੀਨ ਨਾਲ LAC ‘ਤੇ ਵਿਵਾਦ ਕਾਰਨ ਸੰਕਟ ਦੀ ਚਪੇਟ ਵਿੱਚ ਹੈ। ਹਰ ਸੰਕਟ ਦਾ ਕਾਰਨ ਭਾਰਤੀ ਜਨਤਾ ਪਾਰਟੀ ਦੀ ਅਗਵਾਈ ਵਾਲੀ ਐਨਡੀਏ ਸਰਕਾਰ ਦੀ ਮਾੜੀ ਵਿਵਸਥਾ ਅਤੇ ਇਸ ਦੀਆਂ ਗਲਤ ਨੀਤੀਆਂ ਹਨ । ਆਰਥਿਕ ਸੰਕਟ ‘ਤੇ ਕਾਬੂ ਪਾਉਣ ਦੀ ਸਲਾਹ ਦਿੰਦੇ ਹੋਏ ਸੋਨੀਆ ਗਾਂਧੀ ਨੇ ਕਿਹਾ ਕਿ ਇਸ ਸਮੇਂ ਸਭ ਤੋਂ ਵੱਡੀ ਲੋੜ ਗਰੀਬਾਂ ਅਤੇ ਐਮਐਸਐਮਈ ਖੇਤਰ ਨੂੰ ਵੱਡੇ ਪੱਧਰ ‘ਤੇ ਵਿੱਤੀ ਉਤਸ਼ਾਹ ਮੁਹੱਈਆ ਕਰਵਾਉਣ ਦੀ ਹੈ । ਇਸ ਦੀ ਬਜਾਏ ਮੋਦੀ ਸਰਕਾਰ ਨੇ ਇੱਕ ਖੋਖਲੇ ਵਿੱਤੀ ਪੈਕੇਜ ਦੀ ਘੋਸ਼ਣਾ ਕੀਤੀ, ਜੋ ਜੀਡੀਪੀ ਦੇ 1 ਪ੍ਰਤੀਸ਼ਤ ਤੋਂ ਵੀ ਘੱਟ ਸੀ।
ਇਸ ਤੋਂ ਅੱਗੇ ਸੋਨੀਆ ਗਾਂਧੀ ਨੇ ਕਿਹਾ ਕਿ ਜਦੋਂ ਕੱਚੇ ਤੇਲ ਦੀਆਂ ਕੀਮਤਾਂ ਘੱਟ ਰਹੀਆਂ ਹਨ, ਤਾਂ ਸਰਕਾਰ ਲਗਾਤਾਰ 17 ਦਿਨਾਂ ਤੋਂ ਪੈਟਰੋਲ ਅਤੇ ਡੀਜ਼ਲ ਦੀਆਂ ਕੀਮਤਾਂ ਵਿੱਚ ਲਗਾਤਾਰ ਵਾਧਾ ਕਰ ਰਹੀ ਹੈ । ਕੋਰੋਨਾ ਸੰਕਟ ‘ਤੇ ਸੋਨੀਆ ਨੇ ਕਿਹਾ ਕਿ ਪ੍ਰਧਾਨ ਮੰਤਰੀ ਦੇ ਭਰੋਸੇ ਦੇ ਬਾਵਜੂਦ ਕੋਰੋਨਾ ਮਹਾਂਮਾਰੀ ਤਬਾਹੀ ਮਚਾ ਰਹੀ ਹੈ । ਕੇਂਦਰ ਨੇ ਰਾਜ ਸਰਕਾਰਾਂ ਨੂੰ ਮਦਦ ਦਾ ਭਰੋਸਾ ਦਿੱਤਾ, ਪਰ ਇਕ ਰੁਪਿਆ ਵੀ ਨਹੀਂ ਦਿੱਤਾ ।
ਉੱਥੇ ਹੀ ਸਾਬਕਾ ਪ੍ਰਧਾਨ ਮੰਤਰੀ ਡਾ. ਮਨਮੋਹਨ ਸਿੰਘ ਨੇ ਕਿਹਾ ਕਿ ਕੋਰੋਨਾ ਸੰਕਟ ਨਾਲ ਨਜਿੱਠਣ ਲਈ ਲੋੜੀਂਦੀ ਹਿੰਮਤ ਅਤੇ ਮਿਹਨਤ ਦੀ ਜਰੂਰਤ ਹੈ, ਉਸ ਨਾਲ ਮਹਾਂਮਾਰੀ ਦਾ ਸਾਹਮਣਾ ਨਹੀਂ ਕੀਤਾ ਜਾ ਰਿਹਾ । ਜੇ ਚੀਨ ਵਿਵਾਦ ਨੂੰ ਮਜ਼ਬੂਤੀ ਨਾਲ ਨਹੀਂ ਸੁਲਝਾਉਂਦਾ ਤਾਂ ਗੰਭੀਰ ਸਥਿਤੀ ਪੈਦਾ ਹੋ ਸਕਦੀ ਹੈ ।