Police solved the murder case of : ਅਬੋਹਰ ਵਿਖੇ ਸੀਤੋ ਰੋਡ ’ਤੇ ਬੁੱਧਵਾਰ ਰਾਤ ਨੂੰ ਗੋਲੀਆਂ ਮਾਰ ਕੇ ਸਬ ਇੰਸਪੈਕਟਰ ਗੁਰਵਿੰਦਰ ਸਿੰਘ ਨੂੰ ਕਤਲ ਕਰ ਦਿੱਤਾ ਗਿਆ। ਮਿਲੀ ਜਾਣਕਾਰੀ ਮੁਤਾਬਕ ਕਤਲ ਦੇ ਸਬੰਧ ਵਿੱਚ ਸੀਆਈਡੀ ਵਿਭਾਗ ਵੱਲੋਂ ਇਸ ਗੁੱਥੀ ਨੂੰ ਸੁਲਝਾ ਲਿਆ ਹੈ ਹਾਲਾਂਕਿ ਪੁਲਿਸ ਦਾ ਕਹਿਣਾ ਹੈ ਕਿ ਉਹ ਪ੍ਰੈੱਸ ਕਾਨਫਰੰਸ ਵਿਚ ਹੀ ਇਸ ਦਾ ਖੁਲਾਸਾ ਕਰਨਗੇ। ਮਿਲੀ ਜਾਣਕਾਰੀ ਮੁਤਾਬਕ ਇਸ ਸਬੰਧੀ ਮ੍ਰਿਤਕ ਦੇ ਪਿਤਾ ਸ਼ਿਵ ਚਰਨ ਸਿੰਘ ਪੁੱਤਰ ਕਸ਼ਮੀਰ ਸਿੰਘ ਵਾਸੀ ਗਲੀ ਨੰਬਰ 01 ਬਸੰਤ ਨਗਰ ਅਬੋਹਰ ਦੇ ਬਿਆਨਾਂ ਉੱਪਰ ਚਾਰ ਦੋਸ਼ੀਆਂ ਖਿਲਾਫ਼ ਸਾਜਿਸ਼ ਰਚ ਕੇ ਕਤਲ ਦਾ ਮੁਕੱਦਮਾ ਦਰਜ ਹੋਇਆ ਹੈ, ਉਮੀਦ ਜ਼ਾਹਰ ਕੀਤੀ ਜਾ ਰਹੀ ਹੈ ਕਿ ਜਲਦ ਹੀ ਪੁਲਿਸ ਇਹਨਾਂ ਨੂੰ ਕਾਬੂ ਕਰਕੇ ਕਤਲ ਕਾਂਡ ਦਾ ਪਰਦਾਫਾਸ਼ ਕਰੇਗੀ ।
ਮ੍ਰਿਤਕ ਦੇ ਪਿਤਾ ਵੱਲੋਂ ਪੁਲਸ ਥਾਣਾ ਸਿਟੀ ਅਬੋਹਰ ਵਿੱਚ ਦਰਜ ਕਰਵਾਏ ਗਏ ਬਿਆਨਾਂ ਅਨੁਸਾਰ ਉਨ੍ਹਾਂ ਦਾ ਪੁੱਤਰ ਗੁਰਵਿੰਦਰ ਸਿੰਘ ਸਬ ਇੰਸਪੈਕਟਰ ਸੀ ਆਈ ਡੀ ਯੂਨਿਟ ਫ਼ਾਜ਼ਿਲਕਾ ਵਿਖੇ ਤਾਇਨਾਤ ਹੈ । ਡਿਊਟੀ ਤੋਂ ਪਰਤਣ ਤੋਂ ਬਾਅਦ ਖਾਣਾ ਖਾ ਕੇ ਜਦੋਂ ਉਸ ਦਾ ਲੜਕਾ ਗੁਰਵਿੰਦਰ ਸਿੰਘ ਅਤੇ ਉਹ ਖੁਦ ਸੀਤੋ ਰੋਡ ਅਬੋਹਰ ਉਪਰ ਰਾਤ ਕਰੀਬ 10 ਵਜੇ ਟਹਿਲ ਰਹੇ ਸੀ ਤਾਂ ਗੁਰਵਿੰਦਰ ਕੁਵੀਨ ਬਿਊਟੀ ਪਾਰਲਰ ਦੇ ਸਾਹਮਣੇ ਪੌੜੀਆਂ ਉੱਪਰ ਬੈਠ ਗਿਆ । ਉਸ ਵਕਤ ਲਾਈਟਾਂ ਜਗ ਰਹੀਆਂ ਸੀ ਅਤੇ ਉਹ ਖੁਦ ਵੀ ਨੇੜੇ ਟਹਿਲ ਰਿਹਾ ਸੀ । ਇੰਨੀ ਦੇਰ ਨੂੰ ਇਕ ਸਫੈਦ ਰੰਗ ਦੀ ਕਾਰ ਇੱਕਦਮ ਆ ਕੇ ਰੁਕੀ । ਇਸ ਵਿੱਚੋਂ ਤਿੰਨ ਅਣਪਛਾਤਿਆਂ ਨੇ ਉਸ ਦੇ ਬੇਟੇ ਉੱਪਰ ਅੰਨੇਵਾਹ ਗੋਲੀਆਂ ਚਲਾਉਣੀਆਂ ਸ਼ੁਰੂ ਕਰ ਦਿੱਤੀਆਂ ਜਦਕਿ ਚੌਥਾ ਸਟਾਰਟ ਖੜ੍ਹੀ ਕਾਰ ਦੇ ਵਿੱਚ ਹੀ ਬੈਠਾ ਰਿਹਾ। ਗੋਲੀਆਂ ਦੀ ਆਵਾਜ਼ ਸੁਣ ਕੇ ਜਦੋਂ ਉਹ ਉਸ ਦੇ ਪੁੱਤਰ ਵੱਲ ਦੌੜਿਆ ਤਾਂ ਉਹ ਕਾਰ ਵਿਚ ਬੈਠ ਕੇ ਮੌਕੇ ਤੋਂ ਫਰਾਰ ਹੋ ਗਏ ।
ਲਹੂ ਲੁਹਾਨ ਹੋਏ ਗੁਰਵਿੰਦਰ ਸਿੰਘ ਨੂੰ ਇਲਾਜ ਲਈ ਸਿਵਲ ਹਸਪਤਾਲ ਲੈ ਕੇ ਗਏ ਜਿੱਥੇ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਕਰਾਰ ਦੇ ਦਿੱਤਾ । ਇਸ ਪੁਲਿਸ ਥਾਣਾ ਸਿਟੀ ਅਬੋਹਰ ਵਿੱਚ ਆਈ ਪੀ ਸੀ ਦੀ ਧਾਰਾ 302 , 34 , 120 ਬੀ , 25 , 27 ,54, 59 ਆਰ ਜੈਕਟ ਅਧੀਨ ਮੁਕੱਦਮਾ ਦਰਜ ਹੋਇਆ ਹੈ। ਪੁਲਿਸ ਮੁਤਾਬਕ ਕਾਤਲਾਂ ਨੇ ਪਹਿਲਾਂ ਘਟਨਾ ਵਾਲੀ ਥਾਂ ਦੀ ਰੇਕੀ ਵੀ ਕੀਤੀ ਅਤੇ ਮੌਕਾ ਮਿਲਦੇ ਹੀ ਗੋਲੀਆਂ ਚਲਾ ਦਿੱਤੀਆਂ। ਦੱਸਣਯੋਗ ਹੈ ਕਿ ਗੁਰਵਿੰਦਰ 2017 ਵਿਚ ਪੰਜਾਬ ਪੁਲਿਸ ਵਿਚ ਨਿਯੁਕਤ ਹੋਇਆ ਸੀ ਅਤੇ ਕੁਝ ਦਿਨ ਪਹਿਲਾਂ ਹੀ ਉਸ ਦੀ ਮੰਗਣੀ ਵੀ ਹੋਈ ਸੀ।