Boyfriend kills married girlfriend : ਗੁਰਦਾਸਪੁਰ : ਬਟਾਲਾ ਵਿਚ ਬੀਤੀ ਰਾਤ ਗਾਂਧੀ ਕੈਂਪ ਇਲਾਕੇ ਵਿਚ ਤਿੰਨ ਬੱਚਿਆਂ ਦੀ ਮਾਂ ਦਾ ਉਸ ਦੇ ਪ੍ਰੇਮੀ ਵੱਲੋਂ ਕਤਲ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਦੋਹਾਂ ਦੀ ਆਪਸ ਵਿਚ ਕਿਸੇ ਗੱਲ ਤੋਂ ਬਹਿਸ ਹੋਣ ਕਰਕੇ ਪ੍ਰੇਮੀ ਨੇ ਗੁੱਸੇ ਵਿਚ ਆ ਕੇ ਉਸ ਨੂੰ ਮੌਤ ਦੇ ਘਾਟ ਉਤਾਰ ਦਿੱਤਾ। ਮ੍ਰਿਤਕਾ ਦੀ ਪਛਾਣ ਸ਼ੀਤਲ ਵਜੋਂ ਹੋਈ ਹੈ ਅਤੇ ਉਸ ਦਾ ਪ੍ਰੇਮੀ ਸੋਨੂੰ ਵਾਰਦਾਤ ਨੂੰ ਅੰਜਾਮ ਦੇਣ ਤੋਂ ਬਾਅਦ ਫਰਾਰ ਹੋ ਗਿਆ। ਸੂਚਨਾ ਮਿਲਣ ’ਤੇ ਪੁਲਿਸ ਵੱਲੋਂ ਲਾਸ਼ ਨੂੰ ਕਬਜ਼ੇ ਵਿਚ ਲੈ ਕੇ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ।
ਇਸ ਬਾਰੇ ਪੁਲਿਸ ਅਫਸਰ ਅਸ਼ੋਕ ਕੁਮਾਰ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਸੋਨੂੰ ਅਤੇ ਸ਼ੀਤਲ ਦੇ ਪ੍ਰੇਮ ਸਬੰਧ ਸਨ, ਹਾਲਾਂਕਿ ਸ਼ੀਤਲ ਵਿਆਹੀ ਹੋਈ ਸੀ ਅਤੇ ਉਸ ਦੇ ਤਿੰਨ ਬੱਚੇ ਹਨ ਪਰ ਸੋਨੂੰ ਅਜੇ ਕੁਆਰਾ ਹੀ ਹੈ। ਦੇਰ ਰਾਤ ਦੋਹਾਂ ਦੇ ਵਿਚਾਲੇ ਕਿਸੇ ਗੱਲ ਨੂੰ ਲੈ ਕੇ ਝਗੜਾ ਹੋ ਗਿਆ ਸੀ, ਜਿਸ ਦੇ ਚੱਲਦਿਆਂ ਉਹ ਤੇ ਉਸ ਦੀ ਇਕ ਰਿਸ਼ਤੇਦਾਰ ਸੋਨੂੰ ਦੇ ਘਰ ਸ਼ਿਕਾਇਤ ਕਰਨ ਪਹੁੰਚੀਆਂ, ਜਿਥੇ ਸੋਨੂੰ ਨੇ ਤੇਜ਼ਧਾਰ ਹਥਿਆਰਾਂ ਨਾਲ ਦੋਹਾਂ ਔਰਤਾਂ ’ਤੇ ਹਮਲਾ ਕਰ ਦਿੱਤਾ। ਸ਼ੀਤਲ ਦੇ ਸੱਟ ਜ਼ਿਆਦਾ ਲੱਗਣ ਕਰਕੇ ਉਸ ਨੇ ਹਸਪਤਾਲ ਵਿਚ ਦਮ ਤੋੜ ਦਿੱਤਾ। ਦੋਸ਼ੀ ਅਜੇ ਫਰਾਰ ਹੈ। ਮ੍ਰਿਤਕਾ ਦੀ ਰਿਸ਼ਤੇਦਾਰ ਦੇ ਬਿਆਨਾਂ ਦੇ ਆਧਾਰ ’ਤੇ ਮਮਲਾ ਦਰਜ ਕਰ ਲਿਆ ਗਿਆ ਹੈ ਅਤੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ।
ਮ੍ਰਿਤਕਾ ਦੀ ਰਿਸ਼ਤੇਦਾਰ ਨੇ ਇਸ ਦੱਸਿਆ ਕਿ ਗਾਂਧੀ ਕੈਂਪ ਵਿਚ ਸੋਨੂੰ ਨੇ ਨਸ਼ੇ ਦੀ ਹਾਲਤ ਵਿਚ ਸ਼ੀਤਲ ਦੇ ਥੱਪੜ ਮਾਰਿਆ ਸੀ, ਜਿਸ ਤੋਂ ਬਾਅਦ ਸ਼ੀਤਲ ਅਤੇ ਉਹ ਦੋਵੇਂ ਸੋਨੂੰ ਦੀ ਮਾਂ ਕੋਲ ਉਸ ਦੀ ਸ਼ਿਕਾਇਤ ਕਰਨ ਆਈਆਂ, ਜਿਸ ਦੌਰਾਨ ਦੋਹਾਂ ਦੀ ਉਥੇ ਬਹਿਸ ਹੋ ਗਈ। ਇਸ ’ਤੇ ਸੋਨੂੰ ਨੇ ਤੇਜ਼ਧਾਰ ਹਥਿਆਰਾਂ ਨਾਲ ਦੋਹਾਂ ’ਤੇ ਹਮਲਾ ਕਰ ਦਿੱਤਾ, ਜਿਸ ਵਿਚ ਸ਼ੀਤਲ ਗੰਭੀਰ ਰੂਪ ’ਚ ਜ਼ਖਮੀ ਹੋ ਗਈ। ਉਸ ਦੇ ਸਿਰ ’ਤੇ ਡੂੰਘੀ ਸੱਟ ਵੱਜੀ, ਜਿਸ ’ਤੇ ਉਸ ਨੂੰ ਤੁਰੰਤ ਅੰਮ੍ਰਿਤਸਰ ਦੇ ਹਸਪਤਾਲ ਵਿਚ ਲਿਜਾਇਆ ਗਿਆ, ਜਿਥੇ ਇਲਾਜ ਦੌਰਾਨ ਉਸ ਦੀ ਮੌਤ ਹੋ ਗਈ।