Punjab Government issues : ਪੰਜਾਬ ਸਰਕਾਰ ਵੱਲੋਂ 1 ਜੁਲਾਈ ਤੋਂ 30 ਜੁਲਾਈ ਤੱਕ ‘ਅਨਲੌਕ-2’ ਅਧੀਨ ਕੰਟੇਨਮੈਂਟ ਜ਼ੋਨਾਂ ਤੋਂ ਬਾਹਰਲੇ ਇਲਾਕਿਆਂ ਵਿੱਚ ਹੋਰ ਸਰਗਰਮੀਆਂ ਨੂੰ ਮੁੜ ਖੋਲ੍ਹਣ ਦਾ ਫੈਸਲਾ ਲੈਂਦੇ ਹੋਏ ਕੁਝ ਹਿਦਾਇਤਾਂ ਜਾਰੀ ਕੀਤੀਆਂ ਗਈਆਂ ਹਨ। ਇਸ ਬਾਰੇ ਜਾਣਕਾਰੀ ਦਿੰਦਿਆਂ ਇਕ ਸਰਕਾਰੀ ਬੁਲਾਰੇ ਨੇ ਦੱਸਿਆ ਕਿ ਇਨ੍ਹਾਂ ਹਿਦਾਇਤਾਂ ਮੁਤਾਬਕ ਜ਼ਿਲਾ ਅਧਿਕਾਰੀ ਲੋੜ ਪੈਣ ’ਤੇ ਕੰਟੇਨਮੈਂਟ ਜ਼ੋਨ ਤੋਂ ਬਾਹਰਲੇ ਖੇਤਰਾਂ ਵਿੱਚ ਲੋੜੀਂਦੀਆਂ ਪਾਬੰਦੀਆਂ ਲਗਾ ਸਕਦੇ ਹਨ। ਹਾਲਾਂਕਿ, ਗੁਆਂਢੀ ਦੇਸ਼ਾਂ ਨਾਲ ਸੰਧੀਆਂ ਦੇ ਤਹਿਤ ਸਰਹੱਦੀ ਵਪਾਰ ’ਚ ਸ਼ਾਮਲ ਵਿਅਕਤੀਆਂ ਅਤੇ ਚੀਜ਼ਾਂ ਦੀ ਅੰਤਰ-ਰਾਜ ਅਤੇ ਸੂਬੇ ਅੰਦਰਲੀ ਆਵਾਜਾਈ `ਤੇ ਕੋਈ ਪਾਬੰਦੀ ਨਹੀਂ ਹੋਵੇਗੀ। ਅਜਿਹੀਆਂ ਗਤੀਵਿਧੀਆਂ ਲਈ ਕਿਸੇ ਵੱਖਰੀ ਆਗਿਆ / ਪ੍ਰਵਾਨਗੀ / ਈ-ਪਰਮਿਟ ਦੀ ਲੋੜ ਨਹੀਂ ਪਵੇਗੀ। ਇਸ ਦੌਰਾਨ ਸਕੂਲ, ਕਾਲਜ, ਵਿਦਿਅਕ ਅਤੇ ਕੋਚਿੰਗ ਸੰਸਥਾਵਾਂ 31 ਜੁਲਾਈ 2020 ਤੱਕ ਬੰਦ ਰਹਿਣਗੀਆਂ। ਆਨਲਾਈਨ / ਡਿਸਟੈਂਸ ਲਰਨਿੰਗ ਦੀ ਆਗਿਆ ਨੂੰ ਹੋਰ ਉਤਸ਼ਾਹਤ ਕੀਤਾ ਜਾਵੇਗਾ। ਕੇਂਦਰ ਅਤੇ ਰਾਜ ਸਰਕਾਰਾਂ ਦੇ ਸਿਖਲਾਈ ਅਦਾਰਿਆਂ ਨੂੰ 15 ਜੁਲਾਈ ਤੋਂ ਕੰਮ ਕਰਨ ਦੀ ਇਜਾਜ਼ਤ ਦਿੱਤੀ ਜਾਏਗੀ
ਮੈਟਰੋ ਰੇਲ, ਸਿਨੇਮਾ ਹਾਲ, ਜਿਮਨੇਜ਼ੀਅਮ, ਸਵੀਮਿੰਗ ਪੂਲ, ਮਨੋਰੰਜਨ ਪਾਰਕ, ਥੀਏਟਰ, ਬਾਰ, ਆਡੀਟੋਰੀਅਮ, ਅਸੈਂਬਲੀ ਹਾਲ ਅਤੇ ਸਮਾਨ ਥਾਵਾਂ ਨੂੰ ਅਜੇ ਨਹੀਂ ਖੋਲ੍ਹਿਆ ਗਿਆ ਹੈ। ਐਮ.ਐਚ.ਏ. ਤੋ ਬਿਨ੍ਹਾਂ ਅੰਤਰਰਾਸ਼ਟਰੀ ਹਵਾਈ ਯਾਤਰਾ ਤੇ ਵੀ ਪਾਬੰਦੀ ਹੋਵੇਗੀ।ਇਸ ਤੋਂ ਇਲਾਵਾ ਸਮਾਜਿਕ / ਰਾਜਨੀਤਿਕ / ਖੇਡਾਂ / ਮਨੋਰੰਜਨ / ਅਕਾਦਮਿਕ / ਸਭਿਆਚਾਰਕ / ਧਾਰਮਿਕ ਕਾਰਜਾਂ ਅਤੇ ਹੋਰ ਵੱਡੇ ਇਕੱਠਾਂਤੇ ਵੀ ਪਾਬੰਦੀ ਰਹੇਗੀ। ਹੋਰ ਸਾਰੀਆਂ ਗਤੀਵਿਧੀਆਂ ਦੀ ਕੰਟੇਨਮੈਂਟ ਜ਼ੋਨ ਤੋਂ ਬਾਹਰਲੇ ਖੇਤਰਾਂ ਵਿੱਚ ਆਜ਼ਾਦੀ ਹੋਵੇਗੀ। ਤਾਲਾਬੰਦੀ 31 ਜੁਲਾਈ 2020 ਤੱਕ ਕੰਟੇਨਮੈਂਟ ਜ਼ੋਨਾਂ ਵਿੱਚ ਲਾਗੂ ਰਹੇਗੀ ਅਤੇ ਕੇਂਦਰੀ ਸਿਹਤ ਅਤੇ ਪਰਿਵਾਰ ਭਲਾਈ ਮੰਤਰਾਲੇ (ਐਮਐਚਐਫਡਬਲਯੂ) ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਅਜਿਹੇ ਜ਼ੋਨਾਂ ਨੂੰ ਜਿ਼ਲ੍ਹਾਂ ਅਧਿਕਾਰੀਆਂ ਦੁਆਰਾ ਨਿਰਧਾਰਤ ਕੀਤਾ ਜਾਵੇਗਾ। ਕੰਟੇਨਮੈਂਟ ਜ਼ੋਨਾਂ ਵਿਚ ਸਿਰਫ ਜ਼ਰੂਰੀ ਕੰਮਾਂ ਦੀ ਹੀ ਇਜਾਜ਼ਤ ਹੋਵੇਗੀ। ਜ਼ਿਲਾ ਅਧਿਕਾਰੀ ਸਿਹਤ ਵਿਭਾਗ ਦੀਆਂ ਹਿਦਾਇਤਾਂ ਮੁਤਾਬਕ ਕੰਟੇਨਮੈਂਟ ਅਤੇ ਬਫਰ ਜ਼ੋਨਾਂ ਵਿੱਚ ਲੋੜੀਂਦੀ ਕਾਰਵਾਈ ਕਰ ਸਕਦੇ ਹਨ। ਸਾਰੇ ਗੈਰ ਜ਼ਰੂਰੀ ਕੰਮਾਂ ਲਈ ਵਿਅਕਤੀਆਂ ਦੀ ਆਵਾਜਾਈ ਦੀ ਰਾਜ ਭਰ ਵਿੱਚ ਰਾਤ 10.00 ਵਜੇ ਤੋਂ ਸਵੇਰੇ 5.00 ਵਜੇ ਤੱਕ ਰੋਕ ਰਹੇਗੀ। ਹਾਲਾਂਕਿ, ਬਹੁਤ ਸਾਰੀਆਂ ਗਤੀਵਿਧੀਆਂ ਜਿਵੇਂ ਮਲਟੀਪਲ ਸਿ਼ਫਟਾਂ, ਰਾਸ਼ਟਰੀ ਅਤੇ ਰਾਜ ਮਾਰਗਾਂ ਤੇ ਵਿਅਕਤੀਆਂ ਅਤੇ ਚੀਜ਼ਾਂ ਦੀ ਆਵਾਜਾਈ ਅਤੇ ਬੱਸਾਂ, ਰੇਲ ਗੱਡੀਆਂ ਅਤੇ ਹਵਾਈ ਜਹਾਜ਼ਾਂ ਤੋਂ ਉਤਰਨ ਤੋਂ ਬਾਅਦ ਮਾਲ ਨੂੰ ਉਤਾਰਨ ਅਤੇ ਵਿਅਕਤੀਆਂ ਨੂੰ ਆਪੋ ਆਪਣੇ ਸਥਾਨਾਂ ਤੇ ਜਾਣ ਸਮੇਤ ਜ਼ਰੂਰੀ ਕੰਮਾਂ ਦੀ ਆਗਿਆ ਹੋਵੇਗੀ।
ਉਨ੍ਹਾਂ ਅੱਗੇ ਦੱਸਿਆ ਕਿ ਸਰਕਾਰ ਵੱਲੋਂ ਜ਼ਿਲ੍ਹਾ ਅਧਿਕਾਰੀਆਂ ਨੂੰ ਸੀ.ਆਰ.ਪੀ.ਸੀ ਦੀ ਧਾਰਾ 144 ਤਹਿਤ ਮਨਾਹੀ ਦੇ ਆਦੇਸ਼ ਜਾਰੀ ਕਰਨ ਅਤੇ ਸਖਤ ਪਾਲਣਾ ਨੂੰ ਯਕੀਨੀ ਬਣਾਉਣ ਦੀ ਹਿਦਾਇਤ ਦਿੱਤੀ ਗਈ ਹੈ। ਇਸ ਤੋਂ ਇਲਾਵਾ, ਯਾਤਰੀ ਰੇਲ ਗੱਡੀਆਂ ਅਤੇ ਸ਼੍ਰਮਿਕ ਵਿਸ਼ੇਸ਼ ਰੇਲ ਗੱਡੀਆਂ, ਘਰੇਲੂ ਹਵਾਈ ਯਾਤਰਾ, ਦੇਸ਼ ਤੋਂ ਬਾਹਰ ਫਸੇ ਭਾਰਤੀ ਨਾਗਰਿਕਾਂ ਦੀ ਆਵਾਜਾਈ ਅਤੇ ਵਿਦੇਸ਼ੀ ਨਾਗਰਿਕਾਂ ਨੂੰ ਬਾਹਰ ਕੱਢਣ ਅਤੇ ਨਿਸ਼ਾਨਦੇਹੀ ਅਤੇ ਭਾਰਤੀ ਸਮੁੰਦਰੀ ਯਾਤਰੀਆਂ ਦੇ ਸਾਈਨ ਆਨ ਅਤੇ ਸਾਈਨ ਆਫ ਐਸ.ਓ.ਪੀ.ਜ਼ ਅਨੁਸਾਰ ਨਿਯਮਤ ਕੀਤੇ ਜਾ ਸਕਦੇ ਹਨ। 65 ਸਾਲ ਤੋਂ ਵੱਧ ਉਮਰ ਦੇ ਵਿਅਕਤੀ, ਸਹਿ ਰੋਗ ਵਾਲੇ ਵਿਅਕਤੀਆਂ, ਗਰਭਵਤੀ ਔਰਤਾਂ ਅਤੇ 10 ਸਾਲ ਤੋਂ ਘੱਟ ਉਮਰ ਦੇ ਬੱਚਿਆਂ ਨੂੰ ਜ਼ਰੂਰੀ ਵਸਤਾਂ ਅਤੇ ਸਿਹਤ ਦੇ ਉਦੇਸ਼ਾਂ ਨੂੰ ਛੱਡ ਕੇ ਘਰ ਰਹਿਣ ਦੀ ਸਲਾਹ ਦਿੱਤੀ ਜਾਂਦੀ ਹੈ। ਵਿਆਹ ਨਾਲ ਜੁੜੇ ਇਕੱਠਾਂ ਵਿਚ ਮਹਿਮਾਨਾਂ ਦੀ ਗਿਣਤੀ 50 ਤੋਂ ਵੱਧ ਨਾ ਹੋਵੇ ਅਤੇ ਅੰਤਿਮ ਸੰਸਕਾਰ / ਅੰਤਮ ਰਸਮਾਂ ਵਿਚ ਵਿਅਕਤੀਆਂ ਦੀ ਗਿਣਤੀ 20 ਤੋਂ ਵੱਧ ਨਾ ਹੋਵੇ। ਜਨਤਕ ਥਾਵਾਂ `ਤੇ ਥੁੱਕਣ ’ਤੇ ਜੁਰਮਾਨੇ ਨਾਲ ਕਾਰਵਾਈ ਕੀਤੀ ਜਾਵੇਗੀ। ਧਾਰਮਿਕ ਸਥਾਨ ਸਵੇਰੇ 5 ਵਜੇ ਤੋਂ ਸ਼ਾਮ 8 ਵਜੇ ਤੱਕ ਖੁੱਲ੍ਹੇ ਰਹਿਣਗੇ। ਧਾਰਮਿਕ ਸਥਾਨਾਂ ’ਤੇ ਇਕ ਸਮੇਂ ਵਿਚ 20 ਤੋਂ ਵੱਧ ਲੋਕ ਇਕੱਠੇ ਨਹੀਂ ਹੋ ਸਕਦੇ। ਲੰਗਰ ਅਤੇ ਪ੍ਰਸਾਦ ਵੰਡਣ ਦੀ ਆਗਿਆ ਹੈ। ਇਸੇ ਤਰ੍ਹਾਂ, ਰੈਸਟੋਰੈਂਟਾਂ ਨੂੰ 50% ਸਮਰੱਥਾ ਜਾਂ 50 ਮਹਿਮਾਨਾਂ ਨਾਲ ਰਾਤ ਦੇ 9 ਵਜੇ ਤੱਕ ਖੁੱਲ੍ਹਣ ਦੀ ਆਗਿਆ ਦਿੱਤੀ ਗਈ ਹੈ। ਜੇਕਰ ਰੈਸਟੋਰੈਂਟ ਵਿਚ ਆਬਕਾਰੀ ਵਿਭਾਗ ਦੀ ਮਨਜ਼ੂਰੀ ਹੋਵੇ ਤਾਂ ਸ਼ਰਾਬ ਵਰਤਾਇਆ ਜਾ ਸਕਦਾ ਹੈ । ਹਾਲਾਂਕਿ, ਬਾਰਾਂ ਬੰਦ ਰਹਿਣਗੀਆਂ। ਉਹਨਾਂ ਅੱਗੇ ਕਿਹਾ ਕਿ ਹੋਟਲਾਂ ਵਿੱਚ ਰੈਸਟੋਰੈਂਟਾਂ ਨੂੰ 50 ਫੀਸਦੀ ਮਹਿਮਾਨਾਂ ਨਾਲ ਰਾਤ 9 ਵਜੇ ਤੱਕ ਬਫ਼ੇ ਸਮੇਤ ਖਾਣਾ ਦੇਣ ਦੀ ਪ੍ਰਵਾਨਗੀ ਦਿੱਤੀ ਗਈ ਹੈ। ਹਾਲਾਂਕਿ, ਰਾਜ ਦੀ ਆਬਕਾਰੀ ਨੀਤੀ ਤਹਿਤ ਆਗਿਆ ਅਨੁਸਾਰ ਸ਼ਰਾਬ ਕਮਰਿਆਂ ਅਤੇ ਰੈਸਟੋਰੈਂਟਾਂ ਵਿੱਚ ਵਰਤਾਈ ਜਾ ਸਕਦੀ ਹੈ।
ਉਨ੍ਹਾਂ ਅੱਗੇ ਕਿਹਾ ਕਿ ਰਾਤ ਦਾ ਕਰਫਿਊ ਸਖ਼ਤੀ ਨਾਲ ਲਾਗੂ ਕੀਤਾ ਜਾਵੇਗਾ ਅਤੇ ਵਿਅਕਤੀਆਂ ਨੂੰ ਸਿਰਫ਼ ਸਵੇਰੇ 5 ਵਜੇ ਤੋਂ ਰਾਤ 10 ਵਜੇ ਤੱਕ ਹੀ ਗਤੀਵਿਧੀ ਕਰਨ ਦੀ ਆਗਿਆ ਹੋਵੇਗੀ। ਮਹਿਮਾਨਾਂ ਨੂੰ ਫਲਾਇਟ/ਰੇਲ ਰਾਹੀਂ ਉਨ੍ਹਾਂ ਦੇ ਯਾਤਰਾ ਦੇ ਕਾਰਜਕ੍ਰਮ ਦੇ ਅਧਾਰ ‘ਤੇ ਰਾਤ 10 ਵਜੇ ਤੋਂ 5 ਵਜੇ ਦੇ ਵਿਚਕਾਰ ਹੋਟਲ ਦੇ ਅਹਾਤੇ ਵਿੱਚ ਦਾਖ਼ਲ ਹੋਣ ਅਤੇ ਛੱਡਣ ਦੀ ਆਗਿਆ ਹੋਵੇਗੀ, ਜਿਸ ਦੌਰਾਨ ਹਵਾਈ/ਰੇਲ ਟਿਕਟ ਜਾਂ ਹੋਟਲ ਬੁਕਿੰਗ ਕਰਫਿਊ ਪਾਸ ਵਜੋਂ ਇਸਤੇਮਾਲ ਕੀਤੀ ਜਾ ਸਕਦੀ ਹੈ। ਵਿਆਹ ਸਮਾਰੋਹਾਂ ਜਾਂ ਪਾਰਟੀਆਂ ਵਿੱਚ ਕੈਟਰਿੰਗ ਸਟਾਫ ਨੂੰ ਮਿਲਾ ਕੇ 50 ਤੱਕ ਵਿਅਕਤੀ ਸ਼ਾਮਲ ਹੋ ਸਕਣਗੇ। ਸ਼ਹਿਰੀ ਅਤੇ ਦਿਹਾਤੀ ਦੋਵਾਂ ਖੇਤਰਾਂ ਦੇ ਮੁੱਖ ਬਜ਼ਾਰਾਂ ਵਿੱਚ ਦੁਕਾਨਾਂ ਸਮੇਤ ਸਾਰੇ ਸ਼ਾਪਿੰਗ ਮਾਲ ਅਤੇ ਦੁਕਾਨਾਂ ਨੂੰ ਸਵੇਰੇ 7.00 ਵਜੇ ਤੋਂ ਸ਼ਾਮ 8.00 ਵਜੇ ਤੱਕ ਖੋਲ੍ਹਣ ਦੀ ਆਗਿਆ ਹੈ। ਸ਼ਰਾਬ ਦੇ ਠੇਕੇ ਸਵੇਰੇ 8 ਵਜੇ ਤੋਂ 9 ਵਜੇ ਤੱਕ ਖੁੱਲ੍ਹੇ ਰਹਿਣਗੇ। ਹਾਲਾਂਕਿ, ਭੀੜ-ਭੜੱਕੇ ਤੋਂ ਬਚਾਅ ਲਈ ਮੁੱਖ ਬਾਜ਼ਾਰਾਂ, ਮਾਰਕੀਟ ਕੰਪਲੈਕਸਾਂ ਤੇ ਰੇਹੜੀ ਬਜ਼ਾਰਾਂ ਅਤੇ ਹੋਰ ਭੀੜ ਵਾਲੀਆਂ ਥਾਵਾਂ `ਤੇ ਸਥਿਤ ਦੁਕਾਨਾਂ ਲਈ ਜ਼ਿਲ੍ਹਾ ਅਧਿਕਾਰੀ ਆਪਣੀ ਮਰਜ਼ੀ ਵਰਤ ਸਕਦੇ ਹਨ। ਨਾਈ ਦੀਆਂ ਦੁਕਾਨਾਂ, ਵਾਲ ਕੱਟਣ ਵਾਲੇ ਸੈਲੂਨ, ਬਿਊਟੀ ਪਾਰਲਰ ਅਤੇ ਸਪਾ ਨੂੰ ਸਵੇਰੇ 7 ਵਜੇ ਤੋਂ ਸ਼ਾਮ 8 ਵਜੇ ਤੱਕ ਖੋਲ੍ਹਣ ਦੀ ਆਗਿਆ ਹੋਵੇਗੀ।
ਬੁਲਾਰੇ ਨੇ ਕਿਹਾ ਕਿ ਜ਼ਰੂਰੀ ਚੀਜ਼ਾਂ ਵਾਲੀਆਂ ਦੁਕਾਨਾਂ ਨੂੰ ਸਾਰੇ ਦਿਨ ਰਾਤ 8 ਵਜੇ ਤੱਕ ਖੁੱਲ੍ਹਾ ਰਹਿਣ ਦਿੱਤਾ ਜਾਵੇਗਾ। ਐਤਵਾਰ ਨੂੰ ਦੁਕਾਨਾਂ (ਜ਼ਰੂਰੀ ਚੀਜ਼ਾਂ ਤੋਂ ਇਲਾਵਾ) ਅਤੇ ਸ਼ਾਪਿੰਗ ਮਾਲ ਬੰਦ ਰਹਿਣਗੇ। ਸਪੋਰਟਸ ਕੰਪਲੈਕਸ, ਸਟੇਡੀਅਮ ਅਤੇ ਜਨਤਕ ਪਾਰਕਾਂ ਨੂੰ ਬਿਨਾਂ ਦਰਸ਼ਕਾਂ ਦੇ ਸਵੇਰੇ 7 ਵਜੇ ਤੋਂ ਸ਼ਾਮ 8 ਵਜੇ ਤੱਕ ਖੁੱਲ੍ਹਣ ਦਿੱਤਾ ਜਾਵੇਗਾ। ਉਦਯੋਗਾਂ ਅਤੇ ਉਦਯੋਗਿਕ ਅਦਾਰਿਆਂ, ਨਿਰਮਾਣ ਕਾਰਜਾਂ ਆਦਿ ਦੀ ਆਗਿਆ ਹੋਵੇਗੀ। ਅੰਤਰਰਾਜੀ ਅਤੇ ਰਾਜ ਵਿੱਚ ਬੱਸਾਂ ਦੀ ਆਵਾਜਾਈ ਨੂੰ ਬਿਨਾਂ ਕਿਸੇ ਪਾਬੰਦੀ ਦੇ ਆਗਿਆ ਦਿੱਤੀ ਜਾਏਗੀ ਅਤੇ ਟਰਾਂਸਪੋਰਟ ਵਾਹਨ ਬੈਠਣ ਲਈ ਸਾਰੀਆਂ ਸੀਟਾਂ ਦੀ ਵਰਤੋਂ ਕਰ ਸਕਣਗੇ। ਉਦਯੋਗਾਂ ਅਤੇ ਹੋਰ ਅਦਾਰਿਆਂ ਨੂੰ ਉਨ੍ਹਾਂ ਦੇ ਕੰਮਕਾਜ ਲਈ ਵੱਖਰੀ ਆਗਿਆ ਦੀ ਲੋੜ ਨਹੀਂ ਪਵੇਗੀ। ਸਾਰੇ ਕਰਮਚਾਰੀਆਂ ਨੂੰ ਆਗਿਆ ਦਿੱਤੇ ਘੰਟਿਆਂ ਦੌਰਾਨ ਬਿਨਾਂ ਕਿਸੇ ਪਾਸ ਤੋਂ ਗਤੀਵਿਧੀ ਦੀ ਇਜਾਜ਼ਤ ਦਿੱਤੀ ਜਾਏਗੀ। ਵਿਅਕਤੀਆਂ ਅਤੇ ਚੀਜ਼ਾਂ ਦੀ ਅੰਤਰ-ਰਾਜੀ ਅਤੇ ਰਾਜ ਵਿੱਚ ਆਵਾਜਾਈ ਲਈ ਕੋਈ ਰੋਕ ਨਹੀਂ ਹੋਵੇਗੀ ਅਤੇ ਅਜਿਹੀ ਗਤੀਵਿਧੀ ਲਈ ਵੱਖਰੀ ਆਗਿਆ/ਮਨਜ਼ੂਰੀ/ਪਰਮਿਟ ਦੀ ਲੋੜ ਨਹੀਂ ਹੋਵੇਗੀ। ਅੰਤਰ-ਰਾਜ ਯਾਤਰੀਆਂ ਲਈ ਕੋਵਾ-ਐਪ ਅਤੇ ਸਵੈ-ਤਿਆਰ ਕੀਤੇ ਪਾਸ ਦੀ ਵਰਤੋਂ ਲਾਜ਼ਮੀ ਹੋਵੇਗੀ। ਸਾਰੀਆਂ ਗਤੀਵਿਧੀਆਂ ਵਿਚ ਸਮਾਜਿਕ ਦੂਰੀ ਦਾ ਧਿਆਨ ਰਖਦਿਆਂ ਘੱਟੋ-ਘੱਟ 6 ਫੁੱਟ ਦੂਰੀ ਹਮੇਸ਼ਾ ਰੱਖੀ ਜਾਵੇ। ਜੇ ਕਿਸੇ ਗਤੀਵਿਧੀ ਕਾਰਨ ਭੀੜ ਹੁੰਦੀ ਹੈ, ਤਾਂ ਸਮਾਜਿਕ ਦੂਰੀ ਨੂੰ ਯਕੀਨੀ ਬਣਾਉਣ ਲਈ ਸਟੇਗਰਿੰਗ, ਰੋਟੇਸ਼ਨ, ਦਫਤਰਾਂ ਅਤੇ ਅਦਾਰਿਆਂ ਦੇ ਸਮੇਂ ਵਿੱਚ ਤਬਦੀਲੀ ਆਦਿ ਜ਼ਰੂਰੀ ਕਦਮ ਚੁੱਕੇ ਜਾ ਸਕਦੇ ਹਨ। ਕੰਮ ਕਰਨ ਵਾਲੇ ਸਥਾਨਾਂ ਸਮੇਤ ਜਨਤਕ ਥਾਵਾਂ `ਤੇ ਸਾਰੇ ਵਿਅਕਤੀਆਂ ਦੁਆਰਾ ਮਾਸਕ ਪਹਿਨਣੇ ਲਾਜ਼ਮੀ ਹੋਣਗੇ ਅਤੇ ਇਸ ‘ਤੇ ਸਖ਼ਤੀ ਨਾਲ ਨਿਗਰਾਨੀ ਅਤੇ ਅਮਲ ਕੀਤਾ ਜਾਣਾ ਚਾਹੀਦਾ ਹੈ। ਇਸ ਦੇ ਨਾਲ ਹੀ ਸੂਬਾ ਸਰਕਾਰ ਨੇ ਕਰਮਚਾਰੀਆਂ ਅਤੇ ਜ਼ਿਲਾ ਅਧਿਕਾਰੀਆਂ ਨੂੰ ਆਰੋਗਯਾ ਸੇਤੂ ਐਪ ਇਨਸਟੋਲ ਕਰਨ ਅਤੇ ਰੈਗੂਲਰ ਐਪ ’ਤੇ ਅਪਡੇਟ ਕਰਨ ਦੀ ਦੀ ਵੀ ਸਲਾਹ ਦਿੱਤੀ ਗਈ ਹੈ। ਕਿਸੇ ਵੀ ਜਨਤਕ ਥਾਂ ’ਤੇ ਹੱਥਾਂ ਦੀ ਸਫਾਈ, ਸਮਾਜਿਕ ਦੂਰੀ ਅਤੇ ਮਾਸਕ ਪਹਿਨਣ ਨੂੰ ਯਕੀਨੀ ਬਣਾਉਣ ਲਈ ਢੁਕਵੇਂ ਪ੍ਰਬੰਧ ਕਰਨ ਦੀਆਂ ਵੀ ਹਿਦਾਇਤਾਂ ਦਿੱਤੀਆਂ ਗਈਆਂ ਹਨ।