girl murder house ludhiana: ਲੁਧਿਆਣਾ ‘ਚ ਉਸ ਸਮੇਂ ਸਨਸਨੀ ਵਾਲਾ ਮਾਹੌਲ ਪੈਦਾ ਹੋ ਗਿਆ ਜਦੋਂ ਇੱਥੇ ਇਕ ਘਰ ‘ਚ ਸ਼ੱਕੀ ਹਾਲਾਤਾਂ ‘ਚ ਕੁੜੀ ਦਾ ਕਤਲ ਹੋਣ ਦਾ ਮਾਮਲਾ ਸਾਹਮਣੇ ਆਇਆ। ਮਿਲੀ ਜਾਣਕਾਰੀ ਮੁਤਾਬਕ ਬੀਤੇ ਦਿਨ ਵੀਰਵਾਰ ਨੂੰ ਜ਼ਿਲ੍ਹੇ ਦੇ ਥਾਣਾ ਸੁਧਾਰ ਦੇ ਇਕ ਪਿੰਡ ‘ਚ ਲੜਕੀ ਦੇ ਮਾਤਾ-ਪਿਤਾ ਘਰ ਤੋਂ ਬਾਹਰ ਗਏ ਹੋਏ ਸੀ। ਜਦੋਂ ਦੇਰ ਸ਼ਾਮ ਉਹ ਵਾਪਿਸ ਪਹੁੰਚੇ ਤਾਂ ਕੁੜੀ ਖੂਨ ਨਾਲ ਲੱਥ-ਪੱਥ ਮਿਲੀ। ਜਦੋਂ ਲੜਕੀ ਨੂੰ ਨੇੜੇ ਦੇ ਹਸਪਤਾਲ ‘ਚ ਲਿਜਾਇਆ ਤਾਂ ਉਸ ਦੀ ਮੌਤ ਹੋ ਚੁੱਕੀ ਸੀ। ਮੌਕੇ ‘ਤੇ ਪਹੁੰਚੀ ਨੇ ਮਾਮਲਾ ਦਰਜ ਕਰ ਲਿਆ ਹੈ ਅਤੇ ਜਾਂਚ ਜਾਰੀ ਹੈ।
ਦੱਸਣਯੋਗ ਹੈ ਕਿ ਮ੍ਰਿਤਕ ਲੜਕੀ ਦੇ ਪਿਤਾ ਆਰਮੀ ਤੋਂ ਰਿਟਾਇਰਡ ਕੈਪਟਨ ਹਨ।ਉਨ੍ਹਾਂ ਦੀ ਪਹਿਲੀ ਪਤਨੀ ਦੀ ਮੌਤ ਹੋ ਚੁੱਕੀ ਹੈ ਅਤੇ ਉਸ ਦਾ ਬੇਟਾ ਆਪਣੀ ਪਤਨੀ ਸਮੇਤ ਬੱਚਿਆਂ ਨਾਲ ਵੱਖਰਾ ਰਹਿੰਦਾ ਸੀ। ਦੂਜੀ ਪਤਨੀ ਤੋਂ 23 ਸਾਲਾ ਬੇਟੀ ਸੀ, ਜੋ ਟੀਚਰ ਟ੍ਰੇਨਿੰਗ ਪੂਰੀ ਕਰ ਚੁੱਕੀ ਸੀ। ਇਹ ਵੀ ਦੱਸਿਆ ਜਾਂਦਾ ਹੈ ਕਿ ਬੀਤੇ ਦਿਨ ਬੁੱਧਵਾਰ ਨੂੰ ਮ੍ਰਿਤਕਾ ਦਾ ਮਤਰੇਇਆ ਭਰਾ ਆਪਣੀ ਪਤਨੀ ਅਤੇ ਬੱਚਿਆਂ ਨਾਲ ਆਇਆ ਸੀ, ਜੋ ਕਿ ਵੀਰਵਾਰ ਸਵੇਰਸਾਰ ਹੀ ਚਲੇ ਗਏ ਸੀ। ਦੁਪਹਿਰ ਤੋਂ ਬਾਅਦ ਮਾਤਾ-ਪਿਤਾ ਵੀ ਕਿਸੇ ਕੰਮ ਲਈ ਬਾਹਰ ਗਏ ਹੋਏ ਸੀ ਅਤੇ ਲੜਕੀ ਘਰ ‘ਚ ਇਕੱਲੀ ਸੀ। ਜਦੋਂ ਰਾਤ 8 ਵਜੇ ਲੜਕੀ ਦੇ ਮਾਤਾ-ਪਿਤਾ ਘਰ ਪਰਤੇ ਤਾਂ ਲੜਕੀ ਕਮਰੇ ‘ਚ ਜ਼ਖਮੀ ਹਾਲਤ ‘ਚ ਮਿਲੀ। ਜ਼ਖਮੀ ਹਾਲਤ ‘ਚ ਲੜਕੀ ਨੂੰ ਜਦੋਂ ਹਸਪਤਾਲ ਪਹੁੰਚਾਇਆ ਗਿਆ ਤਾਂ ਉਸ ਦੀ ਮੌਤ ਹੋ ਚੁੱਕੀ ਸੀ। ਮੌਤ ਦੇ ਕਾਰਨਾਂ ਬਾਰੇ ਕੋਈ ਵੀ ਜਾਣਕਾਰੀ ਸਾਹਮਣੇ ਨਹੀਂ ਆਈ ਫਿਲਹਾਲ ਪੋਸਟ ਮਾਰਟਮ ਦੀ ਰਿਪੋਰਟ ਤੋਂ ਬਾਅਦ ਹੀ ਇਸ ਸਬੰਧੀ ਪੁਸ਼ਟੀ ਹੋਵੇਗੀ।ਦੂਜੇ ਪਾਸੇ ਸੀ.ਸੀ.ਟੀ.ਵੀ ਕੈਮਰਿਆਂ ‘ਚ 3 ਨੌਜਵਾਨਾਂ ਨੂੰ ਮ੍ਰਿਤਕ ਲੜਕੀ ਦੇ ਘਰ ਨੇੜੇ ਦੇਖਿਆ ਗਿਆ, ਜਿਸ ਸਬੰਧੀ ਪੁਲਿਸ ਜਾਂਚ ਕਰ ਰਹੀ ਹੈ।