Covid-19 rapid antigen testing to : ਚੰਡੀਗੜ੍ਹ: ਪੰਜਾਬ ਵਿਚ ਅਗਲੇ ਹਫਤੇ ਤੋਂ ਕੋਵਿਡ-19 ਰੈਪਿਡ ਐਂਟੀਜਨ ਟੈਸਟਿੰਗ ਨੂੰ ਪਾਇਲਟ ਪ੍ਰਾਜੈਕਟ ਵਜੋਂ ਸ਼ੁਰੂ ਕੀਤਾ ਜਾਵੇਗਾ। ਇਸ ਨੂੰ ਅੱਜ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੱਲੋਂ ਹਰੀ ਝੰਡੀ ਦਿੱਤੀ ਗਈ। ਇਸ ਦੇ ਨਾਲ ਹੀ ਕੈਪਟਨ ਨੇ ਉੱਚ ਖਤਰੇ ਵਾਲੇ ਕੌਮੀ ਰਾਜਧਾਨੀ ਖੇਤਰ ਤੋਂ ਰੋਜ਼ਾਨਾ ਆਉਣ ਵਾਲੇ ਹਜ਼ਾਰਾਂ ਲੋਕਾਂ ਦੀ ਸਖਤ ਨਿਗਰਾਨੀ ਯਕੀਨੀ ਬਣਾਉਣ ਲਈ ਸ਼ੰਭੂ ਬਾਰਡਰ ਰਾਹੀਂ ਦਾਖਲ ਹੋਣ ਵਾਲਿਆਂ ਨੂੰ ਈ-ਰਜਿਸਟਰ ਹੋਣ ਲਈ ਕਿਹਾ।
ਰੈਪਿਡ ਐਂਟੀਜਨ ਟੈਸਟਿੰਗ ਜੋ ਘੱਟੋ-ਘੱਟ 1000 ਟੈਸਟਾਂ ਨੂੰ ਕਵਰ ਕਰੇਗਾ, ਦੇ ਪਾਇਲਟ ਪ੍ਰਾਜੈਕਟ ਅਧੀਨ ਉਦਯੋਗ ਖੁੱਲ੍ਹਣ ਅਤੇ ਖੇਤਾਂ ਵਿੱਚ ਝੋਨੇ ਦੀ ਲਵਾਈ ਲਈ ਸੂਬੇ ਵਿੱਚ ਆਉਣ ਵਾਲੇ ਪਰਵਾਸੀ ਮਜ਼ਦੂਰਾਂ ਦੇ ਇਹ ਟੈਸਟ ਕੀਤੇ ਜਾਣਗੇ, ਜਿਸ ਦੇ ਲਈ ਸੂਬਾ ਸਰਕਾਰ ਵੱਲੋਂ ਕੋਵਿਡ ਟੈਸਟਾਂ ਦੀ ਸਮਰੱਥਾ ਹੋਰ ਵਧਾਉਣ ਲਈ ਰੈਪਿਡ ਐਂਟੀਜਨ ਟੈਸਟਿੰਗ ਕਿੱਟਾਂ ਦੀ ਖਰੀਦ ਕੀਤੀ ਜਾਵੇਗੀ। ਦੱਸਣਯੋਗ ਹੈ ਕਿ ਮੌਜੂਦਾ ਸਮੇਂ ਪੰਜਾਬ ਵਿੱਚ ਟੈਸਟਾਂ ਦੀ ਦਰ ਭਾਰਤ ਸਰਕਾਰ ਵੱਲੋਂ ਨਿਰਧਾਰਤ ਕੀਤੀ 10 ਲੱਖ ਪਿੱਛੇ 140 ਟੈਸਟ ਪ੍ਰਤੀ ਦਿਨ ਦੀ ਦਰ ਨਾਲੋਂ ਵੱਧ ਹੈ। ਇਸ ਦੇ ਨਾਲ ਹੀ ਕੋਰੋਨਾ ਪਾਜ਼ੇਟਿਵ ਦੇ 10 ਫੀਸਦੀ ਕੇਸਾਂ ਦੀ ਦਰ ਮੁਕਾਬਲੇ ਪੰਜਾਬ ਵਿੱਚ ਇਹ ਦਰ ਵੀ ਕਾਫੀ ਘੱਟ ਹੈ। 2 ਫੀਸਦੀ ਪਾਜ਼ੀਟਿਵ ਕੇਸਾਂ ਦੀ ਦਰ ਵਾਲੇ ਪੰਜਾਬ ਵਿੱਚ ਮੌਜੂਦਾ ਸਮੇਂ ਰੋਜ਼ਾਨਾ 10 ਲੱਖ ਪਿੱਛੇ 242 ਟੈਸਟ ਕੀਤੇ ਜਾ ਰਹੇ ਹਨ ਜੋ ਕਿ ਇਸ ਮਹਾਂਮਾਰੀ ਦੇ ਅੱਗੇ ਫੈਲਣ ਤੋਂ ਰੋਕਣ ਲਈ ਉਲੀਕੀ ਗਈ ਵਿਆਪਕ ਰਣਨੀਤੀ ਦਾ ਹਿੱਸਾ ਹੈ।
ਮੁੱਖ ਮੰਤਰੀ ਨੇ ਵੀਡੀਓ ਕਾਨਫਰੰਸਿੰਗ ਜ਼ਰੀਏ ਹੋਈ ਮੀਟਿੰਗ ਰਾਹੀਂ ਸੂਬੇ ਦੇ ਸੀਨੀਅਰ ਅਤੇ ਸਿਹਤ ਅਧਿਕਾਰੀਆਂ ਨਾਲ ਕੋਵਿਡ ਦੀ ਸਥਿਤੀ ਤੇ ਤਿਆਰੀਆਂ ਦਾ ਜਾਇਜ਼ਾ ਲੈਂਦਿਆਂ ਇਹ ਸਪੱਸ਼ਟ ਕੀਤਾ ਕਿ ਕਿਸੇ ਵੀ ਵਾਹਨ ਨੂੰ ਸਖਤ ਨਿਗਰਾਨੀ ਵਿਧੀ ਨੂੰ ਅਪਣਾਉਣ ਤੋਂ ਬਿਨਾਂ ਪੰਜਾਬ ਵਿੱਚ ਦਾਖਲ ਹੋਣ ਦੀ ਇਜਾਜ਼ਤ ਨਹੀਂ ਦਿੱਤੀ ਜਾਣੀ ਚਾਹੀਦੀ। ਘਰੇਲੂ ਯਾਤਰੀਆਂ ਲਈ ਸਵੈ ਨਿਗਰਾਨੀ ਹੇਠ ਘਰੇਲੂ ਏਕਾਂਤਵਾਸ ਦੀ ਥਾਂ ਲੈਣ ਬਾਰੇ ਭਾਰਤ ਸਰਕਾਰ ਵੱਲੋਂ ਜਾਰੀ ਸੋਧੇ ਦਿਸ਼ਾ ਨਿਰਦੇਸ਼ਾਂ ਨਾਲ ਸਹਿਮਤ ਨਾ ਹੁੰਦਿਆ ਮੁੱਖ ਮੰਤਰੀ ਨੇ ਇਸ ਨੂੰ ਰੱਦ ਕਰਦਿਆਂ ਕਿਹਾ ਕਿ ਪੰਜਾਬ ਵਿੱਚ ਇਹ ਕਦਮ ਨਹੀਂ ਚੁੱਕਿਆ ਜਾਵੇਗਾ ਕਿਉਂਕਿ ਰੋਜ਼ਾਨਾ ਦਿੱਲੀ ਅਤੇ ਕੌਮੀ ਰਾਜਧਾਨੀ ਖੇਤਰ ਜਿੱਥੇ ਮੌਜੂਦਾ ਸਮੇਂ ਕੇਸਾਂ ਦੀ ਗਿਣਤੀ ਬਹੁਤ ਵਧੀ ਹੈ, ਤੋਂ ਸੂਬੇ ਵਿੱਚ ਵੱਡੀ ਗਿਣਤੀ ‘ਚ ਲੋਕ ਆਉਂਦੇ ਹਨ।