Punjab govt extends : ਚੰਡੀਗੜ੍ਹ : ਪੰਜਾਬ ਸਰਕਾਰ ਵੱਲੋਂ ਸਾਬਕਾ ਫੌਜੀਆਂ ਦੀ ਭਲਾਈ ਨੂੰ ਧਿਆਨ ਵਿੱਚ ਰੱਖਦਿਆਂ ਯੂ.ਪੀ.ਐਸ.ਸੀ. ਦੇ ਪੈਟਰਨ ‘ਤੇ ਪੀਸੀਐਸ ਦੀਆਂ ਪ੍ਰੀਖਿਆਵਾਂ ਦੇਣ ਦੇ ਮੌਕਿਆਂ ਵਿਚ ਵਾਧਾ ਕਰ ਦਿੱਤਾ ਗਿਆ ਹੈ। ਮੰਤਰੀ ਮੰਡਲ ਦੀ ਅੱਜ ਹੋਈ ਬੈਠਕ ਦੌਰਾਨ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੱਲੋਂ ਬੀਤੇ ਹਫਤੇ ਕੀਤੇ ਐਲਾਨ ਤੋਂ ਬਾਅਦ ਪੀ.ਸੀ.ਐਸ. ਬਣਨ ਦੇ ਚਾਹਵਾਨ ਸਾਬਕਾ ਫੌਜੀਆਂ ਲਈ ਮੌਕੇ ਵਧਾਉਣ ਨੂੰ ਮਨਜ਼ੂਰੀ ਦੇ ਦਿੱਤੀ ਗਈ ਹੈ, ਜਿਸ ਨਾਲ ਜਨਰਲ ਸ਼੍ਰੇਣੀ ਦੇ ਸਾਬਕਾ ਫੌਜੀ ਉਮੀਦਵਾਰਾਂ ਨੂੰ ਮੌਜੂਦਾ ਸਮੇਂ ਪੀਸੀਐਸ ਦੀ ਪ੍ਰੀਖਿਆ ਦੇਣ ਦੇ ਚਾਰ ਮੌਕੇ ਮਿਲਦੇ ਸਨ ਪਰ ਹੁਣ ਇਨ੍ਹਾਂ ਨੂੰ ਵਧਾ ਕੇ 6 ਕਰ ਦਿੱਤਾ ਗਿਆ ਹੈ। ਇਸੇ ਤਰ੍ਹਾਂ ਪਛੜੀ ਸ਼੍ਰੇਣੀ ਦੇ ਸਾਬਕਾ ਫੌਜੀ ਉਮੀਦਵਾਰਾਂ ਲਈ 4 ਚਾਰ ਮੌਕਿਆਂ ਤੋਂ ਵਧਾ ਕੇ 9 ਮੌਕੇ ਕਰ ਦਿੱਤੇ ਗਏ ਹਨ, ਜਦੋਂਕਿ ਅਨੁਸੂਚਿਤ ਜਾਤੀ ਸ਼੍ਰੇਣੀ ਦੇ ਸਾਬਕਾ ਸੈਨਿਕਾਂ ਲਈ ਅਣਗਿਣਤ ਮੌਕੇ ਕਰ ਦਿੱਤੇ ਗਏ ਹਨ।
ਪੰਜਾਬ ਰਾਜ ਸਿਵਲ ਸੇਵਾਵਾਂ ਸਾਂਝੀ ਮੁਕਾਬਲਾ ਪ੍ਰੀਖਿਆ ਵਿੱਚ ਮੌਕਿਆਂ ਦੀ ਗਿਣਤੀ ਵਿੱਚ ਇਹ ਵਾਧਾ ਹੁਣ ਕੇਂਦਰੀ ਲੋਕ ਸੇਵਾ ਕਮਿਸ਼ਨ (ਯੂ.ਪੀ.ਐਸ.ਸੀ.) ਵੱਲੋਂ ਦਿੱਤੇ ਜਾਂਦੇ ਮੌਕਿਆਂ ਦੇ ਪੈਟਰਨ ਅਨੁਸਾਰ ਕੀਤਾ ਗਿਆ ਹੈ। ਜ਼ਿਕਰਯੋਗ ਹੈ ਕਿ ਮੌਜੂਦਾ ਨਿਯਮਾਂ ਤਹਿਤ ਪੀ.ਸੀ.ਐਸ. ਦੀ ਪ੍ਰੀਖਿਆ ਲਈ ਸਾਰੇ ਵਰਗਾਂ ਦੇ ਸਾਬਕਾ ਸੈਨਿਕ ਉਮੀਦਵਾਰਾਂ ਨੂੰ ਵੱਧ ਤੋਂ ਵੱਧ ਚਾਰ ਹੀ ਮੌਕੇ ਮਿਲਦੇ ਸਨ।
ਦੱਸਣਯੋਗ ਹੈ ਕਿ ਪੰਜਾਬ ਲੋਕ ਸੇਵਾ ਕਮਿਸ਼ਨ ਵੱਲੋਂ ਪਹਿਲਾਂ ਵੀ ਮੁੱਖ ਸਕੱਤਰ ਦੇ ਨੋਟਿਸ ਵਿਚ ਇਸ ਗੱਲ ਨੂੰ ਲਿਆਇਆ ਗਿਆ ਸੀ ਕਿ ਪੰਜਾਬ ਰਾਜ ਸਿਵਲ ਸੇਵਾਵਾਂ ਸਾਂਝੀ ਮੁਕਾਬਲਾ ਪ੍ਰੀਖਿਆ ਲਈ ਸਾਬਕਾ ਸੈਨਿਕਾਂ ਅਤੇ ਦਿਵਿਆਂਗ ਵਿਅਕਤੀਆਂ ਲਈ ਨਿਰਧਾਰਤ ਕੀਤੇ ਮੌਕਿਆਂ ਦੀ ਤਰੁਟੀ ਨੂੰ ਦੂਰ ਕਰਕੇ ਮੌਕੇ ਵਧਾਉਣ ਲਈ ਉਨ੍ਹਾਂ ਕੋਲ ਕਈ ਮੰਗ ਪੱਤਰ ਪਹੁੰਚੇ ਸਨ। ਮੁੱਖ ਮੰਤਰੀ ਦੀ ਅਗਵਾਈ ਵਾਲੀ ਕੈਬਨਿਟ ਵੱਲੋਂ ਸਾਬਕਾ ਸੈਨਿਕਾਂ ਲਈ ਭਰਤੀ ਦੇ ਕਾਨੂੰਨ ‘ਪੰਜਾਬ ਰਿਕੂਰਟਮੈਂਟ ਆਫ ਐਕਸ ਸਰਵਿਸਮੈਨ ਰੂਲਜ਼, 1982 ਦੇ ਰੂਲ 5 ਦੀ ਕਲਾਜ (1) ਵਿੱਚ ਮੌਜੂਦਾ ਉਪਬੰਧ ਵਿੱਚ ਸੋਧ ਨੂੰ ਪ੍ਰਵਾਨਗੀ ਦਿੰਦਿਆਂ ਲਏ ਗਏ ਇਸ ਫੈਸਲੇ ਨਾਲ ਸਾਬਕਾ ਸੈਨਿਕਾਂ ਦੀ ਭਰਤੀ ਦੇ 1982 ਦੇ ਨਿਯਮਾਂ ਦੇ ਰੂਲ 5 ਵਿਚਲੀ ਤਰੁਟੀ ਦੂਰ ਹੋ ਜਾਵੇਗੀ।