Gurpatwant Singh Pannu : 4 ਜੁਲਾਈ ਨੂੰ ਸ੍ਰੀ ਅਕਾਲ ਤਖਤ ਸਾਹਿਬ ਵਿਚ ਅਰਦਾਸ ਕਰਕੇ ਰੈਫਰੈਂਡਮ 2020 ਲਈ ਵੋਟਰਾਂ ਦੀ ਰਜਿਸਟ੍ਰੇਸ਼ਨ ਸ਼ੁਰੂ ਕਰਨ ‘ਚ ਅਸਫਲ ਰਹੇ ਸਿੱਖ ਫਾਰ ਜਸਟਿਸ (ਐੱਸ. ਐੱਫ. ਜੇ) ਦੇ ਕਾਨੂੰਨੀ ਸਲਾਹਕਾਰ ਅੱਤਵਾਦੀ ਗੁਰਪਤਵੰਤ ਸਿੰਘ ਪੰਨੂ ਨੇ ਹੁਣ ਇਕ ਨਵੀਂ ਸਾਜਿਸ਼ ਰਚੀ ਹੈ। ਪੰਨੂੰ ਨੇ 19 ਜੁਲਾਈ ਨੂੰ ਦਿੱਲੀ ਸਥਿਤ ਇਤਿਹਾਸਕ ਗੁਰਦੁਆਰਾ ਸ੍ਰੀ ਬੰਗਲਾ ਸਾਹਿਬ ਤੇ ਸ਼ੀਸ਼ਗੰਜ ਸਾਹਿਬ ਵਿਚ ਅਰਦਾਸ ਕਰਨ ਤੋਂ ਬਾਅਦ ਰੈਫਰੈਂਡਮ 2020 ਲਈ ਵੋਟਰਾਂ ਦੀ ਰਜਿਸਟ੍ਰੇਸ਼ਨ ਦੀ ਸ਼ੁਰੂਆਤ ਕਰਨ ਦਾ ਐਲਾਨ ਕੀਤਾ ਹੈ।
ਗੁਰਪਤਵੰਤ ਸਿੰਘ ਪੰਨੂ ਦੀ ਇਸ ਸਾਜਿਸ਼ ਨਾਲ ਪੰਜਾਬ ਵਿਚ ਰੈਫਰੈਂਡਮ2020 ਦੀ ਹਵਾ ਨਿਕਲ ਗਈ ਹੈ। ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਾਬਕਾ ਪ੍ਰਧਾਨ ਮਨਜੀਤ ਸਿੰਘ ਨੇ ਕਿਹਾ ਕਿ ਦਿੱਲੀ ਨੂੰ ਖਾਲਿਸਤਾਨ ਬਣਾਉਣ ਦੀ ਧਮਕੀ ਦੇਣ ਵਾਲਾ ਅੱਤਵਾਦੀ ਪੰਨੂ ਆਈ. ਐੱਸ. ਆਈ. ਦੇ ਏਜੰਡੇ ‘ਤੇ ਕੰਮ ਕਰ ਰਿਹਾ ਹੈ। ISI ਦੇ ਇਸ਼ਾਰੇ ‘ਤੇ ਅਮਰੀਕਾ ਵਿਚ ਬੈਠ ਕੇ ਐੱਸ. ਐੱਫ. ਜੇ. ਨੂੰ ਸੰਚਾਲਿਤ ਕਰਕੇ ਪੰਨੂ ਦੇਸ਼ ਨੂੰ ਤੋੜਨ ਦੀ ਕੋਸ਼ਿਸ਼ ਕਰ ਰਿਹਾ ਹੈ। ਜੇਕਰ ਪੰਨੂ ਨੂੰ ਖਾਲਿਸਤਾਨ ਦੀ ਸਥਾਪਨਾ ਕਰਨੀ ਹੈ ਤਾਂ ਉਹ ਪਹਿਲਾਂ ਭਾਰਤ ਆਏ। ਭਾਰਤੀ ਸੰਵਿਧਾਨ ਮੁਤਾਬਕ ਸੰਘਰਸ਼ ਕਰੇ ਜਿਸ ਤਰ੍ਹਾਂ ਵੱਖਵਾਦੀ ਨੇਤਾ ਸਿਮਰਨਜੀਤ ਸਿੰਘ ਮਾਨ ਤੇ ਦਲ ਖਾਲਸਾ ਖਾਲਿਸਤਾਨ ਲਈ ਸੰਘਰਸ਼ ਕਰ ਰਹੇ ਹਨ।
ਮਨਜੀਤ ਸਿੰਘ ਜੀਕੇ ਵਲੋਂ ਰੈਫਰੈਂਡਮ 2020 ਦਾ ਵਿਰੋਧ ਕਰਨ ‘ਤੇ ਪਾਕਿਸਤਾਨ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਾਬਕਾ ਜਨਰਲ ਸਕੱਤਰ ਤੇ ਖਾਲਿਸਤਾਨੀ ਸਮਰਥਕ ਗੋਪਾਲ ਚਾਵਲਾ ਨੇ ਉਨ੍ਹਾਂ ਨੂੰ ਚਿਤਾਵਨੀ ਦਿੱਤੀ ਹੈ। ਇਕ ਵੀਡੀਓ ਸੰਦੇਸ਼ ਰਾਹੀਂ ਚਾਵਲਾ ਨੇ ਜੀ. ਕੇ. ਨੂੰ ਚੇਤਾਵਨੀ ਦਿੱਤੀ ਹੈ ਕਿ ਉਹ ਰੈਫਰੈਂਡਮ 2020 ਦਾ ਵਿਰੋਧ ਨਾ ਕਰੇ ਤੇ ਨਾਲ ਹੀ ਪਾਕਿਸਤਾਨ ਦੇ ਵਿਰੁੱਧ ਬਿਆਨਬਾਜ਼ੀ ਨਾ ਕਰਨ ਦੀ ਵੀ ਚੇਤਵਾਨੀ ਦਿੱਤੀ।