In Kharar robbers : ਖਰੜ ਤੋਂ ਏ. ਟੀ. ਐੱਮ. ਲੁੱਟ ਦੀ ਵਾਰਦਾਤ ਸਾਹਮਣੇ ਆਈ ਹੈ। ਸ਼ਨੀਵਾਰ ਦੇਰ ਰਾਤ ਮੋਹਾਲੀ ਜਿਲ੍ਹੇ ਅਧੀਨ ਪੈਂਦੇ ਪਿੰਡ ਘੜੂੰਆਂ ਵਿਚ ਕਰੂਜ਼ ਗੱਡੀ ਵਿਚ ਆਏ ਲੁਟੇਰੇ PNB ਬੈਂਕ ਦੀ ਏ. ਟੀ. ਐੱਮ. ਮਸ਼ੀਨ ਤੋਂ ਸਾਢੇ 8 ਲੱਖ ਰੁਪਏ ਲੁੱਟ ਕੇ ਫਰਾਰ ਹੋ ਗਏ। ਦੱਸਿਆ ਜਾ ਰਿਹਾ ਹੈ ਕਿ ਏ. ਟੀ. ਐੱਮ. ‘ਤੇ ਕੋਈ ਸੁਰੱਖਿਆ ਗਾਰਡ ਮੌਜੂਦ ਨਹੀਂ ਸੀ। ਲੁਟੇਰਿਆਂ ਨੇ ਪਹਿਲਾਂ ਏ. ਟੀ. ਐੱਮ. ਨੂੰ ਗੈਸ ਕਟਰ ਮਸ਼ੀਨ ਦੀ ਮਦਦ ਨਾਲ ਕੱਟਿਆ ਅਤੇ ਫਿਰ ਨਕਦੀ ਲੁੱਟ ਕੇ ਫਰਾਰ ਹੋ ਗਏ।
ਪੁਲਿਸ ਨੂੰ ਏ. ਟੀ.ਐੱਮ. ਲੁੱਟ ਦਾ ਪਤਾ ਸਵੇਰੇ 4 ਵਜੇ ਲੱਗਾ। ਪੁਲਿਸ ਨੇ ਮੌਕੇ ‘ਤੇ ਜਾ ਕੇ ਬੈਂਕ ਮੈਨੇਜਰ ਨਾਲ ਸੰਪਰਕ ਕੀਤਾ ਜਿਨ੍ਹਾਂ ਨੇ ਪੁਲਿਸ ਨੂੰ ਏ. ਟੀ. ਐੱਮ. ਵਿਚ ਪਈ ਰਕਮ ਦੀ ਪੂਰੀ ਜਾਣਕਾਰੀ ਦਿੱਤੀ। ਦੱਸਿਆ ਜਾ ਰਿਹਾ ਹੈ ਕਿ ਇਹ ਬੈਂਕ ਆਬਾਦੀ ਵਾਲੇ ਖੇਤਰ ਵਿਚ ਸਰਕਾਰੀ ਹਸਪਤਾਲ ਦੇ ਨੇੜੇ ਹੈ। ਪੁਲਿਸ ਨੂੰ ਏ. ਟੀ. ਐੱਮ. ਦੇ ਬਾਹਰ ਬੇਹੋਸ਼ ਕੀਤੇ ਹੋਏ ਆਵਾਰਾ ਕੁੱਤੇ ਵੀ ਮਿਲੇ।
ਲੁਟੇਰਿਆਂ ਨੇ ATM ਵਿਚ ਦਾਖਲ ਹੋਣ ਤੋਂ ਪਹਿਲਾਂ ਉਸ ਦੇ ਬਾਹਰ ਲੱਗੇ ਸੀ. ਸੀ. ਟੀ. ਵੀ. ਕੈਮਰੇ ਨੂੰ ਵੀ ਤੋੜ ਲਿਆ। ਪੁਲਿਸ ਨੇ ਬੈਂਕ ਅਧਿਕਾਰੀ ਦੇ ਬਿਆਨਾਂ ‘ਤੇ ਅਣਪਛਾਤੇ ਲੁਟੇਰਿਆਂ ਖਿਲਾਫ ਲੁੱਟ ਦਾ ਮਾਮਲਾ ਦਰਜ ਕਰ ਲਿਆ ਹੈ। ਮੋਹਾਲੀ ਦੀ ਐੱਸ. ਪੀ. ਰੂਰਲ ਰਵਜੋਤ ਕੌਰ ਗਰੇਵਾਲ ਨੇ ਦੱਸਿਆ ਕਿ ਸੀ. ਸੀ. ਟੀ. ਵੀ. ਕੈਮਰਿਆਂ ਦੀ ਫੁਟੇਜ ਚੈੱਕ ਕੀਤੀ ਜਾ ਰਹੀ ਹੈ। ਜਲਦੀ ਹੀ ਲੁਟੇਰਿਆਂ ‘ਤੇ ਕਾਬੂ ਕਰ ਲਿਆ ਜਾਵੇਗਾ।