PAU employee corona positive: ਲੁਧਿਆਣਾ ‘ਚ ਹੁਣ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਦੇ ਅਸਟੇਟ ਵਿਭਾਗ ਤਹਿਤ ਸੈਨੀਟੇਸ਼ਨ ਵਿੰਗ ‘ਚ ਤਾਇਨਾਤ ਕਰਮਚਾਰੀ ਵੀ ਕੋਰੋਨਾ ਪਾਜ਼ੀਟਿਵ ਮਿਲਿਆ ਹੈ। ਇਸ ਤੋਂ ਬਾਅਦ ਕੈਂਪਸ ‘ਚ ਰਹਿਣ ਵਾਲੇ ਕਰਮਚਾਰੀਆਂ ਦੀ ਚਿੰਤਾ ਹੋਰ ਵੱਧ ਗਈ ਹੈ। ਦੱਸ ਦੇਈਏ ਕਿ ਹੁਣ ਸੈਨੀਟੇਸ਼ਨ ਵਿੰਗ ‘ਚ ਤਾਇਨਾਤ 35 ਸਾਲਾਂ ਕਰਮਚਾਰੀ ਅਰਵਿੰਦਰ ਸਿੰਘ ਗਰੇਵਾਲ ਦੀ ਰਿਪੋਰਟ ਕੋਰੋਨਾ ਪਾਜ਼ੀਟਿਵ ਆਈ ਹੈ ਅਤੇ ਕਰਮਚਾਰੀ ਦੀ ਰਿਹਾਇਸ਼ ਵੀ ਯੂਨੀਵਰਸਿਟੀ ਕੈਂਪਸ ‘ਚ ਹੀ ਹੈ। ਇਸ ਕਰਮਚਾਰੀ ਦੇ ਨਾਲ ਕੰਮ ਕਰਨ ਵਾਲੇ 3-4 ਕਰਮਚਾਰੀਆਂ ਦਾ ਵੀ ਕੋਰੋਨਾ ਟੈਸਟ ਕਰਵਾਇਆ ਜਾ ਰਿਹਾ ਹੈ ਪਰ ਹਾਲੇ ਉਨ੍ਹਾਂ ਦੀ ਰਿਪੋਰਟ ਨਹੀਂ ਆਈ ਹੈ।
ਦੱਸਣਯੋਗ ਹੈ ਕਿ ਪਹਿਲਾਂ ਪੰਜਾਬ ਖੇਤੀਬਾੜੀ ਯੂਨੀਵਰਸਿਟੀ ‘ਚ ਮਹਿਲਾ ਸੀਨੀਅਰ ਅਸਿਸਟੈਂਟ ਦੀ ਰਿਪੋਰਟ ਪਾਜ਼ੀਟਿਵ ਆਈ ਸੀ, ਜਿਸ ਤੋਂ ਬਾਅਦ ਯੂਨੀਵਰਸਿਟੀ ਪ੍ਰਸ਼ਾਸਨ ਨੇ ਪੀ.ਏ.ਯੂ ਕੈਂਪਸ ਨੂੰ ਕੁਝ ਦਿਨਾਂ ਲਈ ਬੰਦ ਕਰਨ ਦਾ ਫੈਸਲਾ ਕਰਨਾ ਪਿਆ ਸੀ। ਇਸ ਤੋਂ ਇਲਾਵਾ ਲੁਧਿਆਣਾ ‘ਚ ਹੁਣ ਦਿਨ-ਬ-ਦਿਨ ਖਤਰਨਾਕ ਕੋਰੋਨਾਵਾਇਰਸ ਦਾ ਕਹਿਰ ਵੱਧਦਾ ਹੀ ਜਾ ਰਿਹਾ ਹੈ। ਹੁਣ ਤੱਕ ਮਹਾਨਗਰ ‘ਚ ਕੋਰੋਨਾ ਪੀੜ੍ਹਤਾਂ ਦੀ ਗਿਣਤੀ 2059 ਤੱਕ ਪਹੁੰਚ ਚੁੱਕੀ ਹੈ ਅਤੇ ਮ੍ਰਿਤਕਾਂ ਦੀ ਗਿਣਤੀ 51 ਹੋ ਗਈ ਹੈ।