Employment being provided by : ਪੇਂਡੂ ਵਿਕਾਸ ਅਤੇ ਪੰਚਾਇਤ ਵਿਭਾਗ ਵਲੋਂ ਕੋਰੋਨਾ ਵਾਇਰਸ ਦੀ ਚੱਲ ਰਹੀ ਇਸ ਮੁਸ਼ਕਲ ਘੜੀ ਵਿਚ ਗਰੀਬ ਪੇਂਡੂ ਲੋਕਾਂ ਨੂੰ ਵੱਧ ਤੋਂ ਵੱਧ ਰੁਜ਼ਗਾਰ ਮੁਹੱਈਆ ਕਰਵਾਉਣ ਲਈ ਹਰ ਹੀਲਾ ਵਸੀਲਾ ਵਰਤਿਆ ਜਾ ਰਿਹਾ ਹੈ, ਜਿਸ ਅਧੀਨ ਵਿਭਾਗ ਵਲੋਂ ਇਸ ਬਿਮਾਰੀ ਤੋਂ ਬਚਾਅ ਲਈ ਮਾਸਕ ਅਤੇ ਐਪਰਨ ਸੈਲਫ ਹੈਲਪ ਗਰੁੱਪਾਂ ਰਾਹੀਂ ਵੱਡੇ ਪੱਧਰ ‘ਤੇ ਤਿਆਰ ਕਰਵਾ ਕੇ ਸਿਵਲ ਅਤੇ ਪੁਲਿਸ ਪ੍ਰਸਾਸ਼ਨ ਨੂੰ ਦਿੱਤੇ ਜਾ ਰਹੇ ਹਨ।
ਇਸ ਦੇ ਚੱਲਦਿਆਂ ਹੁਣ ਤੱਕ ਸੂਬੇ ਦੇ ਸੈਲਫ਼ ਹੈਲਪ ਗਰੁੱਪਾਂ ਵਲੋਂ ਤਕਰੀਬਨ ਛੇ ਲੱਖ ਮਾਸਕ ਤੇ ਐਪਰਨ ਤਿਆਰ ਕੀਤੇ ਗਏ ਹਨ ਅਤੇ 10 ਲੱਖ ਹੋਰ ਮਾਸਕ ਸੈਲਫ ਹੈਲਪ ਗਰੁੱਪਾਂ ਵਲੋਂ ਤਿਆਰ ਕਰਕੇ ਦਿੱਤੇ ਜਾਣਗੇ। ਇਹ ਜਾਣਕਾਰੀ ਪੇਂਡੂ ਵਿਕਾਸ ਤੇ ਪੰਚਾਇਤ ਮੰਤਰੀ ਸ੍ਰ ਤ੍ਰਿਪਤ ਰਜਿੰਦਰ ਸਿੰਘ ਬਾਜਵਾ ਨੇ ਦਿੱਤੀ। ਸੈਲਫ ਹੈਲਪ ਗਰੁੱਪਾਂ ਨੂੰ ਮਾਸਕ ਬਣਾਉਣ ਲਈ ਵੱਖ ਵੱਖ ਸੰਸਥਾਵਾਂ ਅਤੇ ਪ੍ਰਸਾਸ਼ਨ ਵਲੋਂ ਸਮਾਨ ਮੁਹੱਈਆ ਕਰਵਾਇਆ ਜਾਂਦਾ ਹੈ ਅਤੇ ਮਾਸਕ ਤਿਆਰ ਕਰਨ ਲਈ ਸੈਲਫ ਹੈਲਪ ਗਰੁੱਪ ਨੂੰ ਪ੍ਰਤੀ ਮਾਸਕ 5 ਰੁਪਏ ਮਿਹਨਤਾਨਾ ਦਿੱਤਾ ਜਾਂਦਾ ਹੈ।
ਇਸ ਸੰਕਟ ਦੀ ਘੜੀ ਆਜੀਵਕਾ ਮਿਸ਼ਨ ਅਧੀਨ ਪੇਂਡੂ ਗਰੀਬ ਔਰਤਾਂ ਨੂੰ ਰੁਜ਼ਗਾਰ ਮਿਲ ਰਿਹਾ ਹੈ ਅਤੇ ਇਸ ਕੰਮ ਤੋਂ ਹੋ ਰਹੀ ਕਮਾਈ ਨਾਲ ਉਹ ਆਪਣੇ ਪਰਿਵਾਰ ਦਾ ਗੁਜ਼ਾਰਾ ਚਲਾ ਰਹੀਆਂ ਹਨ। ਕੋਵਿਡ ਤੋਂ ਬਚਾਅ ਲਈ ਵਿਭਾਗ ਵੱਲੋਂ ਸਰਪੰਚਾਂ ਦੇ ਵਟਸਐਪ ਗਰੁੱਪ ਬਣਾ ਕੇ ਜਾਣਕਾਰੀ ਵੀ ਸਾਂਝੀ ਕੀਤੀ ਜਾ ਰਹੀ ਹੈ।