Gynecologist of Machhiwara : ਅੱਜ ਦੇ ਸਮੇਂ ਵਿਚ ਲੋਕਾਂ ਕੋਲ ਸਹਿਣਸ਼ਕਤੀ ਦੀ ਬਹੁਤ ਕਮੀ ਆ ਗਈ ਹੈ। ਉਨ੍ਹਾਂ ਕੋਲ ਦੁੱਖ ਨੂੰ ਬਰਦਾਸ਼ਤ ਕਰਨ ਦੀ ਤਾਕਤ ਖਤਮ ਹੁੰਦੀ ਜਾ ਰਹੀ ਹੈ ਜਿਸ ਦਾ ਵੱਡਾ ਨਤੀਜਾ ਇਹ ਸਾਹਮਣੇ ਆ ਰਿਹਾ ਹੈ ਕਿ ਸੂਬੇ ਵਿਚ ਆਏ ਦਿਨ ਖੁਦਕੁਸ਼ੀਆਂ ਦੀਆਂ ਬਹੁਤ ਸਾਰੀਆਂ ਖਬਰਾਂ ਸਾਹਮਣੇ ਆ ਰਹੀਆਂ ਹਨ। ਅੱਜ ਮਾਛੀਵਾੜਾ ਵਿਖੇ ਸਰਕਾਰੀ ਹਸਪਤਾਲ ਦੇ ਡਾਕਟਰ ਨੇ ਖੁਦਕੁਸ਼ੀ ਕਰਕੇ ਆਪਣੀ ਜੀਵਨ ਲੀਲਾ ਖਤਮ ਕਰ ਲਈ।
ਮ੍ਰਿਤਕਾ ਦੀ ਪਛਾਣ ਡਾ. ਏਕਤਾ ਵਜੋਂ ਹੋਈ ਹੈ। ਉਹ ਮਾਛੀਵਾੜਾਦੇ ਸਰਕਾਰੀ ਹਸਪਤਾਲ ਵਿਚ ਗਾਇਨੀ ਸਪੈਸ਼ਲਿਸਟ ਸਰਜਨ ਦੇ ਤੌਰ ‘ਤੇ ਕੰਮ ਕਰ ਰਹੀ ਸੀ। ਮੌਤ ਦੇ ਕਾਰਨਾਂ ਦਾ ਅਜੇ ਤਕ ਪਤਾ ਨਹੀਂ ਲੱਗ ਸਕਿਆ ਹੈ। ਮਿਲੀ ਜਾਣਕਾਰੀ ਮੁਤਾਬਕ ਉਹ ਆਪਣੇ ਪਤੀ ਤੋਂ ਵੱਖ ਬੱਚਿਆਂ ਨਾਲ ਮੋਰਿੰਡਾ ਵਿਖੇ ਰਹਿ ਰਹੀ ਸੀ ਤੇ ਬੀਤੀ ਸ਼ਾਮ ਉਸ ਨੇ ਬੱਚਿਆਂ ਨੂੰ ਪਤੀ ਕੋਲ ਛੱਡ ਦਿੱਤਾ ਤੇ ਰਾਤ 10 ਵਜੇ ਦੇ ਲਗਭਗ ਮੋਰਿੰਡਾ ‘ਚ ਆਪਣੇ ਘਰ ਪੱਖੇ ਨਾਲ ਫਾਹਾ ਲੈ ਕੇ ਖੁਦਕੁਸ਼ੀ ਕਰ ਲਈ।
ਮੌਤ ਦੀ ਖਬਰ ਡਾ. ਏਕਤਾ ਨਾਲ ਰਹਿੰਦੇ ਗੁਆਂਢੀਆਂ ਵਲੋਂ ਪੁਲਿਸ ਨੂੰਦਿੱਤੀ ਗਈ। ਪੁਲਿਸ ਮੌਕੇ ‘ਤੇ ਪੁੱਜੀ ਅਤੇ ਸਾਰੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ। ਪੁਲਿਸ ਦਾ ਕਹਿਣਾ ਹੈ ਕਿ ਅਜੇ ਤਕ ਮੌਕੇ ਤੋਂ ਕੋਈ ਸੁਸਾਈਡ ਨੋਟ ਨਹੀਂ ਮਿਲਿਆ ਹੈ। ਮ੍ਰਿਤਕ ਦੇਹ ਨੂੰ ਪੋਸਟਮਾਰਟਮ ਵਾਸਤੇ ਰੋਪੜ ਵਿਖੇ ਭੇਜ ਦਿੱਤਾ ਗਿਆ ਹੈ ਤੇ ਪੁਲਿਸ ਵਲੋਂ ਮਾਮਲੇ ਦੀ ਗੰਭੀਰਤਾ ਨਾਲ ਜਾਂਚ ਹੋ ਰਹੀ ਹੈ। ਪੋਸਟਮਾਰਟਮ ਦੀ ਰਿਪੋਰਟ ਆਉਣ ਤੋਂ ਬਾਅਦ ਹੀ ਕਾਰਵਾਈ ਨੂੰ ਅੱਗੇ ਵਧਾਇਆ ਜਾ ਸਕੇਗਾ ਤੇ ਬਣਦੀ ਕਾਰਵਾਈ ਕੀਤੀ ਜਾਵੇਗੀ।