The state government : ਸੂਬਾ ਸਰਕਾਰ ਵਲੋਂ ਗੈਰ-ਕਾਨੂੰਨੀ ਮਾਈਨਿੰਗ ਖਿਲਾਫ ਸਖਤ ਸਟੈਂਡ ਲਿਆ ਜਾ ਰਿਹਾ ਹੈ ਤੇ ਇਸੇ ਅਧੀਨ ਪਿਛਲੇ ਲਗਭਗ 3 ਮਹੀਨਿਆਂ ਦੌਰਾਨ 201 ਮੁਕੱਦਮੇ ਦਰਜ ਕਰਵਾ ਕੇ 189 ਵਿਅਕਤੀਆਂ ਖਿਲਾਫ ਕਾਰਵਾਈ ਅਮਲ ਵਿਚ ਲਿਆਂਦੀ ਗਈ ਹੈ। ਨਾਜਾਇਜ਼ ਰੇਤ-ਬੱਜਰੀ ਢੋਹਣ ਵਾਲੇ 148 ਟਰੈਕਟਰ-ਟਰਾਲੀਆਂ, 119 ਟਿੱਪਰ/ਟਰੱਕ ਅਤੇ 27 ਜੇਸੀਬੀ ਮਸ਼ੀਨਾਂ ਤੋਂ ਇਲਾਵਾ ਹੋਰ ਮਸ਼ੀਨਰੀ ਵੀ ਫੜੀ ਗਈ ਹੈ। ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੱਲੋਂ ਜਾਰੀ ਹਦਾਇਤਾਂ ਅਨੁਸਾਰ ਗੈਰ ਕਾਨੂੰਨੀ ਮਾਈਨਿੰਗ ਕਰਨ ਵਾਲਿਆਂ ਨੂੰ ਕਿਸੇ ਕੀਮਤ ‘ਤੇ ਬਖਸ਼ਿਆ ਨਹੀਂ ਜਾ ਰਿਹਾ। ਇਹ ਜਾਣਕਾਰੀ ਪੰਜਾਬ ਦੇ ਖਣਨ ਮੰਤਰੀ ਸੁਖਬਿੰਦਰ ਸਿੰਘ ਸਰਕਾਰੀਆ ਨੇ ਦਿੱਤੀ।
ਉਨ੍ਹਾਂ ਕਿਹਾ ਇਸ ਮਾਮਲੇ ਵਿਚ ਸਰਕਾਰੀ ਹੁਕਮਾਂ ਮੁਤਾਬਕ ਉਹ ਵਿਅਕਤੀ ਜੋ ਗੈਰ-ਕਾਨੂੰਨੀ ਮਾਈਨਿੰਗ ਵਿਚ ਸ਼ਾਮਲ ਹਨ, ਖਿਲਾਫ ਮੁਕੱਦਮਾ ਦਰਜ ਕੀਤਾ ਜਾਵੇਗਾ ਅਤੇ ਨਾਲ ਹੀ ਉਸ ਦੀ ਮਸ਼ੀਨਰੀ ਵੀ ਜ਼ਬਤ ਕਰ ਲਈ ਜਾਵੇਗੀ ਤੇ ਜਿਨ੍ਹਾਂ ਕੋਲ ਮਾਈਨਿੰਗ ਵਿਭਾਗ ਦੀ ਪਰਚੀ ਨਹੀਂ ਹੁੰਦੀ ਉਸਨੂੰ ਵੀ ਜ਼ਬਤ ਕਰਕੇ ਤੁਰੰਤ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ। ਉਨ੍ਹਾਂ ਕਿਹਾ ਕਿ ਸੂਬੇ ਵਿਚ ਸਸਤੇ ਰੇਟਾਂ ‘ਤੇ ਰੇਤ ਮੁਹੱਈਆ ਕਰਵਾਉਣ ਦੀ ਜ਼ਿੰਮੇਵਾਰੀ ਪੰਜਾਬ ਸਰਕਾਰ ਦੀ ਹੈ ਤੇ ਇਸੇ ਲਈ ਪੰਜਾਬ ਵਿਚ ਖੱਡਾਂ ਦੀ ਪਾਰਦਰਸ਼ੀ ਢੰਗ ਨਾਲ ਈ-ਨੀਲਾਮੀ ਵੀ ਕੀਤੀ ਗਈ ਹੈ।
ਪਿਛਲੇ 3 ਮਹੀਨਿਆਂ ਦੌਰਾਨ ਗੈਰ ਕਾਨੂੰਨੀ ਖਣਨ ਦੇ ਕੁੱਲ 201 ਮਾਮਲੇ ਦਰਜ ਕਰਵਾਏ ਗਏ ਜਿਨ੍ਹਾਂ ਵਿਚੋਂ ਮੁੱਖ ਰੂਪ ‘ਚ ਲੁਧਿਆਣਾ ਜ਼ਿਲ੍ਹੇ ਵਿਚ 37, ਹੁਸ਼ਿਆਰਪੁਰ ਵਿਚ 29, ਐਸਬੀਐਸ ਨਗਰ ਵਿਚ 37 ਅਤੇ ਰੋਪੜ ਵਿਚ 25 ਮਾਮਲੇ ਦਰਜ ਕਰਵਾਏ ਗਏ ਹਨ। ਇਸੇ ਤਰ੍ਹਾਂ ਜ਼ਿਲ੍ਹਾ ਲੁਧਿਆਣਾ ਵਿਚ 22 ਟਰੈਕਟਰ-ਟਰਾਲੀਆਂ, 6 ਟਿੱਪਰ ਅਤੇ 2 ਜੇਸੀਬੀ ਮਸ਼ੀਨਾਂ ਜ਼ਬਤ ਕੀਤੀਆਂ ਗਈਆਂ ਜਦਕਿ ਐਸਬੀਐਸ ਨਗਰ ਵਿਚ 29 ਟਰੈਕਟਰ-ਟਰਾਲੀਆਂ, 40 ਟਿੱਪਰ ਅਤੇ 2 ਜੇਸੀਬੀ ਮਸ਼ੀਨਾਂ ਜ਼ਬਤ ਕੀਤੀਆਂ ਗਈਆਂ ਹਨ। ਇਸੇ ਤਰ੍ਹਾਂ ਹੁਸ਼ਿਆਰਪੁਰ ਵਿਚ 30 ਟਰੈਕਟਰ-ਟਰਾਲੀਆਂ, 7 ਟਿੱਪਰ/ਟਰੱਕ ਅਤੇ 2 ਜੇਸੀਬੀ ਮਸ਼ੀਨਾਂ ਜ਼ਬਤ ਕੀਤੀਆਂ ਗਈਆਂ ਹਨ। ਉਨ੍ਹਾਂ ਕਿਹਾ ਕਿ ਨਾਜਾਇਜ਼ ਖਣਨ ਕਰਨ ਵਾਲੇ ਅਤੇ ਜ਼ਮੀਨ ਦੇ ਮਾਲਕ ਦੋਵੇਂ ਹੀ ਬਰਾਬਰ ਰੂਪ ਵਿਚ ਜ਼ਿੰਮੇਵਾਰ ਹਨ।