Young man shot dead : ਗੜ੍ਹਸ਼ੰਕਰ ਵਿਚ ਬੀਤੀ ਰਾਤ ਨੰਗਲ ਰੋਡ ’ਤੇ ਗੈਂਗਸਟਰਾਂ ਵੱਲੋਂ ਸ਼ਰੇਆਮ ਗੋਲੀਆਂ ਮਾਰ ਕੇ ਇਕ ਨੌਜਵਾਨ ਨੂੰ ਕਤਲ ਕਰ ਦੇਣ ਦਾ ਮਾਮਲਾ ਸਾਹਮਣੇ ਆਇਆ ਹੈ। ਇਥੇ ਤਿੰਨ ਅਣਪਛਾਤੇ ਹਮਲਾਵਰ, ਜੋਕਿ ਸਵਿਫਟ ਡਿਜ਼ਾਇਰ ਕਾਰ ਵਿਚ ਆਏ ਸਨ, ਨੌਜਵਾਨ ਨੂੰ ਗੋਲੀਆਂ ਮਾਰ ਕੇ ਮੌਕੇ ਤੋਂ ਫਰਾਰ ਹੋ ਗਏ। ਇਸ ਤੋਂ ਬਾਅਦ ਗੈਂਗਸਟਰ ਨੇ ਫੇਸਬੁੱਕ ’ਤੇ ਪੋਸਟ ਪਾ ਕੇ ਇਸ ਕਤਲ ਦੀ ਜ਼ਿੰਮੇਵਾਰੀ ਲਈ ਅਤੇ ਆਪਣੇ ਹੋਰ ਦੁਸ਼ਮਣਾਂ ਨੂੰ ਵੀ ਚਿਤਾਵਨੀ ਦਿੱਤੀ ਹੈ।
ਮ੍ਰਿਤਕ ਦੀ ਪਛਾਣ 25 ਸਾਲਾ ਧਰਮਿੰਦਰ ਪੁੱਤਰ ਝਲਮਣ ਸਿੰਘ ਵਾਸੀ ਕੁਨੈਲ ਵਜੋਂ ਹੋਈ ਹੈ। ਮਿਲੀ ਜਾਣਕਾਰੀ ਮੁਤਾਬਕ ਘਟਨਾ ਤੋਂ ਬਾਅਦ ਉਸ ਨੂੰ ਜ਼ਖਮੀ ਹਾਲਤ ਵਿਚ ਪਹਿਲਾਂ ਸਿਵਲ ਹਸਪਤਾਲ ਗੜ੍ਹਸ਼ੰਕਰ ਲਿਜਾਇਆ ਗਿਆ। ਫਿਰ ਹਾਲਤ ਗੰਭੀਰ ਹੋਣ ਦੇ ਚੱਲਦਿਆਂ ਉਸ ਨੂੰ ਨਵਾਂਸ਼ਹਿਰ ਦੇ ਇਕ ਨਿੱਤੀ ਹਸਪਤਾਲ ਵਿਚ ਲਿਜਾਇਆ ਗਿਆ, ਜਿਥੇ ਅੱਜ ਸਵੇਰੇ ਉਸ ਨੇ ਦਮ ਤੋੜ ਦਿੱਤਾ।
ਇਸ ਮਾਮਲੇ ਵਿਚ ਗੁਰਜਿੰਦਰ ਸਿੰਘ ਉਰਫ ਸੋਨੂੰ ਰੋਡਮਜਾਰੀਆ ਪੁੱਤਰ ਸੁਰਜੀਤ ਸਿੰਘ ਵਾਸੀ ਰੋਡ ਮਜਾਰਾ ਨੇ ਫੇਸਬੁੱਕ ’ਤੇ ਇਸ ਕਤਲ ਦੀ ਜ਼ਿੰਮੇਵਾਰੀ ਲੈਂਦੇ ਹੋਏ ਲਿਖਿਆ ਕਿ ਅੱਜ ਗੜ੍ਹਸ਼ੰਕਰ ਵਿਚ ਹੋਇਆ ਕਾਂਡ, ਪਿੰਦੇ ਵਾਲਾ, ਉਹ ਕੰਮ ਅਸੀਂ ਕੀਤਾ ਹੈ, ਜਿਹੜੇ ਵੀ ਹੋਰ ਸਾਡੇ ਦੁਸ਼ਮਨ ਆ, ਵਾਰੀ ਉਹਨਾਂ ਦੀ ਵੀ ਆਉਣ ਵਾਲੀ ਆ। ਦੱਸਣਯੋਗ ਹੈ ਕਿ ਉਸ ਦੀ ਫੇਸਬੁੱਕ ਫ੍ਰੈਂਡ ਲਿਸ ਵਿਚ ਗੜ੍ਹਸ਼ੰਕਰ ਦੇ ਕਈ ਸਿਆਸੀ ਆਗੂਆਂ ਦੇ ਨਾਂ ਵੀ ਸ਼ਾਮਲ ਹਨ।