The amount for the month of July pension : ਚੰਡੀਗੜ : ਪੰਜਾਬ ਸਰਕਾਰ ਵੱਲੋਂ ਸੂਬੇ ਦੇ ਪੈਨਸ਼ਨ ਧਾਰਕਾਂ ਨੂੰ ਜੁਲਾਈ ਮਹੀਨੇ ਦੀ ਪੈਨਸ਼ਨ ਦੇਣ ਲਈ ਰਕਮ ਜਾਰੀ ਕਰ ਦਿੱਤੀ ਗਈ ਹੈ, ਜੋਕਿ ਛੇਤੀ ਹੀ ਸਰਕਾਰ ਦੀਆਂ ਸਮਾਜਿਕ ਸੁਰੱਖਿਆ ਪੈਨਸ਼ਨਾਂ ਦੇ ਲਾਭਪਾਤਰੀਆਂ ਦੇ ਖਾਤਿਆਂ ਵਿਚ ਪੈਨਸ਼ਨ ਪਾ ਦਿੱਤੀ ਜਾਵੇਗੀ। ਇਨ੍ਹਾਂ ਲਾਭਪਾਤਰੀਆਂ ਵਿਚ ਬੁਢਾਪਾ ਪੈਨਸ਼ਨ , ਵਿਧਵਾ ਪੈਨਸ਼ਨ ਤੇ ਬੇਸਹਾਰਾ ਔਰਤਾਂ, ਆਸ਼ਰਿਤ ਬੱਚੇ ਅਤੇ ਦਿਵਿਆਂਗ ਪੈਨਸ਼ਨ ਧਾਰਕ ਵਿਅਕਤੀ ਸ਼ਾਮਲ ਹਨ। ਜ਼ਿਕਰਯੋਗ ਹੈ ਕਿ ਸੂਬੇ ਵਿਚ ਚੱਲ ਰਹੀ ਕੋਵਿਡ-19 ਮਹਾਂਮਾਰੀ ਦੇ ਮੱਦੇਨਜ਼ਰ ਲੋਕਾਂ ਨੂੰ ਆ ਰਹੀਆਂ ਮੁਸ਼ਕਲਾਂ ਦੇ ਦਰਪੇਸ਼ ਜੁਲਾਈ ਮਹੀਨੇ ਦੀਆਂ ਅਗਸਤ ਦੌਰਾਨ ਅਦਾ ਕੀਤੀਆਂ ਪੈਨਸ਼ਨਾਂ ਦੀ ਵੰਡ ਛੇਤੀ ਹੀ ਵੱਖੋ-ਵੱਖਰੀਆਂ ਸਮਾਜਿਕ ਸੁਰੱਖਿਆ ਸਕੀਮਾਂ ਤਹਿਤ ਪੈਨਸ਼ਨ ਧਾਰਕਾਂ ਦੇ ਬੱਚਤ ਖਾਤਿਆਂ ਵਿਚ ਸਿੱਧੇ ਤੌਰ ’ਤੇ ਰਕਮ ਪਾ ਕੇ ਕਰ ਦਿੱਤੀ ਜਾਵੇਗੀ।
ਪੰਜਾਬ ਸਰਕਾਰ ਦੇ ਵਿੱਤ ਵਿਭਾਗ ਵੱਲੋਂ ਸਮਾਜਿਕ ਸੁਰੱਖਿਆ ਪੈਨਸ਼ਨਾਂ ਦੇ ਲਾਭਪਾਤਰੀਆਂ ਅਤੇ ਹੋਰ ਵਿੱਤੀ ਮਦਦ ਲਈ 189.34 ਕਰੋੜ ਰੁਪਏ ਦੀ ਜਾਰੀ ਕੀਤੇ ਹਨ। ਦੱਸਣਯੋਗ ਹੈ ਕਿ ਸੂਬੇ ਵਿਚ 25.25 ਲੱਖ ਸਮਾਜਿਕ ਸੁਰੱਖਿਆ ਪੈਨਸ਼ਨਾਂ ਦੇ ਲਾਭਪਾਤਰੀ ਹਨ, ਜਿਨ੍ਹਾਂ ਵਿਚ 17.05 ਲੱਖ ਬੁਢਾਪਾ ਪੈਨਸ਼ਨ ਧਾਰਕ ਹਨ, ਜਿਨ੍ਹਾਂ ਲਈ 127.80 ਕਰੋੜ ਰੁਪਏ ਜਾਰੀ ਕੀਤੇ ਗਏ ਹਨ। ਇਸ ਤੋਂ ਇਲਾਵਾ 4.65 ਲੱਖ ਵਿਧਵਾਵਾਂ ਅਤੇ ਬੇਸਹਾਰਾ ਔਰਤਾਂ ਲਈ 34.90 ਕਰੋੜ ਰੁਪਏ, 1.51 ਲੱਖ ਆਸ਼ਰਿਤ ਬੱਚਿਆਂ ਲਈ 11.37 ਕਰੋੜ ਰੁਪਏ ਅਤੇ 2.04 ਲੱਖ ਦਿਵਿਆਂਗ ਵਿਅਕਤੀਆਂ ਲਈ 15.27 ਕਰੋੜ ਰੁਪਏ ਜਾਰੀ ਕੀਤੇ ਗਏ ਹਨ।