sunam husband attacked wife: ਸੰਗਰੂਰ ‘ਚ ਉਸ ਸਮੇਂ ਤਣਾਅਪੂਰਨ ਵਾਲਾ ਮਾਹੌਲ ਪੈਦਾ ਹੋ ਗਿਆ, ਜਦੋਂ ਦਿਨ ਦਿਹਾੜੇ ਇਕ ਸ਼ਖਸ ਵੱਲੋਂ ਆਪਣੀ ਪਤਨੀ ਦੀ ਕੁੱਟਮਾਰ ਕੀਤੀ ਗਈ ਅਤੇ ਤੇਜਧਾਰ ਹਥਿਆਰ ਨਾਲ ਵਾਰ ਵੀ ਕੀਤੇ ਗਏ ਪਰ ਮੌਕੇ ‘ਤੇ ਮੌਜੂਦ ਪੁਲਿਸ ਤਮਾਸ਼ਾ ਵੇਖਦੀ ਰਹੀ। ਇਸ ਮਾਮਲੇ ਦੀ ਵੀਡੀਓ ਵੀ ਸੋਸ਼ਲ ਮੀਡੀਆ ‘ਤੇ ਕਾਫੀ ਵਾਇਰਲ ਹੋ ਰਹੀ ਹੈ, ਜਿਸ ਤੋਂ ਬਾਅਦ ਪੁਲਿਸ ਅਲਰਟ ਹੋਈ ਹੈ।
ਦੱਸਣਯੋਗ ਹੈ ਕਿ ਇਹ ਮਾਮਲਾ ਸੰਗਰੂਰ ਦੇ ਸੁਨਾਮ ਦਾ ਹੈ ਜਿੱਥੇ ਦੋਸ਼ੀ ਸਖਸ਼ ਵੱਲੋਂ ਉਸ ਸਮੇਂ ਇਸ ਘਟਨਾ ਨੂੰ ਅੰਜ਼ਾਮ ਦਿੱਤਾ ਗਿਆ, ਜਦੋਂ ਉਸਦੀ ਪਤਨੀ ਉਸ ਤੋਂ ਵੱਖ ਹੋ ਕਿ ਕਿਸੇ ਹੋਰ ਵਿਅਕਤੀ ਨਾਲ ਸੁਨਾਮ ‘ਚ ਆ ਕੇ ਰਹਿਣ ਲੱਗੀ ਸੀ, ਇਸ ਗੱਲ ਤੋਂ ਗੁੱਸੇ ‘ਚ ਆਏ ਦੋਸ਼ੀ ਸਖਸ਼ ਨੇ ਆਪਣੀ ਪਤਨੀ ਨੂੰ ਜਾਨੋ ਖਤਮ ਕਰਨ ਦੀ ਕੋਸ਼ਿਸ਼ ਕੀਤੀ। ਨਸ਼ੇ ‘ਚ ਧੁੱਤ ਦੋਸ਼ੀ ਸ਼ਖਸ ਨੇ ਇਸ ਵਾਰਦਾਤ ਨੂੰ ਉਦੋਂ ਅੰਜ਼ਾਮ ਦਿੱਤਾ ਜਦੋਂ ਉਹ ਆਪਣੀ ਪਤਨੀ ਨੂੰ ਜਬਰਦਸਤੀ ਘਰ ਵਾਪਸ ਲਿਜਾਣ ਦੀ ਕੋਸ਼ਿਸ਼ ਕਰ ਰਿਹਾ ਸੀ ਪਰ ਪੀੜਤ ਮਹਿਲਾ ਨੇ ਇਨਕਾਰ ਕਰ ਦਿੱਤਾ ਤਾਂ ਦੋਸ਼ੀ ਸ਼ਖਸ ਨੇ ਦਾਤਰ ਨਾਲ ਹਮਲਾ ਕਰ ਦਿੱਤਾ। ਦੋਸ਼ੀ ਜਦੋਂ ਧੱਕੇ ਨਾਲ ਜ਼ਖਮੀ ਹਾਲਤ ‘ਚ ਪਤਨੀ ਨੂੰ ਰੇਹੜੇ ‘ਚ ਪਾ ਘਰ ਵਾਪਿਸ ਲਿਜਾਣ ਦੀ ਕੋਸ਼ਿਸ਼ ਕੀਤੀ ਜਾ ਰਹੀ ਸੀ ਤਾਂ ਮੌਕੇ ‘ਤੇ ਮੌਜੂਦ ਹੋਰ ਲੋਕਾਂ ਨੇ ਪੀੜਤ ਮਹਿਲਾ ਦਾ ਬਚਾਅ ਕਰਵਾਉਂਦੇ ਹੋਏ ਦੋਸ਼ੀ ਸਖਸ਼ ਨੂੰ ਦਬੋਚ ਲਿਆ ਅਤੇ ਕਾਫੀ ਕੁੱਟਮਾਰ ਕੀਤੀ । ਦੋਵਾਂ ਨੂੰ ਸੁਨਾਮ ਦੇ ਸਿਵਲ ਹਸਪਤਾਲ ‘ਚ ਭਰਤੀ ਕਰਵਾਇਆ ਗਿਆ ਹੈ, ਜਿੱਥੇ ਉਨ੍ਹਾਂ ਦੀ ਹਾਲਤ ਗੰਭੀਰ ਦੱਸੀ ਜਾ ਰਹੀ ਹੈ।
ਇਸ ਸਬੰਧੀ ਪੀੜਤਾਂ ਦੇ ਪਰਿਵਾਰਿਕ ਮੈਂਬਰਾਂ ਨੇ ਦੱਸਿਆ ਹੈ ਕਿ ਦੋਸ਼ੀ ਸ਼ਖਸ ਵੱਲੋਂ ਆਪਣੀ ਪਤਨੀ ਨੂੰ ਗਲਤ ਕੰਮ ਕਰਨ ਲਈ ਮਜਬੂਰ ਕੀਤਾ ਜਾ ਰਿਹਾ ਸੀ ਅਤੇ ਇਸ ਮਸਲੇ ਨੂੰ ਕੇ ਘਰ ‘ਚ ਕਲੇਸ਼ ਰਹਿੰਦਾ ਸੀ । ਇਸ ਤੋਂ ਇਲਾਵਾ ਦੋਸ਼ੀ ਨਸ਼ੇ ਦੀ ਸਪਲਾਈ ਦਾ ਕੰਮ ਵੀ ਕਰਦਾ ਸੀ।