The Kejriwal government : ਦਿੱਲੀ ਦੀ ਕੇਜਰੀਵਾਲ ਸਰਕਾਰ ਨੇ ਅਨਲਾਕ-3 ਤਹਿਤ ਹੋਟਲ ਖੋਲ੍ਹਣ ਦੀ ਇਜਾਜ਼ਤ ਦੇ ਦਿੱਤੀ ਹੈ। ਜਿੰਮ ਖੋਲ੍ਹਣ ‘ਤੇ ਰੋਕ ਜਾਰੀ ਰਹੇਗੀ। ਸਰਕਾਰ ਨੇ ਟ੍ਰਾਇਲ ‘ਤੇ ਹਫਤਾਵਾਰੀ ਬਾਜ਼ਾਰਾਂ ਨੂੰ ਵੀ ਮਨਜ਼ੂਰੀ ਦਿੱਤੀ ਹੈ। ਦਿੱਲੀ ਡਿਜਾਸਟਰ ਮੈਨੇਜਮੈਂਟ ਅਥਾਰਟੀ ਦੀ ਬੈਠਕ ‘ਚ ਇਹ ਫੈਸਲੇ ਲਏ ਗਏ। ਕੇਂਦਰ ਸਰਕਾਰ ਵਲੋਂ ਅਨਲਾਕ-3 ‘ਚ ਛੋਟ ਦੇਣ ਤੋਂ ਬਾਅਦ ਕੇਜਰੀਵਾਲ ਸਰਕਾਰਦਾ ਹੋਟਲ ਤੇ ਹਫਤਾਵਾਰੀ ਬਾਜ਼ਾਰ ਖੋਲ੍ਹਣ ਦਾ ਪ੍ਰਸਤਾਵ ਉਪਰਾਜਪਾਲ ਅਨਿਲ ਬੈਜਲ ਨੇ ਖਾਰਜ ਕਰ ਦਿੱਤਾ ਸੀ। ਉਪ ਮੁੱਖ ਮੰਤਰੀ ਮਨੀਸ਼ ਸਿਸੌਦੀਆ ਨੇ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੂੰ ਚਿੱਠੀ ਲਿਖ ਕੇ ਉਪਰਾਜਪਾਲ ਨੂੰ ਆਪਣਾ ਫੈਸਲਾ ਵਾਪਸ ਲੈਣ ਦੇ ਦੀ ਅਪੀਲ ਵੀ ਕੀਤੀ ਸੀ।
ਅਮਿਤ ਸ਼ਾਹ ਨੂੰ ਲਿਖੇ ਪੱਤਰ ‘ਚ ਉਪ ਮੁੱਖ ਮੰਤਰੀ ਮਨੀਸ਼ ਸਿਸੌਦੀਆ ਨੇ ਕਿਹਾ ਸੀ ਕਿ ਦਿੱਲੀ ‘ਚ ਕੋਰੋਨਾ ਦੇ ਮਾਮਲੇ ਲਗਾਤਾਰ ਘੱਟ ਹੋ ਰਹੇ ਹਨ। ਹਾਲਾਤ ਕੰਟਰੋਲ ‘ਚ ਹਨ ਜਦੋਂ ਕਿ ਯੂ. ਪੀ. ਤੇ ਕਰਨਾਟਕ ਜਿਥੇ ਲਾਗਤਾਰ ਮਾਮਲੇ ਵਧ ਰਹੇ ਹਨ, ਉਥੇ ਹੋਟਲ ਤੇ ਹਫਤਾਵਾਰੀ ਬਾਜ਼ਾਰ ਖੁੱਲ੍ਹੇ ਹੋਏ ਹਨ। ਇਸ ਲਈ ਜਿਸ ਸੂਬੇ ਨੇ ਕੋਰੋਨਾ ਨੂੰ ਕੰਟਰੋਲ ਕਰਨ ‘ਚ ਵਧੀਆ ਕੰਮ ਕੀਤਾ, ਉਸ ਨੂੰ ਆਪਣੇ ਕਾਰੋਬਾਰ ਬੰਦ ਰੱਖਣ ਲਈ ਕਿਉਂ ਕਿਹਾ ਜਾ ਰਿਹਾ ਹੈ?
ਉਪ ਮੁੱਖ ਮੰਤਰੀ ਨੇ ਕਿਹਾ ਸੀ ਕਿ ਦਿੱਲੀ ਦਾ 8 ਫੀਸਦੀ ਕਾਰੋਬਾਰ ਤੇ ਰੋਜ਼ਗਾਰ ਹੋਟਲ ਨਾ ਖੁੱਲ੍ਹਣ ਕਾਰਨ ਠੱਪ ਪਿਆ ਹੈ। ਹਫਤਾਵਾਰੀ ਬਾਜ਼ਾਰ ਬੰਦ ਹੋਣ ਕਾਰਨ 5 ਲੱਖ ਪਰਿਵਾਰ ਪਿਛਲੇ 4 ਮਹੀਨੇ ਤੋਂ ਘਰਾਂ ‘ਚ ਬੈਠੇ ਹਨ। ਆਰਥਿਕ ਨੁਕਸਾਨ ਝੇਲਣ ਵਾਲੇ ਸ਼ਹਿਰ ਦੇ ਸਾਰੇ ਵਪਾਰਕ ਸੰਗਠਨ ਤੇ ਹੋਟਲ ਐਸੋਸੀਏਸ਼ਨ ਨੇ ਵੀ ਉਪਰਾਜਪਾਲ ਅਨਿਲ ਬੈਜਲ ਦੇ ਫੈਸਲੇ ਨੂੰ ਲੈ ਕੇ ਨਾਰਾਜ਼ਗੀ ਪ੍ਰਗਟ ਕੀਤੀ ਸੀ। ਸੰਗਠਨ ਨੇ ਅਨਿਲ ਬੈਜਲ ਨੂੰ ਚਿੱਠੀ ਲਿਖ ਕੇ ਮੰਗ ਕੀਤੀ ਸੀ ਕਿ ਦਿੱਲੀ ‘ਚ ਹੋਟਲ ਤੇ ਹਫਤਾਵਾਰੀ ਬਾਜ਼ਾਰ ਖੋਲ੍ਹਣ ਦੀ ਇਜਾਜ਼ਤ ਦਿੱਤੀ ਜਾਵੇ।