Health Minister issues : ਚੰਡੀਗੜ੍ਹ : ਸਿਹਤ ਮੰਤਰੀ ਸ. ਬਲਬੀਰ ਸਿੰਘ ਸਿੱਧੂ ਨੇ ਬਿਨਾਂ ਲੱਛਣ/ਹਲਕੇ ਲੱਛਣ ਵਾਲੇ ਮਰੀਜ਼ਾਂ ਅਤੇ 60 ਸਾਲ ਤੋਂ ਵੱਧ ਉਮਰ ਅਤੇ ਸਹਿ-ਰੋਗ ਵਾਲੇ ਮਰੀਜ਼ਾਂ ਅਤੇ ਗਰਭਵਤੀ ਮਹਿਲਾਵਾਂ ਦੇ ਮੈਡੀਕਲ ਫਿਟਨੈੱਸ ਸੰਬੰਧੀ ਨਵੇਂ ਦਿਸ਼ਾ ਨਿਰਦੇਸ਼ ਜਾਰੀ ਕੀਤੇ ਹਨ। ਉਨ੍ਹਾਂ ਸਪਸ਼ਟ ਕੀਤਾ ਕਿ ਜੇਕਰ ਉਨ੍ਹਾਂ ਮਰੀਜ਼ਾਂ ਵਿੱਚ ਕੋਈ ਲੱਛਣ ਨਹੀਂ ਜਾਂ ਹਲਕੇ ਲੱਛਣ ਹੀ ਰਹਿੰਦੇ ਹਨ ਤਾਂ ਉਨ੍ਹਾਂ ਨੂੰ ਹਸਪਤਾਲ ਲਿਆਉਣ ਦੀ ਕੋਈ ਲੋੜ ਨਹੀਂ। ਅਜਿਹੇ ਸਾਰੇ ਮਰੀਜ਼ਾਂ ਦੇ ਨਮੂਨੇ ਲੈਣ ਵੇਲੇ ਘਰ ਵਿੱਚ ਹੀ ਇਕਾਂਤਵਾਸ ਰਹਿਣ ਦੀ ਸਹੂਲਤ ਉਪਲਬਧ ਹੋਣ ਸਬੰਧੀ ਸਵੈ-ਘੋਸ਼ਣਾ ਪੱਤਰ ਦੇ ਸਕਦੇ ਹਨ ਅਤੇ ਜੇਕਰ ਉਹ ਬਾਅਦ ਵਿੱਚ ਕੋਵਿਡ -19 ਟੈਸਟ ਦੇ ਪਾਜ਼ੇਟਿਵ ਪਾਏ ਜਾਂਦੇ ਹਨ ਤਾਂ ਉਹ ਘਰ ਵਿੱਚ ਇਕਾਂਤਵਾਸ ਰਹਿਣ ਦੇ ਯੋਗ ਹੋਣਗੇ।
ਸ. ਸਿੱਧੂ ਨੇ ਦੱਸਿਆ ਕਿ ਇਸ ਸਬੰਧੀ ਸਮੂਹ ਡਿਪਟੀ ਕਮਿਸ਼ਨਰਾਂ, ਸਿਵਲ ਸਰਜਨਾਂ ਨੂੰ ਹਦਾਇਤਾਂ ਜਾਰੀ ਕੀਤੀਆਂ ਜਾ ਚੁੱਕੀਆਂ ਹਨ। ਉਨ੍ਹਾਂ ਕਿਹਾ ਕਿ ਨਮੂਨਾ ਲੈਣ ਸਮੇਂ ਉਪਲਬਧ ਡਾਕਟਰ ਅਜਿਹੇ ਸਾਰੇ ਵਿਅਕਤੀਆਂ ਨੂੰ ਘਰਾਂ ਵਿੱਚ ਇਕਾਂਤਵਾਸ ਸਬੰਧੀ ਉਨ੍ਹਾਂ ਦੀ ਮੈਡੀਕਲ ਫਿਟਨੈੱਸ ਦੀ ਜਾਂਚ ਕਰਨਗੇ। ਉਨ੍ਹਾਂ ਅੱਗੇ ਕਿਹਾ ਕਿ ਇਹ ਲਾਜ਼ਮੀ ਹੈ, ਮਰੀਜ਼ ਇੱਕ ਕਿੱਟ ਖਰੀਦੇਗਾ ਜਿਸ ਵਿੱਚ ਥਰਮਾਮੀਟਰ, ਪਲਸ ਆਕਸੀਮੀਟਰ, ਵਿਟਾਮਿਨ ਸੀ ਅਤੇ ਜ਼ਿੰਕ ਦੀਆਂ ਗੋਲੀਆਂ ਹੋਣੀਆਂ ਚਾਹੀਦੀਆਂ ਹਨ ਅਤੇ ਕਿਸੇ ਵੀ ਲੱਛਣ ਲਈ ਬਾਕਾਇਦਾ ਆਪਣੇ ਆਪ ਦੀ ਨਿਗਰਾਨੀ ਕਰਨਗੇ ਅਤੇ ਲੱਛਣ ਦਿਖਾਈ ਦੇਣ ਜਾਂ ਸਿਹਤ ਵਿਗੜ ਜਾਣ ‘ਤੇ ਤੁਰੰਤ ਸਿਹਤ ਵਿਭਾਗ ਨੂੰ ਰਿਪੋਰਟ ਕਰਨਗੇ। ਘਰਾਂ ਵਿੱਚ ਇਕਾਂਤਵਾਸ ਕੀਤੇ ਮਰੀਜਾਂ ਦਾ ਫਾਲੋ-ਅਪ ਜ਼ਿਲ੍ਹਾ ਪ੍ਰਸ਼ਾਸਨ ਕੋਵਿਡ ਰੋਗੀ ਟਰੈਕਿੰਗ ਟੀਮਾਂ ਦੁਆਰਾ ਕੀਤਾ ਜਾਵੇਗਾ। ਇਹ ਟੀਮਾਂ ਘਰਾਂ ਵਿੱਚ ਇਕਾਂਤਵਾਸ ਹੋਣ ਵਾਲੇ ਮਰੀਜ਼ਾਂ ਦਾ ਫੋਨ ਜ਼ਰੀਏ ਫਾਲੋ-ਅਪ ਅਤੇ ਘੱਟੋ ਘੱਟ 3 ਦੌਰੇ ਕਰਨਾ ਯਕੀਨੀ ਬਣਾਉਣਗੀਆਂ।
ਪ੍ਰਾਈਵੇਟ ਅਦਾਰਿਆਂ ਨੂੰ ਵੀ ਇਸੇ ਪ੍ਰੋਟੋਕੋਲ ਦੀ ਪਾਲਣਾ ਕਰਨ ਦੀ ਹਦਾਇਤ ਕੀਤੀ ਗਈ ਹੈ। ਜੇ ਕਿਸੇ ਘਰ ਵਿੱਚ ਇਕਾਂਤਵਾਸ ਕੀਤੇ ਮਰੀਜ਼ਾਂ ਨੂੰ ਕਿਸੇ ਡਾਕਟਰੀ ਸਹਾਇਤਾ ਦੀ ਲੋੜ ਹੁੰਦੀ ਹੈ ਤਾਂ ਉਨ੍ਹਾਂ ਨੂੰ 104 ਜਾਂ ਜ਼ਿਲ੍ਹਾ ਹੈਲਪਲਾਈਨ ਨੰਬਰ ‘ਤੇ ਫ਼ੋਨ ਕਰਨਾ ਚਾਹੀਦਾ ਹੈ। ਘੱਟ/ਹਲਕੇ ਲੱਛਣ ਵਾਲੀ ਕੋਵਿਡ-19 ਪਾਜ਼ੇਟਿਵ ਗਰਭਵਤੀ ਮਹਿਲਾਵਾਂ ਜੋ ਘੱਟ-ਜੋਖਮ ਵਾਲੀ ਗਰਭ ਅਵਸਥਾ ਵਿੱਚ ਹਨ ਅਤੇ ਜਿਹਨਾਂ ਦੀ ਅਗਲੇ ਤਿੰਨ ਹਫ਼ਤਿਆਂ ਵਿੱਚ ਜਣੇਪਾ ਹੋਣ ਦੀ ਸੰਭਾਵਨਾ ਨਹੀਂ ਹੈ ਅਤੇ ਜੇਕਰ ਮਹਿਲਾ ਨੂੰ ਕਿਸੇ ਗਾਇਨੀਕੋਲੋਜਿਸਟ ਦੁਆਰਾ ਸਰਟੀਫਾਈ ਕੀਤਾ ਜਾਂਦਾ ਹੈ ਤਾਂ ਉਸ ਨੂੰ ਘਰ ਵਿੱਚ ਇਕਾਂਤਵਾਸ ਕੀਤਾ ਜਾ ਸਕਦਾ ਹੈ।