ASI Malkit Singh :ਤਰਨ ਤਾਰਨ ਪੁਲਿਸ ਨੇ ਸੋਮਵਾਰ ਨੂੰ ਨਸ਼ਾ ਤਸਕਰ ਅਤੇ ਗੈਂਗਸਟਰ ਰਸ਼ਪਾਲ ਸਿੰਘ ਨੂੰ ਕਾਬੂ ਕਰ ਲਿਆ, ਜਿਸ ਉੱਤੇ ਅੱਤਵਾਦੀਆਂ ਨਾਲ ਸੰਬੰਧ ਹੋਣ ਦਾ ਸ਼ੱਕ ਵੀ ਹੈ। ਇਸ ਦੌਰਾਨ ਲੱਤ ਵਿੱਚ ਗੋਲੀ ਲੱਗਣ ਤੇ ਬਾਵਜੂਦ ਜਖਮੀ ਹਾਲਤ ਵਿੱਚ ਏਐਸਆਈ ਮਲਕੀਤ ਸਿੰਘ ਨੇ ਬਹਾਦਰੀ ਨਾਲ ਦੋਸ਼ੀ ਦਾ ਪਿੱਛਾ ਕਰਨ ਪਿਛੋਂ ਉਸ ਨੂੰ ਕਾਬੂ ਕਰ ਲਿਆ। ਏ.ਐਸ.ਆਈ ਮਲਕੀਤ ਸਿੰਘ ਭਿੱਖੀਵਿੰਡ ਦੇ ਇੱਕ ਨਿੱਜੀ ਹਸਪਤਾਲ ਵਿੱਚ ਜ਼ੇਰੇ ਇਲਾਜ ਹੈ ਅਤੇ ਖਤਰੇ ਤੋਂ ਬਾਹਰ ਦੱਸਿਆ ਜਾ ਰਿਹਾ ਹੈ। ਡੀ. ਜੀ. ਪੀ. ਨੇ ਏ. ਐੱਸ.ਆਈ. ਮਲਕੀਤ ਸਿੰਘ ਨੂੰ ਸਨਮਾਨਿਤ ਕਰਨ ਦੀ ਵੀ ਗੱਲ ਕਹੀ ਹੈ। 1994 ‘ਚ ਕਾਂਸਟੇਬਲ ਭਰਤੀ ਹੋਏ ਮਲਕੀਤ ਸਿੰਘ ਦੀਆਂ ਚੰਗੀਆਂ ਸੇਵਾਵਾਂ ਦੇ ਮੱਦੇਨਜ਼ਰ ਇਸੇ ਸਾਲ ਫਰਵਰੀ ‘ਚ ਏ. ਐੱਸ. ਆਈ. ਬਣਾਇਆ ਗਿਆ ਹੈ।
ਡੀਜੀਪੀ ਸ਼੍ਰੀ ਦਿਨਕਰ ਗੁਪਤਾ ਨੇ ਦੱਸਿਆ ਕਿ ਰਸ਼ਪਾਲ ਸਿੰਘ ਦਾ ਇਕ ਸਾਥੀ ਮੌਕੇ ਤੋਂ ਫਰਾਰ ਹੋਣ ਵਿਚ ਸਫਲ ਹੋ ਗਿਆ, ਜਿਸ ਪਾਸੋਂ ਇਕ ਦੇਸੀ ਅਰਧ-ਆਟੋਮੈਟਿਕ ਪਿਸਤੌਲ, 02 ਮੈਗਜੀਨ, 06 ਜਿੰਦਾ ਕਾਰਤੂਸ ਅਤੇ ਪੀਬੀ 10-ਜੀ ਜੇਡ -6673 ਨੰਬਰ ਵਾਲਾ ਇਕ ਬੁਲੇਟ ਮੋਟਰਸਾਈਕਲ ਵੀ ਬਰਾਮਦ ਕੀਤਾ ਗਿਆ। ਉਸਦੇ ਫਰਾਰ ਸਾਥੀ ਦੀ ਭਾਲ ਕੀਤੀ ਜਾ ਰਹੀ ਹੈ। ਡੀਜੀਪੀ ਨੇ ਦੱਸਿਆ ਕਿ ਰਸ਼ਪਾਲ ਦੇ ਅੱਤਵਾਦੀਆਂ ਨਾਲ ਵੀ ਸਬੰਧ ਸਨ ਅਤੇ ਉਹ ਕਈ ਮਾਮਲਿਆਂ ਵਿੱਚ ਲੋੜੀਂਦਾ ਸੀ । ਉਕਤ ਦੋਸ਼ੀ ਵਿਰੁੱਧ ਐਨਡੀਪੀਐਸ ਅਤੇ ਅਸਲਾ ਐਕਟ ਦੀਆਂ ਵੱਖ-ਵੱਖ ਧਾਰਾਵਾਂ ਤਹਿਤ ਅੰਮ੍ਰਿਤਸਰ, ਤਰਨਤਾਰਨ ਅਤੇ ਮੁਹਾਲੀ ਵਿੱਚ 8 ਐਫਆਈਆਰਜ ਦਰਜ ਹਨ। ਡੀਜੀਪੀ ਨੇ ਕਿਹਾ ਕਿ ਪਿਛਲੇ ਸਮੇਂ ਦੌਰਾਨ ਰਸ਼ਪਾਲ ਤੋਂ ਕਈ ਹਥਿਆਰ ਅਤੇ ਵੱਡੀ ਮਾਤਰਾ ਵਿੱਚ ਨਸ਼ੀਲੇ ਪਦਾਰਥ ਵੀ ਬਰਾਮਦ ਕੀਤੇ ਗਏ ਸਨ।
ਸ਼੍ਰੀ ਗੁਪਤਾ ਅਨੁਸਾਰ ਸਥਾਨਕ ਰੈਂਕ ਦੇ ਏਐਸਆਈ ਮਲਕੀਤ ਸਿੰਘ, ਭਿੱਖੀਵਿੰਡ ਵਿਖੇ ਤਾਇਨਾਤ ਹੋਮ-ਗਾਰਡ ਜਵਾਨ ਰਣਜੀਤ ਸਿੰਘ ਸਮੇਤ ਸੋਮਵਾਰ ਨੂੰ ਪਿੰਡ ਫੂਲਾ ਵਿਖੇ ਮੋਟਰਸਾਈਕਲ ਚੋਰੀ ਦੀ ਸ਼ਿਕਾਇਤ ਬਾਰੇ ਜਾਂਚ ਕਰਨ ਗਏ ਸਨ। ਵਾਪਸ ਆਉਂਦੇ ਸਮੇਂ ਉਨਾਂ ਨੇ ਦੋ ਸ਼ੱਕੀ ਵਿਅਕਤੀਆਂ ਨੂੰ ਇੱਕ ਮੋਟਰਸਾਈਕਲ ਉਪਰ ਆਉਂਦਿਆਂ ਵੇਖਿਆ ਅਤੇ ਉਨਾਂ ਨੂੰ ਪੁੱਛਗਿੱਛ ਲਈ ਰੋਕਿਆ। ਪੁੱਛਗਿੱਛ ਦੌਰਾਨ ਇੱਕ ਸ਼ੱਕੀ, ਰਸ਼ਪਾਲ ਸਿੰਘ ਉਰਫ ਦੌਲਾ ਵਾਸੀ ਭੁੱਚਰ ਕਲਾਂ ਜ਼ਿਲਾ ਤਰਨ ਤਾਰਨ, ਨੇ ਭੱਜਣ ਦੀ ਕੋਸ਼ਿਸ਼ ਕੀਤੀ ਅਤੇ ਉਸਨੂੰ ਏਐਸਆਈ ਨੇ ਕਾਫ਼ੀ ਮੁਸ਼ੱਕਤ ਪਿੱਛੋ ਧਰ ਦਬੋਚਿਆ। ਰਸ਼ਪਾਲ ਸਿੰਘ ਨੇ ਏਐਸਆਈ ਮਲਕੀਤ ਸਿੰਘ ’ਤੇ ਚਾਰ ਗੋਲੀਆਂ ਚਲਾਈਆਂ ਅਤੇ ਇੱਕ ਗੋਲੀ ਉਸ ਦੇ ਸੱਜੀ ਲੱਤ ਵਿੱਚ ਲੱਗੀ ਅਤੇ ਉਹ ਗੰਭੀਰ ਰੂਪ ਵਿੱਚ ਜਖਮੀ ਹੋ ਗਿਆ। ਗੰਭੀਰ ਰੂਪ ਨਾਲ ਜਖਮੀ ਹੋਣ ਦੇ ਬਾਵਜੂਦ ਏਐਸਆਈ ਮਲਕੀਤ ਸਿੰਘ ਨੇ ਪੀਐਚਜੀ ਰਣਜੀਤ ਸਿੰਘ ਦੀ ਮਦਦ ਨਾਲ ਸ਼ੱਕੀ ਨੂੰ ਕਾਬੂ ਕੀਤਾ ਅਤੇ ਸੈਮੀ-ਆਟੋਮੈਟਿਕ ਪਿਸਤੌਲ ਖੋਹ ਲਿਆ। ਡੀ ਜੀ ਪੀ ਨੇ ਦੱਸਿਆ ਕਿ ਇਸ ਮਾਮਲੇ ਵਿਚ ਮੁਕੱਦਮਾ ਨੰਬਰ 159 ਮਿਤੀ 24.08.202 ਨੂੰ ਆਈ ਪੀ ਸੀ ਦੀ ਧਾਰਾ 307, 332, 333, 353, 186, 34 25,27 ਆਰਮਜ ਐਕਟ ਤਹਿਤ ਮਾਮਲਾ ਦਰਜ ਕੀਤਾ ਗਿਆ ਹੈ।