AAP to take up : ਪੰਜਾਬ ਵਿਧਾਨ ਸਭਾ ਦੇ 28 ਅਗਸਤ ਨੂੰ ਹੋਣ ਜਾ ਰਹੇ ਇਕ ਰੋਜਾ ਇਜਲਾਸ ਭਾਵੇਂ ਛੋਟਾ ਹੈ ਪਰ ਜ਼ਹਿਰੀਲੀ ਸ਼ਰਾਬ ਤੇ ਖੇਤੀ ਆਰਡੀਨੈਂਸਾਂ ‘ਤੇ ਸਰਕਾਰ ਨੂੰ ਘੇਰ ਕੇ ਆਮ ਆਦਮੀ ਪਾਰਟੀ ਉਨ੍ਹਾਂ ਲਈ ਮੁਸ਼ਕਲ ਖੜ੍ਹੀ ਕਰ ਸਕਦੀ ਹੈ। ਇਸ ਦੇ ਮੱਦੇਨਜਰ ਮੰਗਲਵਾਰ ਨੂੰ ਵਿਰੋਧੀ ਧਿਰ ਦੇ ਨੇਤਾ ਹਰਪਾਲ ਸਿੰਘ ਚੀਮਾ ਦੀ ਅਗਵਾਈ ਹੇਠ ਆਮ ਆਦਮੀ ਪਾਰਟੀ (ਆਪ) ਦੇ ਵਿਧਾਇਕਾਂ ਨੇ ਬੈਠਕ ਕਰਕੇ ਸਾਰੇ ਅਹਿਮ ਮਸਲਿਆਂ ਬਾਰੇ ਵਿਚਾਰ ਚਰਚਾ ਕੀਤੀ। ਹਰਪਾਲ ਸਿੰਘ ਚੀਮਾ ਨੇ ਦੱਸਿਆ ਕਿ ਪਾਰਟੀ ਨੇ ਸਦਨ ‘ਚ ਕੇਂਦਰ ਦੇ ਖੇਤੀ ਵਿਰੋਧੀ ਆਰਡੀਨੈਂਸਾਂ ਪਾਣੀਆਂ ਦਾ ਸੰਕਟ ਅਤੇ SYL ਕੇਂਦਰੀ ਬਿਜਲੀ ਸੋਧ ਬਿਲ-2020 ਮੌਂਟੇਕ ਸਿੰਘ ਆਹਲੂਵਾਲੀਆਂ ਰਿਪੋਰਟ ਅਤੇ ਪ੍ਰਾਈਵੇਟ ਸਕੂਲਾਂ ਦੀਆਂ ਫੀਸਾਂ ਦੇ ਮੁੱਦੇ ਸਮੇਤ ਪੰਜਾਬ ਦੇ ਸਾਰੇ ਭਖਵੇਂ ਮੁੱਦੇ ਸਦਨ ‘ਚ ਉਠਾਉਣ ਦਾ ਫੈਸਲਾ ਲਿਆ ਹੈ।
ਚੀਮਾ ਨੇ ਮੰਗ ਕੀਤੀ ਕਿ ਇਸ ਸੈਸ਼ਨ ਨੂੰ ਘੱਟ ਤੋਂ ਘੱਟ 15 ਦਿਨਾਂ ਲਈ ਹੋਰ ਵਧਾਇਆ ਜਾਵੇ। ਮੀਡੀਆ ਨੂੰ ਡੇਡ ਕਿਲੋਮੀਟਰ ਦੂਰ ਪੰਜਾਬ ਭਵਨ ‘ਚ ਬਿਠਾਉਣ ਦੀ ਬਜਾਏ ਪੰਜਾਬ ਵਿਧਾਨ ਸਭਾ ਹਾਲ ਦੇ ਅੰਦਰ ਤੋਂ ਹੀ ਕਵਰੇਜ ਦੀ ਇਜਾਜ਼ਤ ਦਿੱਤੀ ਜਾਣੀ ਚਾਹੀਦੀ ਹੈ। ਹਰਪਾਲ ਸਿੰਘ ਚੀਮਾ ਨੇ ਕਿਹਾ, ” ਹਾਲਾਂਕਿ ਪੰਜਾਬ ਸਰਕਾਰ ਨੇ ਲੋਕਤੰਤਰ ਦੀ ਸ਼ਰੇਆਮ ਖਿੱਲੀ ਉਡਾਉਂਦੇ ਹੋਏ ਮਹਿਜ਼ ਚਾਰ ਘੰਟਿਆਂ ਦਾ ਮਾਨਸੂਨ ਸੈਸ਼ਨ ਰੱਖ ਕੇ ਪੰਜਾਬ ਅਤੇ ਪੰਜਾਬ ਦੇ ਲੋਕਾਂ ਨਾਲ ਧੋਖਾ ਕੀਤਾ ਹੈ, ਕਿਉਂਕਿ ਭ੍ਰਿਸ਼ਟਾਚਾਰੀਆਂ ਅਤੇ ਮਾਫੀਆ ‘ਚ ਘਿਰੀ ਰਾਜਾਸ਼ਾਹੀ ਸਰਕਾਰ ਲੋਕਾਂ ਦੇ ਮਸਲਿਆਂ ‘ਤੇ ਵਿਰੋਧੀ ਧਿਰ ਦੇ ਸਵਾਲਾਂ ਦਾ ਸਾਹਮਣਾ ਕਰਨ ਦੀ ਹਿੰਮਤ ਗੁਆ ਚੁੱਕੀ ਹੈ। ਫਿਰ ਵੀ ਅਸੀਂ ਸਾਰੇ ਪ੍ਰਮੁੱਖ ਮੁੱਦਿਆਂ ‘ਤੇ ਸਰਕਾਰ ਨੂੰ ਕਟਹਿਰੇ ‘ਚ ਖੜਾ ਕਰਾਂਗੇ।”
‘ਆਪ’ ਵਿਧਾਇਕਾਂ ਦੀ ਬੈਠਕ ‘ਚ ਪ੍ਰਿੰਸੀਪਲ ਬੁੱਧ ਰਾਮ, ਬੀਬੀ ਸਰਬਜੀਤ ਕੌਰ ਮਾਣੂੰਕੇ, ਅਮਨ ਅਰੋੜਾ, ਮੀਤ ਹੇਅਰ, ਜੈ ਸਿੰਘ ਰੋੜੀ, ਮਨਜੀਤ ਸਿੰਘ ਬਿਲਾਸਪੁਰ, ਮਾਸਟਰ ਬਲਦੇਵ ਸਿੰਘ ਅਤੇ ਰੁਪਿੰਦਰ ਕੌਰ ਰੂਬੀ ਸ਼ਾਮਲ ਹੋਏ ਜਦਕਿ ਕੁਲਤਾਰ ਸਿੰਘ ਸੰਧਵਾਂ, ਪ੍ਰੋ. ਬਲਜਿੰਦਰ ਕੌਰ, ਕੁਲਵੰਤ ਸਿੰਘ ਪੰਡੋਰੀ ਨੇ ਵੀਡੀਓ ਕਾਲਿੰਗ ਰਾਹੀਂ ਸ਼ਮੂਲੀਅਤ ਕੀਤੀ। ਹਰਪਾਲ ਸਿੰਘ ਚੀਮਾ ਨੇ ਦੱਸਿਆ ਕਿ ਪਾਰਟੀ ਦੀ ਤਰਫੋਂ ਵਿਧਾਇਕ ਅਮਨ ਅਰੋੜਾ ਖੇਤੀ ਵਿਰੋਧੀ ਆਰਡੀਨੈਂਸਾਂ ਅਤੇ ਕੇਂਦਰੀ ਬਿਜਲੀ ਸੋਧ ਬਿਲ-2020 ਨੂੰ ਪੰਜਾਬ ਵਿਧਾਨ ਸਭਾ ‘ਚ ਰੱਦ ਕਰਨ ਲਈ ਮਤਾ ਲਿਆਉਣ ਦੀ ਇਜਾਜਤ ਸਪੀਕਰ ਕੋਲੋਂ ਮੰਗ ਚੁੱਕੇ ਹਨ।