7000 liters recovered : ਚੰਡੀਗੜ੍ਹ : ਪੰਜਾਬ ਪੁਲਿਸ ਵਲੋਂ ਸੂਬੇ ਵਿਚ ਜ਼ਹਿਰੀਲੀ ਸ਼ਰਾਬ ਖਿਲਾਫ ਮੁਹਿੰਮ ਵਿੱਢੀ ਗਈ ਹੈ ਤੇ ਇਸ ਲਈ ਵੱਖ-ਵੱਖ ਥਾਵਾਂ ‘ਤੇ ਪੰਜਾਬ ਪੁਲਿਸ ਵਲੋਂ ਛਾਪੇਮਾਰੀ ਕੀਤੀ ਜਾ ਰਹੀ ਹੈ ਤਾਂ ਜੋ ਇਸ ‘ਚ ਸ਼ਾਮਲ ਵਿਅਕਤੀਆਂ ਨੂੰ ਜਲਦ ਤੋਂ ਜਲਦ ਫੜਿਆ ਜਾਵੇ ਤੇ ਇਸ ਨਾਜਾਇਜ਼ ਚੱਲ ਰਹੇ ਧੰਦੇ ‘ਤੇ ਨਕੇਲ ਕੱਸੀ ਜਾ ਸਕੇ। ਇਸ ਲਈ ਡਰੋਨਾਂ ਦਾ ਵੀ ਇਸਤੇਮਾਲ ਕੀਤਾ ਜਾ ਰਿਹਾ ਹੈ। ਪੰਜਾਬ ਪੁਲਿਸ ਨੇ ਬੁੱਧਵਾਰ ਨੂੰ ਸਤਲੁਜ ਦਰਿਆ ਦੇ ਨਾਲ ਹਰੀਕੇ ਇਲਾਕੇ ਵਿੱਚ ਕੈਮਰਿਆਂ ਨਾਲ ਲੈਸ ਡਰੋਨਾਂ ਦੀ ਸਹਾਇਤਾ ਨਾਲ ਚਲਾਈ ਗਈ ਮੁਹਿੰਮ ਦੌਰਾਨ ਪਿੰਡ ਮਰੜ ਦੇ ਮੰਡ ਖੇਤਰ ਵਿੱਚੋਂ 7000 ਲੀਟਰ ਲਾਹਣ ਫੜੀ ਗਈ ਹੈ।
ਦਰਿਆ ਦੇ ਦਲਦਲ ਵਾਲੇ ਹਿੱਸੇ ਵਿੱਚ ਐਚ ਡੀ ਕੈਮਰਿਆਂ ਨਾਲ ਫਿੱਟ ਡਰੋਨਾਂ ਦੀ ਸਹਾਇਤਾ ਨਾਲ ਇੱਕ ਵਿਸ਼ਾਲ ਤਲਾਸ਼ੀ ਮੁਹਿੰਮ ਚਲਾਈ ਗਈ ਸੀ ਤਾਂ ਜੋ ਉਚੇ ਸਰਕੰਡੇ ਵਿੱਚ ਸ਼ਰਾਬ ਦੀਆਂ ਚਲਦੀਆਂ ਭੱਠੀਆਂ ਦੇ ਥਾਵਾਂ ਦੀ ਸਹੀ ਸਥਿਤੀ ਅਤੇ ਸ਼ੱਕੀ ਵਿਅਕਤੀਆਂ ਦੀ ਗਤੀਵਿਧੀ ਦਾ ਪਤਾ ਲਗਾਇਆ ਜਾ ਸਕੇ। ਇਸ ਲਈ ਸਿਖਲਾਈ ਪ੍ਰਾਪਤ ਡਰੋਨ ਚਾਲਕਾਂ ਨੂੰ ਵਿਸੇਸ਼ ਤੌਰ ‘ਤੇ ਪੰਜਾਬ ਆਰਮਡ ਪੁਲਿਸ, ਜਲੰਧਰ ਤੋਂ ਬੁਲਾਇਆ ਗਿਆ ਸੀ, ਜਿੰਨਾਂ ਨੂੰ ਇਹ ਛਾਪੇਮਾਰੀ ਕਰਨ ਤੋਂ ਇਕ ਦਿਨ ਪਹਿਲਾਂ ਕਰੀਬ 2 ਵਰਗ ਕਿਲੋਮੀਟਰ ਖੇਤਰ ਦੇ ਉਸ ਇਲਾਕੇ ਦੀ ਛਾਣਬੀਣ ਕਰਨ ਵਿਚ ਲਗਾਇਆ ਗਿਆ ਸੀ। ਉਨਾਂ ਕਿਹਾ ਕਿ ਦਰਿਆ ਦੇ ਉਸ ਦਲਦਲ ਵਾਲੇ ਇਲਾਕੇ ਵਿੱਚ ਲੰਬਾ ਤੇ ਸੰਘਣਾ ਘਾਹ ਹੋਣ ਕਾਰਨ ਆਮ ਹਾਲਤਾਂ ਵਿੱਚ ਉਥੇ ਪਹੁੰਚਣਾ ਔਖਾ ਹੈ ਜਿਸ ਲਈ ਕੈਮਰਿਆਂ ਨਾਲ ਫਿੱਟ ਡਰੋਨਾਂ ਦੀ ਵਰਤੋਂ ਕੀਤੀ ਗਈ।
SSP ਤਰਨਤਾਰਨ ਦੀ ਅਗਵਾਈ ਹੇਠ ਟੀਮ ਗਠਿਤ ਕੀਤੀ ਗਈ ਸੀ ਜਿਨ੍ਹਾਂ ਵਲੋਂ ਉਕਤ ਕਾਰਵਾਈ ਨੂੰ ਅੰਜਾਮ ਦਿੱਤਾ ਗਿਆ। ਉਨ੍ਹਾਂ ਦੱਸਿਆ ਕਿ ਇਸ ਮਾਮਲੇ ਵਿੱਚ ਮੁਲਜ਼ਮ ਵਜੋਂ ਨਾਮਜਦ ਸੱਤ ਦੋਸ਼ੀਆਂ ਦੀ ਭਾਲ ਲਈ ਇੱਕ ਛਾਪੇਮਾਰੀ ਸ਼ੁਰੂ ਕੀਤੀ ਗਈ ਹੈ ਅਤੇ ਸਾਰੇ ਸ਼ੱਕੀ ਵਿਅਕਤੀ ਨੇੜਲੇ ਪਿੰਡਾਂ ਦੇ ਹੀ ਵਸਨੀਕ ਹਨ। ਮੌਕੇ ਤੋਂ ਛੇ ਚੱਲਦੀਆਂ ਭੱਠੀਆਂ ਵੀ ਬਰਾਮਦ ਕੀਤੀਆਂ ਗਈਆਂ ਅਤੇ ਨਸ਼ਟ ਕਰ ਦਿੱਤੀਆਂ ਗਈਆਂ। ਉਨ੍ਹਾਂ ਦੱਸਿਆ ਕਿ ਜਬਤ ਕੀਤੀ ਲਾਹਣ ਵਿੱਚ 10 ਡਰੱਮ ਅਤੇ 10 ਤਰਪਾਲਾਂ ਬਰਾਮਦ ਕੀਤੀਆਂ ਗਈਆਂ ਹਨ। DGP ਨੇ ਦੱਸਿਆ ਕਿ ਡਰੋਨ ਕੈਮਰਿਆਂ ਦੀ ਮਦਦ ਨਾਲ ਜਿਹੜੇ ਦੋਸ਼ੀਆਂ ਦੀ ਫੁਟੇਜ ਸਾਹਮਣੇ ਆਈ ਸੀ, ਸਥਾਨਕ ਵਾਸੀਆਂ ਤੋਂ ਉਨ੍ਹਾਂ ਦੀ ਪਛਾਣ ਕਰਵਾਈ ਗਈ ਅਤੇ ਉਸ ਦੇ ਆਧਾਰ ‘ਤੇ ਦਲੇਰ ਸਿੰਘ, ਕੁਲਬੀਰ ਸਿੰਘ, ਲਾਲੀ, ਮਨਜੀਤ ਸਿੰਘ, ਫੁੰਮਣ ਸਿੰਘ, ਮੋਹਨ ਸਿੰਘ ਅਤੇ ਬਲਵਿੰਦਰ ਸਿੰਘ ਉਰਫ ਨਿੰਮਾ ਨੂੰ ਦੋਸ਼ੀ ਨਾਮਜ਼ਦ ਕੀਤਾ ਗਿਆ ਹੈ। ਇਸ ਸਬੰਧ ਵਿੱਚ ਉਕਤ ਦੋਸ਼ੀਆਂ ਖਿਲਾਫ਼ ਹਰੀਕੇ ਥਾਣੇ ਵਿੱਚ ਆਬਕਾਰੀ ਕਾਨੂੰਨ ਹੇਠ ਮਾਮਲਾ ਦਰਜ ਕਰ ਲਿਆ ਗਿਆ ਹੈ।