New guidelines issued : ਪੰਜਾਬ ਵਿੱਚ ਕੋਰੋਨਾ ਦੇ ਵੱਧ ਰਹੇ ਮਾਮਲਿਆਂ ਨੂੰ ਧਿਆਨ ਵਿੱਚ ਰੱਖਦੇ ਹੋਏ ਪੰਜਾਬ ਸਰਕਾਰ ਵੱਲੋਂ ਅੰਤਰਰਾਸ਼ਟਰੀ ਯਾਤਰਾ ਕਰਨ ਵਾਲਿਆਂ ਵਾਸਤੇ ਨਵੇਂ ਦਿਸ਼ਾ-ਨਿਰਦੇਸ਼ ਜਾਰੀ ਕੀਤੇ ਗਏ ਹਨ। ਜਾਣਕਾਰੀ ਦਿੰਦੇ ਹੋਏ ਸਿਹਤ ਮੰਤਰੀ ਬਲਬੀਰ ਸਿੰਘ ਸਿੱਧੂ ਨੇ ਦੱਸਿਆ ਕਿ ਸਾਰੇ ਯਾਤਰੀਆਂ ਨੂੰ ਨਿਰਧਾਰਤ ਯਾਤਰਾ ਤੋਂ ਘੱਟੋ ਘੱਟ 72 ਘੰਟੇ ਪਹਿਲਾਂ ਆਨ ਲਾਈਨ ਪੋਰਟਲ (www.newdelhiairport.in) ‘ਤੇ ਸਵੈ-ਘੋਸ਼ਣਾ ਪੱਤਰ ਜਮ੍ਹਾਂ ਕਰਨਾ ਹੋਵੇਗਾ। ਨਾਲ ਹੀ ਉਨ੍ਹਾਂ ਨੂੰ 14 ਦਿਨਾਂ ਲਈ ਕੁਆਰੰਟਾਈਨ ਹੋਣਾ ਪਵੇਗਾ। 7 ਦਿਨਾਂ ਦਾ ਸੰਸਥਾਗਤ ਕੁਆਰੰਟਾਈਨ ਤੇ 7 ਦਿਨਾਂ ਲਈ ਘਰ ‘ਚ ਹੀ ਇਕਾਂਤਵਾਸ ਹੋਣਾ ਪਵੇਗਾ।
ਸਿਹਤ ਮੰਤਰੀ ਨੇ ਹੋਰ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਕੁਝ ਖਾਸ ਕਾਰਨਾਂ ਜਿਵੇਂ ਮਾਨਸਿਕ ਪ੍ਰੇਸ਼ਾਨੀ ਦੇ ਠੋਸ ਕਾਰਨਾਂ/ਕੇਸਾਂ ਜਿਵੇਂ ਕਿ ਗਰਭ ਅਵਸਥਾ, ਪਰਿਵਾਰ ਵਿੱਚ ਮੌਤ ਹੋਣ, ਗੰਭੀਰ ਬੀਮਾਰੀ ਅਤੇ 10 ਸਾਲ ਜਾਂ ਇਸ ਤੋਂ ਘੱਟ ਉਮਰ ਵਾਲੇ ਬੱਚਿਆਂ ਦੇ ਮਾਪਿਆਂ ਲਈ 14 ਦਿਨਾਂ ਦੇ ਘਰੇਲੂ ਇਕਾਂਤਵਾਸ ਦੀ ਆਗਿਆ ਹੋਵੇਗੀ। ਜੇ ਉਹ ਇਸ ਤਰ੍ਹਾਂ ਦੀ ਛੋਟ ਚਾਹੁੰਦੇ ਹਨ, ਤਾਂ ਉਨ੍ਹਾਂ ਨੂੰ ਯਾਤਰਾ ਤੋਂ ਘੱਟੋ ਘੱਟ 72 ਘੰਟੇ ਪਹਿਲਾਂ ਆਨ ਲਾਈਨ ਪੋਰਟਲ (www.newdelhiairport.in) ‘ਤੇ ਬਿਨੈ ਕਰਨਾ ਹੋਵੇਗਾ। ਉਨ੍ਹਾਂ ਕਿਹਾ ਕਿ ਅੰਤਰਰਾਸ਼ਟਰੀ ਯਾਤਰੀ ਪੋਰਟਲ ‘ਤੇ ਕੋਵਿਡ-19 ਦੀ ਟੈਸਟ ਰਿਪੋਰਟ ਜਮ੍ਹਾ ਕਰਵਾ ਸਕਦੇ ਹਨ ਅਤੇ ਇੱਥੇ ਪਹੁੰਚਣ ‘ਤੇ ਜ਼ਿਲ੍ਹਾ ਪ੍ਰਸ਼ਾਸਨ ਦੇ ਨੋਡਲ ਅਧਿਕਾਰੀ ਨੂੰ ਰਿਪੋਰਟ ਕਰਨਾ ਲਾਜ਼ਮੀ ਹੋਵੇਗਾ। ਸਰਕਾਰ ਦੁਆਰਾ ਆਨਲਾਈਨ ਪੋਰਟਲ ‘ਤੇ ਦਿੱਤਾ ਗਿਆ ਫੈਸਲਾ ਅੰਤਿਮ ਹੋਵੇਗਾ। ਯਾਤਰੀ RTPCR ਦੀ ਰਿਪੋਰਟ ਨੈਗੇਟਿਵ ਆਉਣ ਤੋਂ ਬਾਅਦ ਹੀ ਸੰਸਥਾਗਤ ਇਕਾਂਤਵਾਸ ਦੀ ਛੋਟ ਲੈ ਸਕਦੇ ਹਨ। ਇਹ ਟੈਸਟ ਯਾਤਰਾ ਸ਼ੁਰੂ ਕਰਨ ਤੋਂ ਪਹਿਲਾਂ 96 ਘੰਟਿਆਂ ਦੌਰਾਨ ਕੀਤਾ ਜਾਣਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਜੇਕਰ ਕਿਸੇ ਯਾਤਰੀ ਵਲੋਂ ਗਲਤ ਜਾਣਕਾਰੀ ਦਿੱਤੀ ਜਾਂਦੀ ਹੈ ਤਾਂ ਇਸ ਵਿਰੁੱਧ ਕਾਰਵਾਈ ਲਈ ਉਹ ਖੁਦ ਹੀ ਜ਼ਿੰਮੇਵਾਰ ਹੋਵੇਗਾ।
ਬਲਬੀਰ ਸਿੱਧੂ ਨੇ ਦੱਸਿਆ ਕਿ ਕੇਂਦਰ ਸਰਕਾਰ ਵਲੋਂ ਜਾਰੀ ਹਦਾਇਤਾਂ ਅਨੁਸਾਰ ਜ਼ਮੀਨੀ ਰਸਤੇ ਰਾਹੀਂ ਆਉਣ ਵਾਲੇ ਯਾਤਰੀਆਂ ਨੂੰ ਵੀ ਉਕਤ ਪ੍ਰੋਟੋਕੋਲ ਦੀ ਪਾਲਣਾ ਕਰਨੀ ਹੋਵਗੀ ਅਤੇ ਸਿਰਫ ਲੱਛਣ ਨਾ ਪਾਏ ਜਾਣ ਵਾਲੇ ਵਿਅਕਤੀਆਂ ਨੂੰ ਭਾਰਤ ਵਿੱਚ ਦਾਖ਼ਲ ਹੋਣ ਦੀ ਆਗਿਆ ਦਿੱਤੀ ਜਾਵੇਗੀ। ਉਨ੍ਹਾਂ ਕਿਹਾ ਕਿ ਹਵਾਈ ਅੱਡਿਆਂ ਅਤੇ ਹਵਾਈ ਜਹਾਜ਼ਾਂ/ਸਮੁੰਦਰੀ ਜ਼ਹਾਜ਼ਾਂ ਵਿੱਚ ਅਤੇ ਯਾਤਰਾ ਦੌਰਾਨ ਵਰਤੀਆਂ ਜਾਣ ਵਾਲੀਆਂ ਸਾਵਧਾਨੀਆਂ ਸਮੇਤ ਕੋਵਿਡ -19 ਸਬੰਧੀ ਜ਼ਰੂਰੀ ਘੋਸ਼ਣਾ ਕੀਤੀ ਜਾਵੇਗੀ। ਉਨ੍ਹਾਂ ਅੱਗੇ ਕਿਹਾ ਕਿ ਹਵਾਈ ਜਹਾਜ਼ / ਸਮੁੰਦਰੀ ਜਹਾਜ਼ ਵਿੱਚ ਸਵਾਰ ਹੋਣ ਸਮੇਂ ਏਅਰਲਾਈਨ/ਸਮੁੰਦਰੀ ਜਹਾਜ਼ ਦੇ ਸਟਾਫ਼ ਅਤੇ ਯਾਤਰੀਆਂ ਵੱਲੋਂ ਮਾਸਕ ਪਹਿਨਣ, ਸਾਫ਼-ਸਫ਼ਾਈ ਅਤੇ ਹੱਥਾਂ ਦੀ ਸਫ਼ਾਈ ਆਦਿ ਦੀ ਪਾਲਣਾ ਕੀਤੀ ਜਾਵੇਗੀ। ਉਨ੍ਹਾਂ ਕਿਹਾ ਕਿ ਹਵਾਈ ਅੱਡੇ, ਸਮੁੰਦਰੀ ਬੰਦਰਗਾਹ ‘ਤੇ ਮੌਜੂਦ ਸਿਹਤ ਅਧਿਕਾਰੀਆਂ ਵਲੋਂ ਸਾਰੇ ਯਾਤਰੀਆਂ ਦੀ ਥਰਮਲ ਸਕਰੀਨਿੰਗ ਕੀਤੀ ਜਾਵੇਗੀ ਤੇ ਜੇਕਰ ਉਨ੍ਹਾਂ ਵਿਚ ਕਿਸੇ ਵੀ ਤਰ੍ਹਾਂ ਦੇ ਲੱਛਣ ਪਾਏ ਜਾਂਦੇ ਹਨ ਤਾਂ ਉਹ ਜਿਲ੍ਹਾ ਨਿਗਰਾਨ ਅਧਿਕਾਰੀ ਜਾਂ ਸਟੇਟ/ਨੈਸ਼ਨਲ ਕਾਲ ਸੈਂਟਰ (104/1075) ‘ਤੇ ਕਾਲ ਕਰ ਸਕਦਾ ਹੈ।