Punjab sweet shop : ਅੱਜ ਜਦੋਂ ਕਿ ਪੂਰੇ ਵਿਸ਼ਵ ਵਿੱਚ ਕੋਰੋਨਾ ਕਾਲ ਚੱਲ ਰਿਹਾ ਹੈ ਤੇ ਹਰ ਕੋਈ ਆਰਥਿਕ ਮੰਦੀ ਵਿੱਚੋਂ ਲੰਘ ਰਿਹਾ ਹੈ ਉਥੇ ਅੱਜ ਪੰਜਾਬ ਦੇ ਪਿੰਡ ਕਾਲਾਂਵਾਲੀ ਵਿਖੇ ਸਵੀਟ ਸ਼ਾਪ ਚਲਾਉਣ ਵਾਲੇ ਧਰਮਪਾਲ ਨੇ ਰਾਖੀ ਬੰਪਰ ‘ਚ 1.5 ਕਰੋੜ ਦੀ ਲਾਟਰੀ ਦਾ ਪਹਿਲਾ ਇਨਾਮ ਜਿੱਤਿਆ। ਉਸ ਨੇ ਦੱਸਿਆ ਕਿ ਭਾਵੇਂ ਕੋਰੋਨਾ ਕਾਰਨ ਰੱਖੜੀ ਦਾ ਤਿਓਹਾਰ ਫਿੱਕਾ ਰਿਹਾ ਪਰ ਹੁਣ 1.5 ਕਰੋੜ ਦੀ ਲਾਟਰੀ ਦਾ ਇਨਾਮ ਦੇ ਕੇ ਸਰਕਾਰ ਨੇ ਉਸ ਦਾ ਮੂੰਹ ਮਿੱਠਾ ਕਰਵਾ ਦਿੱਤਾ ਹੈ, ਜਿਸ ਦੀ ਉਸ ਨੂੰ ਬਹੁਤ ਖੁਸ਼ੀ ਹੈ।
ਜਾਣਕਾਰੀ ਦਿੰਦਿਆਂ ਧਰਮਪਾਲ ਨੇ ਦੱਸਿਆ ਕਿ ਉਹ ਪਿਛਲੇ 13 ਵਰ੍ਹਿਆਂ ਤੋਂ ਉਹ ਪੰਜਾਬ ਸਰਕਾਰ ਦੀਆਂ ਬੰਪਰ ਸਕੀਮਾਂ ਦੀਆਂ ਟਿਕਟਾਂ ਖਰੀਦ ਰਿਹਾ ਹੈ ਪਰ ਉਸ ਨੂੰ ਇਨਾਮ ਪਹਿਲੀ ਵਾਰ ਨਿਕਲਿਆ ਹੈ। ਦੱਸਣਯੋਗ ਹੈ ਕਿ ਪੰਜਾਬ ਰਾਜ ਰਾਖੀ ਬੰਪਰ-2020 ਦਾ ਡਰਾਅ 20 ਅਗਸਤ, 2020 ਨੂੰ ਕੱਢਿਆ ਗਿਆ ਸੀ। ਧਰਮ ਪਾਲ ਨੂੰ ਲਾਟਰੀਜ਼ ਵਿਭਾਗ ਵੱਲੋਂ 21 ਅਗਸਤ ਨੂੰ ਫੋਨ ਕਰਕੇ ਟਿਕਟ ਨੰਬਰ ਬੀ-315094 ਉਤੇ ਡੇਢ ਕਰੋੜ ਰੁਪਏ ਦਾ ਪਹਿਲਾ ਇਨਾਮ ਨਿਕਲਣ ਬਾਰੇ ਜਾਣਕਾਰੀ ਦਿੱਤੀ। ਉਸ ਨੇ ਲਾਟਰੀਜ਼ ਵਿਭਾਗ ਦੇ ਅਧਿਕਾਰੀਆਂ ਕੋਲ ਇਨਾਮੀ ਰਕਮ ਲੈਣ ਲਈ ਸਬੰਧਤ ਦਸਤਾਵੇਜ਼ ਜਮ੍ਹਾ ਕਰਵਾਏ।
ਧਰਮ ਪਾਲ ਨੇ ਦੱਸਿਆ ਕਿ ਉਸ ਦੇ ਇੱਕ ਧੀ ਅਤੇ ਦੋ ਪੁੱਤਰ ਹਨ। ਵੱਡਾ ਬੇਟਾ ਵਿਆਹਿਆ ਹੋਇਆ ਜਦੋਂ ਕਿ ਬੇਟੀ ਅਤੇ ਇੱਕ ਲੜਕਾ ਪੜ੍ਹ ਰਹੇ ਹਨ। ਉਸ ਨੇ ਦੱਸਿਆ ਕਿ ਇਸ ਰਾਸ਼ੀ ਨਾਲ ਉਹ ਆਪਣੇ ਬੱਚਿਆਂ ਨੂੰ ਚੰਗੀ ਪੜ੍ਹਾਈ ਦਿਵਾਉਣ ਤੋਂ ਇਲਾਵਾ ਆਪਣੇ ਕਾਰੋਬਾਰ ਦਾ ਵਿਸਥਾਰ ਕਰੇਗਾ। ਉਸ ਨੇ ਦੱਸਿਆ ਕਿ ਉਸ ਨੇ ਕਦੇ ਸੁਪਨੇ ਵਿੱਚ ਵੀ ਨਹੀਂ ਸੋਚਿਆ ਸੀ ਕਿ ਉਹ ਜ਼ਿੰਦਗੀ ਵਿੱਚ ਕਦੇ ਐਨੀਂ ਵੱਡੀ ਇਨਾਮੀ ਰਕਮ ਜਿੱਤੇਗਾ। ਇਹ ਸੁਪਨਾ ਸਾਕਾਰ ਹੋਣ ਵਾਂਗ ਹੈ। ਧਰਮਪਾਲ ਨੇ ਪੰਜਾਬ ਲਾਟਰੀਜ਼ ਵਿਭਾਗ ਦੇ ਅਧਿਕਾਰੀਆਂ ਦੇ ਸਹਿਯੋਗੀ ਵਤੀਰੇ ਦੀ ਵੀ ਪ੍ਰਸ਼ੰਸਾ ਕੀਤੀ ਤੇ ਲਾਟਰੀਜ਼ ਵਿਭਾਗ ਵਲੋਂ ਜੇਤੂ ਨੂੰ ਜਲਦ ਤੋਂ ਜਲਦ ਇਨਾਮੀ ਰਕਮ ਦੇਣ ਦਾ ਭਰੋਸਾ ਦਿੱਤਾ ਗਿਆ।