In Ferozepur : ਅੱਜ ਜਿਲ੍ਹਾ ਫਿਰੋਜ਼ਪੁਰ ਦੇ ਪਿੰਡ ਘਾਂਗਾ ਖੁਰਦ ਵਿਖੇ ਰਿਸ਼ਤਿਆਂ ਨੂੰ ਤਾਰ-ਤਾਰ ਕਰ ਦੇਣ ਵਾਲੀ ਘਟਨਾ ਸਾਹਮਣੇ ਆਈ ਹੈ ਜਿਥੇ ਇੱਕ ਪਿਓ ਨੇ ਆਪਣੇ ਹੀ ਨੌਜਵਾਨ ਪੁੱਤ ਦਾ ਗੋਲੀ ਮਾਰ ਕੇ ਕਤਲ ਕਰ ਦਿੱਤਾ। ਮ੍ਰਿਤਕ ਦੀ ਪਛਾਣ ਜਗਸੀਰ ਸਿੰਘ ਵਜੋਂ ਹੋਈ ਹੈ ਤੇ ਲਾਸ਼ ਨੂੰ ਕਬਜ਼ੇ ਵਿੱਚ ਲੈ ਕੇ ਪੋਸਟਮਾਰਟਮ ਵਾਸਤੇ ਭੇਜ ਦਿੱਤਾ ਗਿਆ ਹੈ ਤੇ ਪਿਤਾ ਵਿਰੁੱਧ ਮਾਮਲਾ ਦਰਜ ਕਰ ਲਿਆ ਗਿਆ ਹੈ। ਮੌਤ ਦਾ ਕਾਰਨ ਮਾਮੂਲੀ ਤਕਰਾਰ ਦੱਸਿਆ ਜਾ ਰਿਹਾ ਹੈ। ਪੁੱਤ ਦੀ ਹੱਤਿਆ ਕਰਨ ਵਾਲੇ ਪਿਤਾ ਖਿਲਾਫ ਧਾਰਾ 302 ਤਹਿਤ ਮਾਮਲਾ ਦਰਜ ਕਰ ਲਿਆ ਗਿਆ ਹੈ।
ਮਿਲੀ ਜਾਣਕਾਰੀ ਮੁਤਾਬਕ ਜਗਸੀਰ ਸਿੰਘ ਆਪਣੇ ਪਿਤਾ ਤੋਂ ਵੱਖਰਾ ਪਤਨੀ ਤੇ ਬੱਚਿਆਂ ਨਾਲ ਰਹਿੰਦਾ ਸੀ ਤੇ ਉਨ੍ਹਾਂ ਦੀ ਆਏ ਦਿਨ ਕਿਸੇ ਨਾ ਕਿਸੇ ਗੱਲ ਨੂੰ ਲੈ ਕੇ ਲੜਾਈ ਹੁੰਦੀ ਰਹਿੰਦੀ ਸੀ ਤੇ ਪਿਓ ਨੂੰ ਸ਼ਰਾਬ ਪੀਣ ਦੀ ਆਦਤ ਸੀ ਤੇ ਬੀਤੀ ਰਾਤ ਜਦੋਂ ਉਹ ਰਾਤ ਨੂੰ ਲਗਭਗ 9 ਵਜੇ ਨਸ਼ੇ ਵਿੱਚ ਉਸ ਦੇ ਘਰ ਪੁੱਜਾ ਅਤੇ 12 ਬੋਰ ਦੀ ਬੰਦੂਕ ਨਾਲ ਆਪਣੇ ਹੀ ਪੁੱਤ ਦੇ ਸਿਰ ਵਿੱਚ ਗੋਲੀ ਮਾਰ ਦਿੱਤੀ ਜਿਸ ਨਾਲ ਜਗਸੀਰ ਸਿੰਘ ਗੰਭੀਰ ਤੌਰ ‘ਤੇ ਜ਼ਖਮੀ ਹੋ ਗਿਆ। ਜਗਸੀਰ ਸਿੰਘ ਨੂੰ ਤੁਰੰਤ ਹਸਪਤਾਲ ਪਹੁੰਚਾਇਆ ਗਿਆ ਪਰ ਰਸਤੇ ਵਿੱਚ ਹੀ ਉਸ ਨੇ ਦਮ ਤੋੜ ਦਿੱਤਾ।
ਇੰਸਪੈਕਟਰ ਬਲਕਾਰ ਸਿੰਘ ਨੇ ਦੱਸਿਆ ਕਿ ਉਨ੍ਹਾਂ ਨੂੰ ਪਿੰਡ ਵਾਸੀਆਂ ਵੱਲੋਂ ਸੂਚਨਾ ਮਿਲੀ ਸੀ ਕਿ ਪਿਓ ਨੇ ਆਪਣੇ ਹੀ ਪੁੱਤ ਨੂੰ ਗੋਲੀ ਮਾਰ ਦਿੱਤੀ। ਪੁਲਿਸ ਮੌਕੇ ‘ਤੇ ਪੁੱਜੀ ਤੇ ਪਰਿਵਾਰਕ ਮੈਂਬਰਾਂ ਦੇ ਬਿਆਨ ਦਰਜ ਕਰ ਲਏ ਗਏ ਹਨ । ਮ੍ਰਿਤਕ ਦੀ ਪਤਨੀ ਨੇ ਦੱਸਿਆ ਕਿ ਦੋਵੇਂ ਪਿਓ-ਪੁੱਤ ਵਿਚਾਲੇ ਆਏ ਦਿਨ ਲੜਾਈ ਹੁੰਦੀ ਰਹਿੰਦਾ ਸੀ। ਦੇਰ ਰਾਤ ਹੋਏ ਝਗੜੇ ਵਿੱਚ ਉਸ ਦੇ ਸਹੁਰੇ ਨੇ ਉਸ ਦੇ ਪਤੀ ਜਗਸੀਰ ਸਿੰਘ ਦੀ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ। ਮ੍ਰਿਤਕ ਦੇ ਰਿਸ਼ਤੇਦਾਰਾਂ ਨੇ ਦੱਸਿਆ ਕਿ ਬਾਜ ਸਿੰਘ ਦਾ ਮੱਛੀ ਫ਼ਾਰਮ ਹੈ। ਉਹ ਰਾਤ ਨੂੰ ਰੋਟੀ ਖਾਣ ਬਾਅਦ ਆਪਣੇ ਮੱਛੀ ਫ਼ਾਰਮ ਉੱਤੇ ਬੰਦੂਕ ਲੈ ਕੇ ਜਾਂਦਾ ਸੀ।