Robbed after snatching : ਫਿਰੋਜ਼ਪੁਰ : ਪੰਜਾਬ ਵਿੱਚ ਲੁੱਟ ਦੀਆਂ ਵਾਰਦਾਤਾਂ ਵਧਦੀਆਂ ਹੀ ਜਾ ਰਹੀਆਂ ਹਨ। ਲੁਟੇਰਿਆਂ ਦੇ ਹੌਸਲੇ ਇੰਨੇ ਬੁਲੰਦ ਹੁੰਦੇ ਜਾ ਰਹੇ ਹਨ ਕਿ ਉਹ ਦਿਨ-ਦਿਹਾੜੇ ਲੁੱਟ ਕਰਨ ਤੋਂ ਜ਼ਰਾ ਵੀ ਨਹੀਂ ਡਰਦੇ। ਅਜਿਹਾ ਹੀ ਮਾਮਲਾ ਸਾਹਮਣੇ ਆਇਆ ਸਥਾਨਕ ਸ਼ਹਿਰ ਵਿੱਚ ਜਿਥੇ ਥਾਣਾ ਸਦਰ ਦੇ ਅਧੀਨ ਪੈਂਦੇ ਮਲਵਾਲ ਰੋਡ ਸਥਿਤ ਇਕ ਸਟੋਰ ਦੇ ਨੇੜੇ ਤਿੰਨ ਲੁਟੇਰਿਆਂ ਨੇ ਇਕ ਅਮੇਜ਼ਾਨ ਕੰਪਨੀ ਦੇ ਮੁਲਾਜ਼ਮ ਤੋਂ ਸੱਤ ਲੱਖ 29 ਹਜ਼ਾਰ 137 ਰੁਪਏ ਨਾਲ ਭਰਿਆ ਬੈਗ ਖੋਹ ਲਿਆ ਅਤੇ ਬਾਈਕ ‘ਤੇ ਤੁਰੰਤ ਫਰਾਰ ਹੋ ਗਏ। ਪੀੜਤ ਦੇ ਬਿਆਨਾਂ ’ਤੇ ਥਾਣਾ ਸਦਰ ਪੁਲਿਸ ਨੇ ਮੰਗਲਵਾਰ ਨੂੰ ਤਿੰਨੋਂ ਦੋਸ਼ੀਆਂ ਖਿਲਾਫ ਮਾਮਲਾ ਦਰਜ ਕਰ ਲਿਆ।
ਪੀੜਤ ਸਤਪਾਲ ਸਿੰਘ ਨਿਵਾਸੀ ਵਲੂਰ ਨੇ ਪੁਲਿਸ ਨੂੰ ਦਿੱਤੇ ਬਿਆਨ ਵਿੱਚ ਕਿਹਾ ਕਿ ਉਹ ਅਮੇਜ਼ਾਨ ਕੰਪਨੀ ਵਿੱਚ ਕੰਮ ਕਰਦਾ ਹੈ। ਕੰਪਨੀ ’ਚ ਇਕੱਠਾ ਹੋਇਆ ਸੱਤ ਲੱਖ 29 ਹਜ਼ਾਰ 137 ਰੁਪਏ ਦਾ ਕੈਸ਼ ਜਮ੍ਹਾ ਕਰਵਾਉਣ ਲਈ ਉਹ ਸ਼ਹੀਦ ਊਧਮ ਸਿੰਘ ਚੌਕ ਦੇ ਨੇੜੇ ਕੇਨਰਾ ਬੈਂਕ ਜਾ ਰਿਹਾ ਸੀ। ਮਲਵਾਲ ਰੋਡ ਸਥਿਤ ਸਟੋਰ ਦੇ ਕੋਲ ਬਾਈਕ ਸਵਾਰ ਤਿੰਨ ਨੌਜਵਾਨਾਂ ਨੇ ਉਸ ਨੂੰ ਘੇਰ ਲਿਆ ਅਤੇ ਉਸ ਨਾਲ ਹੱਥੋਪਾਈ ਕਰਨ ਲੱਗੇ। ਤਿੰਨੋਂ ਉਸ ਕੋਲੋਂ ਪੈਸਿਆਂ ਨਾਲ ਭਰਿਆ ਬੈਗ ਖੋਹ ਲਿਆ ਅਤੇ ਫਰਾਰ ਹੋ ਗਏ।
ਇਸ ਘਟਨਾ ਦੀ ਸੂਚਨਾ ਮਿਲਦੇ ਹੀ ਪੁਲਿਸ ਨੇ ਘਟਨਾ ਵਾਲੀ ਥਾਂ ’ਤੇ ਆਲੇ- ਦੁਆਲੇ ਦੇ ਲੋਕਾਂ ਕੋਲੋਂ ਪੁੱਛ-ਗਿੱਛ ਕੀਤੀ। ਮਾਮਲੇ ਦੀ ਜਾਂਚ ਕਰ ਰਹੇ ਏਐੱਸਆਈ ਸਤਨਾਮ ਸਿੰਘ ਨੇ ਦੱਸਿਆ ਕਿ ਘਟਨਾ ਵਾਲੀ ਥਾਂ ਦੇ ਆਲੇ-ਦੁਆਲੇ ਦੁਕਾਨਾਂ ਦੇ ਬਾਹਰ ਲੱਗੇ ਸੀਸੀਟੀਵੀ ਕੈਮਰੇ ਦੀ ਫੁਟੇਜ ਖੰਗਾਲੀ ਜਾ ਰਹੀ ਹੈ। ਛੇਤੀ ਹੀ ਲੁਟੇਰਿਆਂ ਦਾ ਸੁਰਾਗ ਲਗਾਇਆ ਜਾਏਗਾ। ਫਿਲਹਾਲ ਤਿੰਨ ਅਣਪਛਾਤੇ ਲੁਟੇਰਿਆਂ ਖਿਲਾਫ ਮਾਮਲਾ ਦਰਜ ਕਰ ਲਿਆ ਗਿਆ ਹੈ।