Rape of 6 year old girl: ਕਪੂਰਥਲਾ ਜਿਲ੍ਹੇ ਦੇ ਕਸਬਾ ਭੁਲੱਥ ‘ਚ ਐਤਵਾਰ ਨੂੰ ਮਜ਼ਦੂਰ ਵੱਲੋਂ 6 ਸਾਲ ਦੀ ਬੱਚੀ ਨਾਲ ਜਬਰ ਜਨਾਹ ਦੀ ਘਟਨਾ ਸਾਹਮਣੇ ਆਈ ਹੈ। ਬੱਚੀ ਸਿਵਲ ਹਸਪਤਾਲ ‘ਚ ਭਰਤੀ ਹੈ ਜਿਥੇ ਉਸ ਦੀ ਹਾਲਤ ਗੰਭੀਰ ਦੱਸੀ ਜਾ ਰਹੀ ਹੈ। ਘਟਨਾ ਸ਼ਨੀਵਾਰ ਦੁਪਹਿਰ ਦੀ ਹੈ ਜਿਸ ਦਾ ਪਤਾ ਲੱਗਣ ਤੋਂ ਬਾਅਦ ਦੇਰ ਰਾਤ ਤੱਕ ਪੁਲਿਸ ਮਾਮਲੇ ਦੀ ਜਾਂਚ ਪੜਤਾਲ ‘ਚ ਲੱਗੀ ਰਹੀ। ਐਤਵਾਰ ਨੂੰ FIR ਦਰਜ ਕਰਕੇ ਪੁਲਿਸ ਨੇ ਦੋਸ਼ੀ ਨੂੰ ਗ੍ਰਿਫਤਾਰ ਕਰ ਲਿਆ ਹੈ। ਸ਼ਨੀਵਾਰ ਦੁਪਿਹਰ ਬਾਅਦ 3.50 ਵਜੇ ਪਿਤਾ ਦੇ ਕੰਮ ‘ਤੇ ਜਾਣ ਤੋਂ ਬਾਅਦ 6 ਸਾਲਾ ਬੱਚੀ ਘਰ ਦੇ ਬਾਹਰ ਹੀ ਖੇਡ ਰਹੀ ਸੀ।
ਇਸੇ ਦੌਰਾਨ ਇੱਕ ਮਜ਼ਦੂਰ ਉਥੇ ਆਇਆ। 20 ਰੁਪਏ ਦਾ ਲਾਲਚ ਦਿੱਤਾ ਅਤੇ ਚੀਜ਼ ਦਿਵਾਉਣ ਦੇ ਬਹਾਨੇ ਬੱਚੀ ਨੂੰ ਸਾਈਕਲ ‘ਤੇ ਬਿਠਾ ਕੇ ਸੁੰਨਸਾਨ ਜਗ੍ਹਾ ਲੈ ਗਿਆ। ਉਥੇ ਗਲਤ ਕੰਮ ਕਰਨ ਤੋਂ ਬਾਅਦ ਬੱਚੀ ਨੂੰ ਘਰ ਤੋਂ ਬਾਹਰ ਹੀ ਛੱਡ ਕੇ ਫਰਾਰ ਹੋ ਗਿਆ। ਮਾਪਿਆਂ ਨੂੰ ਪਤਾ ਲੱਗਣ ‘ਤੇ ਉਹ ਮੌਕੇ ‘ਤੇ ਪੁੱਜੇ ਤਾਂ ਬੱਚੀ ਬੇਹੋਸ਼ ਹੋਈ ਪਈ ਸੀ। ਉਸ ਨੂੰ ਤੁਰੰਤ ਭੁਲੱਥ ਸਿਵਲ ਹਸਪਤਾਲ ‘ਚ ਭਰਤੀ ਕਰਵਾਇਆ ਗਿਆ ਪਰ ਹਾਲਤ ਗੰਭੀਰ ਹੋਣ ਦੀ ਵਜ੍ਹਾ ਨਾਲ ਡਾਕਟਰਾਂ ਨੇ ਰਾਤ ‘ਚ ਕਪੂਰਥਲਾ ਸਿਵਲ ਹਸਪਤਾਲ ਰੈਫਰ ਕਰ ਦਿੱਤਾ। ਬੱਚੀ ਦਾ ਇਲਾਜ ਕਰ ਰਹੀ ਗਾਇਨੀ ਨੇ ਜਬਰ ਜਨਾਹ ਦੀ ਪੁਸ਼ਟੀ ਕੀਤੀ ਹੈ। ਉਂਝ ਬੱਚੀ ਦੀ ਹਾਲਤ ਖਤਰੇ ਤੋਂ ਬਾਹਰ ਹੈ। ਸੂਚਨਾ ਮਿਲਣ ਤੋਂ ਬਾਅਦ ਪੁਲਿਸ ਨੇ ਪੀੜਤ ਪਰਿਵਾਰ ਦੇ ਬਿਆਨ ਦੇ ਆਧਾਰ ‘ਤੇ ਕੇਸ ਦਰਜ ਕਰਕੇ ਦੋਸ਼ੀ ਦੀ ਭਾਲ ਸ਼ੁਰੂ ਕਰ ਦਿੱਤੀ। ਸ਼ਾਮ ਨੂੰ ਡੀ. ਐੱਸ. ਪੀ. ਮਾਮਲੇ ਦੀ ਜਾਂਚ ਕਰਨ ਪੁੱਜੇ। ਰਾਤ 10 ਵਜੇ ਤੋਂ ਬਾਅਦ ਤੱਕ ਵੱਖ-ਵੱਖ ਤੱਥਾਂ ਤੋਂ ਜਾਂਚ ਪੜਤਾਲ ਕੀਤੀ ਗਈ। ਸੀ. ਸੀ. ਟੀ. ਵੀ. ਫੁਟੇਜ ‘ਚ ਕੈਦ ਹੋਈ ਫੋਟੋ ਦੇ ਆਧਾਰ ‘ਤੇ ਦੋਸ਼ੀ ਨੂੰ ਗ੍ਰਿਫਤਾਰ ਵੀ ਕਰ ਲਿਆ ਗਿਆ ਹੈ।