Interstate gang supplying : ਜਲੰਧਰ ਕਮਿਸ਼ਨਰੇਟ ਪੁਲਿਸ ਵੱਲੋਂ ਨਾਜਾਇਜ਼ ਹਥਿਆਰ ਸਪਲਾਈ ਕਰਨ ਵਾਲੇ ਇੱਕ ਅੰਤਰਰਾਜੀ ਗਿਰੋਹ ਦਾ ਪਰਦਾਫਾਸ਼ ਕਰਦਿਆਂ ਇਸ ਦੇ 7 ਮੈਂਬਰਾਂ ਨੂੰ ਕਾਬੂ ਕੀਤਾ ਗਿਆ ਹੈ। ਉਨ੍ਹਾਂ ਕੋਲੋਂ 32 ਬੋਰ ਦੇ 12 ਪਿਸਤੌਲ ਅਤੇ 15 ਕਾਰਤੂਸ ਬਰਾਮਦ ਕੀਤੇ ਗਏ ਹਨ। ਪੁਲਿਸ ਮੁਤਾਬਕ ਉਹ ਪੰਜਾਬ ਦੇ ਵੱਖ-ਵੱਖ ਸ਼ਹਿਰਾਂ ਤੋਂ ਗੈਰਕਾਨੂੰਨੀ ਹਥਿਆਰ ਸਪਲਾਈ ਕਰਨ ਦਾ ਕਾਰੋਬਾਰ ਚਲਾ ਰਹੇ ਸਨ। ਪੁਲਿਸ ਕਮਿਸ਼ਨਰ ਵੱਲੋਂ ਇਸ ਗਿਰੋਹ ਨੂੰ ਫੜਣ ਵਾਲੀ ਸੀਆਈਏ ਟੀਮ ਅਤੇ ਉਸ ਦੇ ਇੰਚਾਰਜ ਦਾ ਨਾਂ ਡੀ.ਜੀ.ਪੀ. ਸਪੈਸ਼ਲ ਡਿਸਕ ਲਈ ਪ੍ਰਸਤਾਵਿਤ ਕੀਤਾ ਜਾਵੇਗਾ। ਮੁਲਜ਼ਮਾਂ ਦੀ ਪਛਾਣ ਨਿਊ ਰਾਜਨ ਨਗਰ ਦੇ 21 ਸਾਲਾ ਸੂਰਜ, ਆਦਮਪੁਰ ਦਾ ਵਿਜੇ ਕੁਮਾਰ (25), ਅਮ੍ਰਿਤਸਰ ਦੇ ਪਿੰਡ ਅਰਜਨਮੰਗਾ ਦਾ ਜੋਬਨਜੀਤ ਸਿੰਘ (22), ਪ੍ਰੇਮ ਨਗਰ ਪਠਾਨਕੋਟ ਦਾ ਸਾਹਿਲ ਸੈਣੀ (27), ਬਟਾਲਾ ਦੇ ਭੋਮਾ ਦਾ ਅੰਮ੍ਰਿਤਪਾਲ ਸਿੰਘ (24), ਅੰਮ੍ਰਿਤਸਰ ਤੋਂ ਕੇਸ਼ਵ ਖੇੜਾ (23) ਅਤੇ ਫਤਹਿਗੜ੍ਹ ਸਾਹਿਬ ਦੇ ਪਿੰਡ ਖੇੜੀ ਵੀਰ ਦੇ ਹਰਮਨਦੀਪ ਸਿੰਘ (24) ਵਜੋਂ ਹੋਈ ਹੈ।
ਪੁਲਿਸ ਕਮਿਸ਼ਨਰ ਗੁਰਪ੍ਰੀਤ ਸਿੰਘ ਭੁੱਲਰ ਨੇ ਦੱਸਿਆ ਕਿ 9 ਸਤੰਬਰ ਨੂੰ ਸਥਾਨਕ ਗਲੋਬਲ ਹਸਪਤਾਲ ਤੋਂ ਉੱਤਰ ਪ੍ਰਦੇਸ਼ ਦੇ ਪੀਲੀਭੀਤ ਦੇ ਅਭਿਨਵ ਮਿਸ਼ਰਾ ਨੂੰ ਗੋਲੀ ਲੱਗਣ ਦੀ ਸੂਚਨਾ ਮਿਲੀ ਸੀ। ਜਦੋਂ ਬਸਤੀ ਬਾਵਾ ਖੇਲ ਦੀ ਪੁਲਿਸ ਮੌਕੇ ‘ਤੇ ਪਹੁੰਚੀ ਅਤੇ ਜਾਂਚ ਸ਼ੁਰੂ ਕੀਤੀ ਤਾਂ ਪਤਾ ਲੱਗਾ ਕਿ ਹਰਿਆਣਾ ਦੇ ਸੂਰਜ ਨੇ ਅਭਿਨਵ ‘ਤੇ ਨਾਜਾਇਜ਼ ਹਥਿਆਰਾਂ ਦੀ ਵਰਤੋਂ ਕਰਦਿਆਂ ਫਾਇਰ ਕੀਤੇ ਸਨ, ਕਿਉਂਕਿ ਉਸਨੂੰ ਸੂਰਜ ‘ਤੇ ਪਰਿਵਾਰ ਦੀਆਂ ਔਰਤਾਂ ‘ਤੇ ਗਲਤ ਨੀਅਤ ਰੱਖਣ ਦਾ ਸ਼ੱਕ ਸੀ। ਇਸ ਸੁਰਾਗ ਦਾ ਪਿੱਛਾ ਕਰਦਿਆਂ ਪੁਲਿਸ ਨੇ ਸੂਰਜ ਨੂੰ ਕਾਬੂ ਕਰ ਲਿਆ ਅਤੇ ਪੁੱਛਗਿੱਛ ਸ਼ੁਰੂ ਕਰ ਦਿੱਤੀ। ਉਸ ਤੋਂ ਬਾਅਦ ਉਸਨੂੰ ਪਤਾ ਚੱਲਿਆ ਕਿ ਉਹ ਅਭਿਨਵ ਨਾਲ ਮਿਲ ਕੇ ਪੰਜਾਬ ਵਿੱਚ ਨਾਜਾਇਜ਼ ਹਥਿਆਰਾਂ ਅਤੇ ਅਸਲਾ ਦੀ ਸਪਲਾਈ ਵਿੱਚ ਕੰਮ ਕਰਦਾ ਹੈ। ਇਹ ਹਥਿਆਰ ਉਹ ਪਿਛਲੇ ਕੁਝ ਸਮੇਂ ਤੋਂ ਮੱਧ ਪ੍ਰਦੇਸ਼ ਦੇ ਇੰਦੌਰ ਤੋਂ ਲਿਆ ਕੇ ਪੰਜਾਬ ਵਿੱਚ ਸਪਲਾਈ ਕਰ ਰਿਹਾ ਹੈ। ਉਹ ਹੁਣ ਤੱਕ ਬਹੁਤ ਸਾਰੇ ਲੋਕਾਂ ਨੂੰ ਹਥਿਆਰ ਮੁਹੱਈਆ ਕਰਵਾ ਚੁੱਕਾ ਹੈ। ਪੁਲਿਸ ਨੇ ਝੱਜਰ ਸਥਿਤ ਸੂਰਜ ਦੇ ਘਰ ਤੋਂ ਚਾਰ ਪਿਸਤੌਲ, 9 ਕਾਰਤੂਸ, ਇੱਕ ਸ਼ੈੱਲ ਬਰਾਮਦ ਕੀਤਾ। ਇਸੇ ਤਰ੍ਹਾਂ ਜੋਬਨਜੀਤ ਅਤੇ ਅਮ੍ਰਿਤਪਾਲ ਕੋਲੋਂ ਦੋ ਪਿਸਤੌਲ ਅਤੇ ਦੋ ਕਾਰਤੂਸ, ਸਾਹਿਲ ਕੋਲੋਂ ਇੱਕ ਪਿਸਤੌਲ ਅਤੇ ਇੱਕ-ਇੱਕ ਪਿਸਤੌਲ ਕੇਸ਼ਵ, ਵਿਜੇ ਕੁਮਾਰ ਅਤੇ ਹਰਮਨਦੀਪ ਸਿੰਘ ਕੋਲੋਂ ਬਰਾਮਦ ਕੀਤੇ। ਪੁਲਿਸ ਕਮਿਸ਼ਨਰ ਨੇ ਦੱਸਿਆ ਕਿ ਸੂਰਜ, ਜੋਬਨਜੀਤ ਅਤੇ ਕੇਸ਼ਵ ਖੇੜਾ ਖ਼ਿਲਾਫ਼ ਪਹਿਲਾਂ ਹੀ ਦੋ ਅਪਰਾਧਕ ਮਾਮਲੇ ਦਰਜ ਹਨ ਅਤੇ ਵਿਜੇ ਕੁਮਾਰ ਖਿਲਾਫ ਅੱਠ ਕੇਸ ਦਰਜ ਹਨ। ਵਿਜੇ ਕਮਾਰ ਨੂੰ ਪੁਲਿਸ ਕਪੂਰਥਲਾ ਜੇਲ੍ਹ ਅਤੇ ਜੋਬਨਜੀਤ ਨੂੰ ਗੁਰਦਾਸਪੁਰ ਜੇਲ੍ਹ ਤੋਂ ਪ੍ਰੋਡਕਸ਼ਨ ਵਾਰੰਟ ‘ਤੇ ਲਿਆਂਦਾ ਗਿਆ ਸੀ। ਸਾਹਿਲ ਅਤੇ ਹਰਮਨਦੀਪ ਸਿੰਘ ਗ੍ਰੈਜੂਏਟ ਹਨ ਅਤੇ ਬਾਕੀ ਮੁਲਜ਼ਮ ਦਸਵੀਂ ਅਤੇ ਬਾਰ੍ਹਵੀਂ ਪਾਸ ਹਨ।
ਉਨ੍ਹਾਂ ਦੱਸਿਆ ਕਿ ਸੂਰਜ ਕੋਲੋਂ ਪੁਲਿਸ ਹਿਰਾਸਤ ਵਿੱਚ ਪੁੱਛਗਿੱਛ ਕੀਤੀ ਜਾ ਰਹੀ ਹੈ ਜਦੋਂ ਕਿ ਅਭਿਨਵ ਦਾ ਇਲਾਜ ਚੱਲ ਰਿਹਾ ਹੈ। ਬਾਕੀ ਮੁਲਜ਼ਮਾਂ ਨੂੰ ਨਿਆਂਇਕ ਹਿਰਾਸਤ ਵਿੱਚ ਭੇਜ ਦਿੱਤਾ ਗਿਆ ਹੈ। ਅਭਿਨਵ ਦੀ ਸਥਿਤੀ ਵਿੱਚ ਸੁਧਾਰ ਹੋਣ ਤੋਂ ਬਾਅਦ ਉਸਨੂੰ ਗ੍ਰਿਫਤਾਰ ਕਰ ਕੇ ਪੁੱਛਗਿੱਛ ਕੀਤੀ ਜਾਵੇਗੀ। ਫਿਲਹਾਲ ਪੁਲਿਸ ਨੇ ਆਈਪੀਸੀ ਦੀ ਧਾਰਾ 307, 188 ਅਤੇ 25-54-59 ਅਧੀਨ ਆਰਮਜ਼ ਐਕਟ, ਮਹਾਂਮਾਰੀ ਰੋਗ ਐਕਟ ਦੀ ਧਾਰਾ 3 ਅਤੇ ਆਪਦਾ ਪ੍ਰਬੰਧਨ ਐਕਟ ਦੀ ਧਾਰਾ 51 ਦੇ ਤਹਿਤ ਕੇਸ ਦਰਜ ਕੀਤੇ ਹਨ। ਇਸ ਤੋਂ ਇਲਾਵਾ, ਪੁਲਿਸ ਕਮਿਸ਼ਨਰ ਗੁਰਪ੍ਰੀਤ ਸਿੰਘ ਭੁੱਲਰ ਨੇ ਐਲਾਨ ਕੀਤਾ ਕਿ ਸੀਆਈਏ ਟੀਮ ਅਤੇ ਉਨ੍ਹਾਂ ਦੇ ਇੰਚਾਰਜ ਹਰਵਿੰਦਰ ਸਿੰਘ, ਜਿਨ੍ਹਾਂ ਨੇ ਇਸ ਗਿਰੋਹ ਦਾ ਪਰਦਾਫਾਸ਼ ਕਰਨ ਵਿੱਚ ਸ਼ਾਨਦਾਰ ਕਾਰਗੁਜ਼ਾਰੀ ਕੀਤੀ, ਜਿਸ ਲਈ ਉਨ੍ਹਾਂ ਦਾ ਨਾਮ ਡੀਜੀਪੀ ਸਪੈਸ਼ਲ ਡਿਸਕ ਲਈ ਪ੍ਰਸਤਾਵਿਤ ਕੀਤਾ ਜਾਵੇਗਾ।