Child dies after being vaccinated : ਅੰਮ੍ਰਿਤਸਰ : ਸਰਹੱਦੀ ਕਸਬਾ ਅਜਨਾਲਾ ਵਿੱਚ ਮੈਡੀਕਲ ਸਟੋਰ ਦੇ ਮਾਲਿਕ ਵੱਲੋਂ ਇੱਕ ਬੱਚੇ ਨੂੰ ਟੀਕਾ ਲਗਾਉਣ ’ਤੇ ਉਸ ਦੀ ਮੌਤ ਹੋ ਜਾਣ ਦਾ ਮਾਮਲਾ ਸਾਹਮਣੇ ਆਇਆ ਹੈ, ਜਿਸ ’ਤੇ ਬੱਚੇ ਦੇ ਪਰਿਵਾਰਕ ਮੈਂਬਰਾਂ ਨੇ ਅਜਨਾਲਾ ਚੌਕ ’ਤੇ ਗੁਰਮੇਜ ਦੀ ਲਾਸ਼ ਨੂੰ ਰੱਖ ਕੇ ਪ੍ਰਦਰਸ਼ਨ ਕੀਤਾ। ਮ੍ਰਿਤਕ ਬੱਚੇ ਦੀ ਪਛਾਣ 9 ਸਾਲਾ ਗੁਰਮੇਜ ਸਿੰਘ ਪੁੱਤਰ ਅਮਰਜੀਤ ਸਿੰਘ ਵਜੋਂ ਹੋਈ ਹੈ। ਗੁਰਮੇਜ ਦੇ ਪਿਤਾ ਅਮਰਜੀਤ ਸਿੰਘ ਨੇ ਦੱਸਿਆ ਕਿ ਉਨ੍ਹਾਂ ਦੇ ਬੇਟੇ ਦੇ ਸਰੀਰ ’ਤੇ ਖਾਰਿਸ਼ ਹੋ ਰਹੀ ਸੀ, ਜਿਸ ’ਤੇ ਉਨ੍ਹਾਂ ਨੇ ਮੈਡੀਕਲ ਸਟੋਰ ਦੇ ਮਾਲਿਕ ਨੂੰ ਇਸ ਦੇ ਇਲਾਜ ਲਈ ਮੈਡੀਕਲ ਸਟੋਰ ’ਚ ਗਏ। ਉਥੇ ਦੇ ਮਾਲਿਕ ਨੂੰ ਬੱਚੇ ਦੇ ਸਰੀਰ ’ਤੇ ਖਾਰਿਸ਼ ਬਾਰੇ ਦੱਸਿਆ।
ਮੈਡੀਕਲ ਸਟੋਰ ਦੇ ਮਾਲਿਕ ਨੇ ਗੁਰਮੇਜ ਨੂੰ ਦੇਖਿਆ ਅਤੇ ਇਲਾਜ ਲਈ ਟੀਕਾ ਲਗਵਾਉਣ ਲਈ ਕਿਹਾ। ਉਨ੍ਹਾਂ ਨੇ ਇਸ ਇਜਾਜ਼ਤ ਦੇ ਦਿੱਤੀ। ਟੀਕਾ ਲਗਵਾਉਣ ਤੋਂ ਬਾਅਦ ਉਹ ਗੁਰਮੇਜ ਨੂੰ ਘਰ ਲੈ ਕੇ ਆ ਗਏ। ਥੋੜ੍ਹੀ ਦੇਰ ਬਾਅਦ ਉਸਦਾ ਸਰੀਰ ਲਾਲ ਹੋ ਗਿਆ। ਬੇਟੇ ਨੇ ਬਹੁਤ ਮੁਸ਼ਕਲ ਨਾਲ ਰਾਤ ਬਿਤਾਈ। ਅਗਲੇ ਦਿਨ ਉਹ ਆਪਣੇ ਪੁੱਤਰ ਨੂੰ ਇਲਾਜ ਲਈ ਮੈਡੀਕਲ ਸਟੋਰ ਲੈ ਕੇ ਗਏ। ਇਸ ਦੌਰਾਨ ਉਸ ਦੀ ਤਬੀਅਤ ਵਿਗੜ ਗਈ। ਇਹ ਵੇਖ ਕੇ ਉਹ ਆਪਣੇ ਲੜਕੇ ਦਾ ਇਲਾਜ ਕਰਨ ਲਈ ਅੰਮ੍ਰਿਤਸਰ ਜਾ ਰਹੇ ਸਨ ਕਿ ਰਸਤੇ ਵਿੱਚ ਉਸਦੀ ਮੌਤ ਹੋ ਗਈ।
ਅਮਰਜੀਤ ਨੇ ਪ੍ਰਸ਼ਾਸਨ ਤੋਂ ਮੰਗ ਕੀਤੀ ਹੈ ਕਿ ਉਸ ਦੇ ਬੱਚੇ ਦੀ ਮੌਤ ਲਈ ਜ਼ਿੰਮੇਵਾਰ ਮੈਡੀਕਲ ਸਟੋਰ ਦੇ ਮਾਲਕ ਖ਼ਿਲਾਫ਼ ਕਾਨੂੰਨੀ ਕਾਰਵਾਈ ਕੀਤੀ ਜਾਵੇ। ਮੌਕੇ ‘ਤੇ ਪਹੁੰਚੇ ਡੀਐਸਪੀ ਅਜਨਾਲਾ ਵਿਪਨ ਕੁਮਾਰ ਨੇ ਗੁਰਮੇਜ ਦੇ ਪਰਿਵਾਰ ਨੂੰ ਭਰੋਸਾ ਦਿੱਤਾ ਕਿ ਪੋਸਟਮਾਰਟਮ ਤੋਂ ਬਾਅਦ ਮੈਡੀਕਲ ਸਟੋਰ ਦੇ ਖਿਲਾਫ ਜਾਂਚ ਕੀਤੀ ਜਾਵੇਗੀ। ਪੁਲਿਸ ਨੇ 174 ਤਹਿਤ ਕਾਰਵਾਈ ਕਰਦੇ ਹੋਏ ਮ੍ਰਿਤਕ ਦੇਹ ਨੂੰ ਰਿਸ਼ਤੇਦਾਰਾਂ ਹਵਾਲੇ ਕਰ ਦਿੱਤਾ ਹੈ।