Punjab Orchestra Dancers : ਪਟਿਆਲਾ : ਪੰਜਾਬ ਦੀ ਆਰਕੈਸਟ੍ਰਾ ਡਾਂਸਰਾਂ ਤੋਂ ਪੱਛਣ ਬੰਗਾਲ ਦੇ ਕੋਲਕਾਤਾ ‘ਚ ਜਿਸਮਫਿਰੋਸ਼ੀ ਕਰਵਾਉਣ ਦੇ ਸਨਸਨੀਖੇਜ ਮਾਮਲਾ ਦਾ ਖੁਲਾਸਾ ਹੋਇਆ ਹੈ। ਪਟਿਆਲਾ ਤੇ ਹੋਰ ਥਾਵਾਂ ਦੀਆਂ ਮਹਿਲਾ ਡਾਂਸਰਾਂ ਨੂੰ ਆਰਕੈਸਟ੍ਰਾ ਦੇ ਕੰਮ ‘ਚ ਵੱਧ ਪੈਸਾ ਮਿਲਣ ਦਾ ਝਾਂਸਾ ਦੇ ਕੇ ਭੇਜ ਕੇ ਜਿਸਮਫਿਰੋਸ਼ੀ ਕਰਵਾਈ ਜਾ ਰਹੀ ਹੈ। ਵੱਧ ਪੈਸੇ ਦੇ ਲਾਲਚ ‘ਚ ਇਸ ਗਿਰੋਹ ਦੇ ਜਾਲ ‘ਚ ਫਸੀ 23 ਸਾਲਾ ਕੁੜੀ ਉਨ੍ਹਾਂ ਦੇ ਚੁੰਗਲ ‘ਚੋਂ ਨਿਕਲ ਕੇ 5 ਦਿਨ ਪਹਿਲਾਂ ਪਟਿਆਲਾ ਵਾਪਸ ਆਈ। ਪਟਿਆਲਾ ਆਉਣ ਤੋਂ ਬਾਅਦ ਉਕਤ ਕੁੜੀ ਨੇ ਪੁਲਿਸ ਨੂੰ ਸ਼ਿਕਾਇਤ ਦਿੱਤੀ। ਥਾਣਾ ਸਿਵਲ ਲਾਈਨ ਪੁਲਿਸ ਨੇ ਓਮ ਪ੍ਰਕਾਸ਼ ਉਰਫ ਸੋਨੂੰ ਸਮਾਨੀਆ ਤੇ ਕੋਲਕਾਤਾ ਨਿਵਾਸੀ ਇੱਕ ਔਰਤ ਖਿਲਾਫ ਕੇਸ ਦਰਜ ਕੀਤਾ ਹੈ। ਪੁਲਿਸ ਟੀਮ ਨੇ ਛਾਪਾ ਮਾਰ ਕੇ ਦੋਸ਼ੀ ਸੋਨੂੰ ਸਮਾਨੀਆ ਨੂੰ ਗ੍ਰਿਫਤਾਰ ਕਰ ਲਿਆ ਹੈ। ਇਸ ਦੀ ਪੁਸ਼ਟੀ ਪਟਿਆਲਾ ਦੇ ਥਾਣਾ ਸਿਵਲ ਲਾਈਨ ਦੇ ਐਡੀਸ਼ਨਲ ਇੰਚਾਰਜ ਐੱਸ. ਆਈ. ਜਗਰੂਪ ਸਿੰਘ ਨੇ ਦੱਸਿਆ ਕਿ ਦੋਸ਼ੀ 24 ਸਤੰਬਰ ਤੱਕ ਪੁਲਿਸ ਰਿਮਾਂਡ ‘ਚ ਹੈ। ਹੁਣ ਕੋਲਕਾਤਾ ਦੀ ਦੋਸ਼ੀ ਮਹਿਲਾ ਨੂੰ ਗ੍ਰਿਫਤਾਰ ਕਰਨ ਦੀ ਕੋਸ਼ਿਸ਼ ਕੀਤੀ ਜਾਵੇਗੀ ਤੇ ਇਸ ਤੋਂ ਇਲਾਵਾ ਹੋਰ ਦੋਸ਼ੀਆਂ ਦੀ ਪਛਾਣ ਵੀ ਕੀਤੀ ਜਾਵੇਗੀ।
23 ਸਾਲਾ ਪੀੜਤਾ ਨੇ ਦੱਸਿਆ ਕਿ ਘਰ ਦੇ ਆਰਥਿਕ ਹਾਲਾਤ ਠੀਕ ਨਹੀਂ ਸਨ ਤਾਂ ਉਹ ਸੋਨੂੰ ਸਮਾਨੀ ਕੋਲ ਜਾ ਕੇ ਆਰਕੈਸਟ੍ਰਾ ਗਰੁੱਪ ‘ਡ ਡਾਂਸ ਦਾ ਕੰਮ ਕਰਨ ਲੱਗੀ। ਇੱਕ ਸਾਲ ਪਹਿਲਾਂ ਸੋਨੂੰ ਨੇ ਕਿਹਾ ਕਿ ਇਥੇ ਕੰਮ ਦੇ ਪੈਸੇ ਘੱਟ ਮਿਲਦੇ ਹਨ ਉਹ ਕੋਲਕਾਤਾ ਲੈ ਗਿਆ ਤੇ ਉਥੇ ਇਕ ਔਰਤ ਕੋਲ ਛੱਡ ਦਿੱਤਾ। ਕੁੜੀ ਨੇ ਪੁਲਿਸ ਨੂੰ ਦੱਸਿਆ ਕਿ ਕੋਲਕਾਤਾ ਦੀ ਔਰਤ ਨੇ ਸ਼ੁਰੂ ‘ਚ ਤਾਂ ਕਾਫੀ ਚੰਗਾ ਵਿਵਹਾਰ ਕੀਤਾ। ਇਸ ਤੋਂ ਬਾਅਦ ਉਸ ਨੂੰ ਜ਼ਬਰਦਸਤੀ ਜਿਸਮਫਿਰੋਸ਼ੀ ਕਰਨ ਲਈ ਮਜਬੂਰ ਕਰਨਾ ਸ਼ੁਰੂ ਕਰ ਦਿੱਤਾ।
ਵਿਰੋਧ ਕਰਨ ‘ਤੇ ਉਸ ਨਾਲ ਮਾਰਕੁੱਟ ਕੀਤੀ ਤੇ ਪੂਰੇ ਸਰੀਰ ‘ਤੇ ਗਰਮ ਤਵੇ ਤੇ ਚਿਮਟੇ ਨਾਲ ਦਾਗਣਾ ਸ਼ੁਰੂ ਕਰ ਦਿੱਤਾ। ਉਕਤ ਮਹਿਲਾ ਇੱਕ ਹੀ ਕਮਰੇ ‘ਚ 5 ਤੋਂ 10 ਕੁੜੀਆਂ ਨੂੰ ਰੱਖਦੀ ਸੀ। ਇਨ੍ਹਾਂ ਲੜਕੀਆਂ ਤੋਂ ਉਹ ਜ਼ਬਰਦਸਤੀ ਜਿਸਮਫਿਰੋਸ਼ੀ ਕਰਵਾਉਂਦੀ ਸੀ। ਪੀੜਤ ਕੁੜੀ ਨੇ ਪੁਲਿਸ ਨੂੰ ਦਿੱਤੀ ਸ਼ਿਕਾਇਤ ‘ਚ ਕਿਹਾ ਕਿ ਸੋਨੂੰ ਸਮਾਨੀਆ ਪਟਿਆਲਾ ਤੋਂ ਲਗਾਤਾਰ ਉਕਤ ਔਰਤ ਕੋਲ ਲੜਕੀਆਂ ਭੇਜਦਾ ਸੀ। ਇੱਕ ਦਿਨ ਉਹ ਔਰਤ ਦੇ ਕਮਰੇ ਤੋਂ ਭੱਜ ਗਈ ਅਤੇ ਸਿੱਧਾ ਪਟਿਆਲਾ ਪਰਿਵਾਰ ਕੋਲ ਪੁੱਜੀ ਤੇ ਪੁਲਿਸ ਨੂੰ ਸ਼ਿਕਾਇਤ ਕੀਤੀ। ਕੋਲਕਾਤਾ ‘ਚ ਲੜਕੀਆਂ ਨੂੰ ਫੋਨ ਵੀ ਨਹੀਂ ਦਿੱਤਾ ਜਾਂਦਾ ਸੀ। ਜਾਂਚ ਅਧਿਕਾਰੀ ਐੱਸ. ਆਈ. ਜਗਰੂਪ ਸਿੰਘ ਨੇ ਦੱਸਿਆ ਕਿ ਇਸ ਮਾਮਲੇ ‘ਚ ਸਾਰੇ ਦੋਸ਼ੀਆਂ ਤੋਂ ਪੁੱਛਗਿਛ ਕੀਤੀ ਜਾ ਰਹੀ ਹੈ। ਸ਼ਹਿਰ ਦੇ ਕਈ ਨਾਮਵਰ ਆਰਕੈਸਟ੍ਰਾ ਗਰੁੱਰਪ ਨਾਲ ਸੋਨੂੰ ਸਮਾਨੀਆ ਦੇ ਲਿੰਕ ਹਨ। ਅਜਿਹੇ ‘ਚ ਉਨ੍ਹਾਂ ਸਾਰੇ ਆਰਕੈਸਟ੍ਰਾ ਸੰਚਾਲਕ ਗਰੁੱਪ ਤੋਂ ਪੁੱਛਗਿਛ ਕੀਤੀ ਜਾਵੇਗੀ ਜੋ ਬੀਤੇ ਸਮੇਂ ‘ਚ ਲਗਾਤਾਰ ਕੋਲਕਾਤਾ ਜਾਂਦੇ ਰਹੇ ਹਨ।