A petrol pump : ਭਵਾਨੀਗੜ੍ਹ : ਇੰਝ ਲੱਗਦਾ ਹੈ ਕਿ ਲੋਕਾਂ ਦੇ ਮਨਾਂ ‘ਚ ਕਾਨੂੰਨ ਦਾ ਡਰ ਦਿਨੋ-ਦਿਨ ਖਤਮ ਹੁੰਦਾ ਜਾ ਰਿਹਾ ਹੈ ਤੇ ਉਹ ਬੇਖੌਫ ਹੋ ਕੇ ਘਿਨਾਉਣੇ ਅਪਰਾਧ ਕਰ ਰਹੇ ਹਨ। ਅਜਿਹੀ ਹੀ ਘਟਨਾ ਬੀਤੀ ਰਾਤ ਭਵਾਨੀਗੜ੍ਹ ਦੇ ਪਿੰਡ ਬਾਸੀਅਰਖ ਵਿਖੇ ਵਾਪਰੀ ਜਿਥੇ ਇਕ ਪੈਟਰੋਲ ਪੰਪ ‘ਤੇ ਕੰਮ ਕਰਨ ਵਾਲੇ ਚੌਕੀਦਾਰ ਦੇ ਸਿਰ ‘ਤੇ ਕਿਸੇ ਅਣਪਛਾਤੇ ਵਿਅਕਤੀ ਨੇ ਰਾਡ ਨਾਲ ਵਾਰ ਕਰਕੇ ਬੇਰਹਿਮੀ ਨਾਲ ਉਸ ਦਾ ਕਤਲ ਕਰ ਦਿੱਤਾ। ਮੌਕੇ ‘ਤੇ ਪੁਲਿਸ ਪਾਰਟੀ ਸਮੇਤ ਸਥਾਨਕ ਸਬ-ਡਵੀਜ਼ਨ ਦੇ DSP ਗੋਬਿੰਦ ਸਿੰਘ, ਸਥਾਨਕ ਥਾਣਾ ਮੁਖੀ ਸਬ-ਇੰਸਪੈਕਟਰ ਰਮਨਦੀਪ ਸਿੰਘ ਤੇ ਪੁਲਿਸ ਚੈੱਕ ਪੋਸਟ ਘਰਾਚੋਂ ਦੇ ਸਬ-ਇੰਸਪੈਕਟਰ ਕ੍ਰਿਪਾਲ ਸਿੰਘ ਪੁੱਜੇ ਅਤੇ ਉਨ੍ਹਾਂ ਨੇ ਲਾਸ਼ ਨੂੰ ਕਬਜ਼ੇ ‘ਚ ਲੈ ਲਿਆ ਹੈ ਤੇ ਅੱਗੇ ਦੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।
ਪਿੰਡ ਦੇ ਸਰਪੰਚ ਕੇਵਲ ਸਿੰਘ ਔਲਖ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਉਨ੍ਹਾਂ ਦੇ ਪਿੰਡ ਤੋਂ ਦਿਆਲਗੜ੍ਹ ਜੇਜੀਆਂ ਵੱਲ ਜਾਂਦੀ ਸੜਕ ‘ਤੇ ਇੱਕ ਪੈਟਰੋਲ ਪੰਪ ਹੈ ਤੇ ਉਥੇ ਗੁਰਦੇਵ ਸਿੰਘ (65) ਪੁੱਤਰ ਸ਼ਿਆਮ ਸਿੰਘ ਬਤੌਰ ਚੌਕੀਦਾਰ ਨੌਕਰੀ ਕਰਦਾ ਸੀ। ਕੱਲ੍ਹ ਦੇਰ ਰਾਤ ਅਣਪਛਾਤੇ ਵਿਅਕਤੀਆਂ ਵੱਲੋਂ ਉਸ ਦੇ ਸਿਰ ‘ਤੇ ਰਾਡਾਂ ਨਾਲ ਵਾਰ ਕਰਕੇ ਉਸ ਦੀ ਹੱਤਿਆ ਕਰ ਦਿੱਤੀ ਗਈ। ਅਮਰੀਕ ਸਿੰਘ ਬਰਾੜ ਜੋ ਕਿ ਪਿੰਡ ਦਾ ਹੀ ਵਸਨੀਕ ਹੈ, ਨੇ ਦੱਸਿਆ ਕਿ ਅੱਜ ਸਵੇਰੇ ਜਦੋਂ ਉਹ ਰੋਜ਼ਾਨਾ ਦੀ ਤਰ੍ਹਾਂ ਸੈਰ ਕਰਨ ਜਾ ਰਿਹਾ ਸੀ ਤਾਂ ਉਸ ਨੇ ਪੈਟਰੋਲ ਪੰਪ ‘ਤੇ ਦੇਖਿਆ ਕਿ ਗੁਰਦੇਵ ਸਿੰਘ ਦੀ ਲਾਸ਼ ਖੂਨ ਨਾਲ ਲੱਥਪੱਥ ਪੈਟਰੋਲ ਪੰਪ ‘ਤੇ ਪਈ ਸੀ। ਉਸ ਨੇ ਤੁਰੰਤ ਇਸ ਸਾਰੀ ਘਟਨਾ ਦੀ ਸੂਚਨਾ ਪੰਚਾਇਤ ਨੂੰ ਦਿੱਤੀ ਤੇ ਪੰਚਾਇਤ ਵੱਲੋਂ ਪੁਲਿਸ ਨੂੰ ਸੂਚਿਤ ਕੀਤਾ ਗਿਆ। ਪੁਲਿਸ ਨੇ ਕਿਹਾ ਕਿ ਜਲਦ ਹੀ ਦੋਸ਼ੀਆਂ ਨੂੰ ਗ੍ਰਿਫਤਾਰ ਕਰ ਲਿਆ ਜਾਵੇਗਾ ਤੇ ਬਣਦੀ ਕਾਰਵਾਈ ਕੀਤੀ ਜਾਵੇਗੀ।