Terrible fire at : ਜਿਲ੍ਹਾ ਤਰਨਤਾਰਨ ਵਿਖੇ ਰਾਧਾ ਸੁਆਮੀ ਖਾਲਸਾਪੁਰ ਰੋਡ ‘ਤੇ ਇੱਕ ਸ਼ੈਲਰ ਮਾਲਕ ਦੇ ਘਰ ਭਿਆਨਕ ਅੱਗ ਲੱਗਣ ਦੀ ਖਬਰ ਮਿਲੀ ਹੈ। ਅੱਗ ਇੰਨੀ ਭਿਆਨਕ ਸੀ ਕਿ ਘਰ ‘ਚ ਪਿਆ ਸਾਰਾ ਸਾਮਾਨ ਸੜ ਕੇ ਸੁਆਹ ਹੋ ਗਿਆ। ਘਰ ‘ਚ ਕੈਸ਼, ਗਹਿਣੇ ਪਏ ਹੋਏ ਸਨ। ਸ਼ੈਲਰ ਮਾਲਕ ਦਾ ਘਰ ਦੋ ਮੰਜ਼ਿਲਾ ਸੀ ਤੇ ਉਪਰਲੀ ਮੰਜ਼ਿਲ ‘ਚ ਅੱਗ ਲੱਗ ਗਈ। ਜਦੋਂ ਘਰ ‘ਚ ਅੱਗ ਲਗੀ ਤਾਂ 2 ਔਰਤਾਂ ਤੇ ਉਨ੍ਹਾਂ ਦੀ ਬੇਟੀ ਘਰ ‘ਚ ਹੀ ਮੌਜੂਦ ਸੀ ਤੇ ਉਨ੍ਹਾਂ ਨੂੰ ਬਹੁਤ ਮੁਸ਼ਕਲ ਨਾਲ ਨਾਲ ਲੱਗਦੇ ਡੇਰਾ ਰਾਧਾ ਸੁਆਮੀ ਬਾਬਾ ਬੱਗਾ ਸਿੰਘ ਦੇ ਸੇਵਾਦਾਰ ਨੇ ਖਿੜਕੀਆਂ ਨੂੰ ਤੋੜ ਕੇ ਬਾਹਰ ਕੱਢਿਆ। ਅੱਗ ਲੱਗਣ ਦੀ ਸੂਚਨਾ ਫਾਇਰ ਬ੍ਰਿਗੇਡ ਨੂੰ ਦਿੱਤੀ ਗਈ।
ਨਵੀਨ ਗੁਪਤਾ ਸ਼ੈਲਰ ਮਾਲਕ ਨੇ ਦੱਸਿਆ ਕਿ ਫਾਇਰ ਬ੍ਰਿਗੇਡ ਦੀਆਂ ਗੱਡੀਆਂ ਪੁੱਜਣ ਦੇ ਲਗਭਗ 1 ਘੰਟੇ ਬਾਅਦ ਅੱਗ ‘ਤੇ ਕਾਬੂ ਪਾਇਆ ਗਿਆ। ਉਨ੍ਹਾਂ ਦੱਸਿਆ ਕਿ ਉਨ੍ਹਾਂ ਦੀ ਪਤਨੀ ਸ਼ਰੂਤੀ ਗੁਪਤਾ, ਮਾਂ ਉਮਾ ਗੁਪਤਾ ਤੇ ਧੀ ਰਾਧਿਕਾ ਗੁਪਤਾ ਅੱਗ ਲੱਗਣ ਵੇਲੇ ਘਰ ‘ਚ ਹੀ ਮੌਜੂਦ ਸਨ ਜਿਨ੍ਹਾਂ ਨੂੰ ਰਾਧਾ ਸੁਆਮੀ ਡੇਰੇ ਦੇ ਸੇਵਾਦਾਰਾਂ ਦੀ ਮਦਦ ਨਾਲ ਬਾਹਰ ਕੱਢਿਆ ਗਿਆ। ਇਸ ਤੋਂ ਪਹਿਲਾਂ ਮੁਹੱਲੇ ਵਾਲੇ ਲੋਕਾਂ ਨੇ ਅੱਗ ਬੁਝਾਉਣ ‘ਚ ਉਨ੍ਹਾਂ ਦੀ ਪੂਰੀ ਮਦਦ ਕੀਤੀ। ਹੋਏ ਨੁਕਸਾਨ ਬਾਰੇ ਜਾਣਕਾਰੀ ਦਿੰਦਿਆਂ ਸ਼ੈਲਰ ਮਾਲਕ ਨਵੀਨ ਗੁਪਤਾ ਨੇ ਦੱਸਿਆ ਕਿ ਏ. ਸੀ., ਐੱਲ. ਈ. ਡੀ., ਰਸੋਈ ਦਾ ਕੀਮਤੀ ਸਾਮਾਨ, ਮੰਦਰ, ਫਰਿੱਜ, ਟੀ. ਵੀ. ਤੇ ਇਸ ਤੋਂ ਇਲਾਵਾ ਹੋਰ ਕੀਮਤੀ ਸਾਮਾਨ ਜਿਵੇਂ ਗਹਿਣੇ ਆਦਿ ਵੀ ਸੜ ਕੇ ਸੁਆਹ ਹੋ ਗਏ। ਉਨ੍ਹਾਂ ਦੱਸਿਆ ਕਿ ਅੰਦਾਜ਼ੇ ਮੁਤਾਬਕ ਅੱਗ ਨਾਲ ਲੱਖਾਂ ਦਾ ਨੁਕਸਾਨ ਹੋ ਗਿਆ।