Paddy would be procured : ਚੰਡੀਗੜ੍ਹ : ਸੂਬੇ ਦੀਆਂ ਮੰਡੀਆਂ ਵਿੱਚ ਝੋਨੇ ਦੀ ਫ਼ਸਲ ਦੀ ਅਗੇਤੀ ਆਮਦ ਨੂੰ ਦੇਖਦੇ ਹੋਏ ਪੰਜਾਬ ਸਰਕਾਰ ਨੇ ਪਹਿਲਾਂ ਤੋਂ ਤੈਅ ਪ੍ਰੋਗਰਾਮ ਦੀ ਥਾਂ ਖਰੀਦ ਪ੍ਰਕਿਰਿਆ ਹੁਣ 27 ਸਤੰਬਰ ਸ਼ੁਰੂ ਕਰਨ ਦੇ ਹੁਕਮ ਦਿੱਤੇ ਹਨ। ਇਹ ਖਰੀਦ ਪ੍ਰਕਿਰਿਆ 30 ਨਵੰਬਰ 2020 ਤੱਕ ਜਾਰੀ ਰਹੇਗੀ ਅਤੇ ਖਰੀਦ ਤੋਂ 48 ਘੰਟਿਆਂ ਵਿੱਚ ਜਿਣਸ ਦੀ ਲਿਫਟਿੰਗ ਨੂੰ ਯਕੀਨੀ ਬਣਾਉਣ ਲਈ ਆਦੇਸ਼ ਜਾਰੀ ਕਰ ਦਿੱਤੇ ਗਏ ਹਨ।
ਇਸ ਸਬੰਧੀ ਜਾਣਕਾਰੀ ਦਿੰਦਿਆਂ ਪੰਜਾਬ ਦੇ ਖੁਰਾਕ ਤੇ ਸਿਵਲ ਸਪਲਾਈ ਮੰਤਰੀ ਸ੍ਰੀ ਭਾਰਤ ਭੂਸ਼ਨ ਆਸ਼ੂ ਨੇ ਦੱਸਿਆ ਕਿ ਸੂਬੇ ਦੀਆਂ ਮੰਡੀਆਂ ਵਿੱਚ ਝੋਨੇ ਦੀ ਤਿਆਰ ਫ਼ਸਲ ਆਉਣ ਬਾਰੇ ਉਨਾਂ ਨੂੰ ਸੂਚਨਾਵਾਂ ਮਿਲ ਰਹੀਆਂ ਸਨ ਜਿਸ ’ਤੇ ਉਨ੍ਹਾਂ ਨੇ 1 ਅਕਤੂਬਰ ਨੂੰ ਸ਼ੁਰੂ ਕੀਤੀ ਜਾਣ ਵਾਲੀ ਖ਼ਰੀਦ ਪ੍ਰਕਿਰਿਆ ਨੂੰ 27 ਸਤੰਬਰ ਤੋਂ ਪੂਰੀ ਰਫਤਾਰ ਨਾਲ ਸ਼ੁਰੂ ਕਰਨ ਦੇ ਹੁਕਮ ਜਾਰੀ ਕੀਤੇ ਹਨ। ਮੰਤਰੀ ਨੇ ਕਿਹਾ ਕਿ ਪੰਜਾਬ ਸਰਕਾਰ ਕਿਸਾਨਾਂ ਦਾ ਦਾਣਾ ਦਾਣਾ ਖਰੀਦਣ ਲਈ ਵਚਨਬੱਧ ਹੈ। ਉਨਾਂ ਦੱਸਿਆ ਕਿ ਪੰਜਾਬ ਸਰਕਾਰ ਵੱਲੋਂ ਕੋਵਿਡ 19 ਦੇ ਫੈਲਾਅ ਨੂੰ ਰੋਕਣ ਅਤੇ ਕਿਸਾਨਾਂ, ਮਜ਼ਦੂਰਾਂ, ਪੱਲੇਦਾਰਾ, ਆੜਤੀਆਂ, ਢੋਅ-ਢੁਆਈ ਵਿਚ ਸ਼ਾਮਿਲ ਲੋਕਾਂ ਅਤੇ ਖ਼ਰੀਦ ਕਾਰਜ ਵਿੱਚ ਲੱਗੇ ਸਰਕਾਰੀ ਮੁਲਾਜ਼ਮਾਂ ਅਤੇ ਅਧਿਕਾਰੀਆਂ ਦੇ ਬਚਾਅ ਲਈ ਸੂਬੇ ਭਰ ਵਿਚ 4035 ਥਾਵਾਂ ਨੂੰ ਖਰੀਦ ਕੇਂਦਰਾਂ ਵਜੋਂ ਨੋਟੀਫਾਈ ਕੀਤਾ ਗਿਆ ਹੈ। ਇਨ੍ਹਾਂ ਵਿੱਚੋਂ 1871 ਸਰਕਾਰੀ ਮੰਡੀਆਂ ਹਨ ਜਦ ਕਿ 2164 ਜਨਤਕ ਥਾਵਾਂ ’ਤੇ ਮਿੱਲਾਂ ਦੀਆਂ ਥਾਵਾਂ ਹਨ। ਕੇਂਦਰ ਸਰਕਾਰ ਵੱਲੋਂ ਏ ਗ੍ਰੇਡ ਝੋਨੇ ਦੀ ਐਮ.ਐਸ.ਪੀ. 1888 ਰੁਪਏ ਐਲਾਨੀ ਗਈ ਹੈ।
ਖੁਰਾਕ ਮੰਤਰੀ ਨੇ ਦੱਸਿਆ ਕਿ ਕੋਵਿਡ-19 ਤੋਂ ਬਚਾਅ ਲਈ ਕੀਤੇ ਗਏ ਪ੍ਰਬੰਧਾਂ ਵਿਚ ਕਣਕ ਦੀ ਖਰੀਦ ਦੌਰਾਨ ਕੀਤੇ ਗਏ ਜ਼ਿਆਦਾਤਰ ਪ੍ਰਬੰਧਾਂ ਨੂੰ ਹੂਬਹੂ ਲਾਗੂ ਕੀਤਾ ਗਿਆ ਹੈ ਤਾਂ ਜੋ ਸਮਾਜਿਕ ਵਿੱਥ ਸਬੰਧੀ ਜੋ ਆਦੇਸ਼ ਸੂਬੇ ਦੇ ਸਿਹਤ ਵਿਭਾਗ ਵੱਲੋਂ ਜਾਰੀ ਕੀਤੇ ਗਏ ਹਨ ਉਨਾਂ ਨੂੰ ਪੂਰੀ ਤਰਾਂ ਲਾਗੂ ਕੀਤਾ ਜਾ ਸਕੇ। ਖੁਰਾਕ ਮੰਤਰੀ ਨੇ ਕਿਹਾ ਕਿ ਖ਼ਰੀਦ ਪ੍ਰਕਿਰਿਆ ਵਿਚ ਸ਼ਾਮਿਲ ਸਾਰੇ ਲੋਕਾਂ ਨੂੰ ਸੈਨੇਟਾਈਜੇਸ਼ਨ ਸਬੰਧੀ ਵਿਸ਼ੇਸ਼ ਹਦਾਇਤਾਂ ਜਾਰੀ ਕੀਤੀਆਂ ਗਈਆਂ ਹਨ ਅਤੇ ਹੱਥਾਂ ਨੂੰ ਸੈਨੇਟਾਈਜ ਕਰਨ ਲਈ ਸਾਬਣ, ਪਾਣੀ ਅਤੇ 70 ਫੀਸਦੀ ਅਲਕੋਹਲ ਵਾਲੇ ਹੈਂਡ ਸੈਨੇਟਾਈਜਰ ਦਾ ਵੀ ਪ੍ਰਬੰਧ ਕਰਨ ਲਈ ਕਿਹਾ ਗਿਆ ਹੈ। ਇਸ ਤੋਂ ਇਲਾਵਾ ਇਸ ਵਾਰ ਵੀ ਰਬੀ ਸੀਜ਼ਨ ਵਾਂਗ ਪੰਜਾਬ ਮੰਡੀ ਬੋਰਡ ਵੱਲੋਂ ਆੜ੍ਹਤੀਆਂ ਰਾਹੀਂ ਕਿਸਾਨਾਂ ਨੂੰ ਪਾਸ ਜਾਰੀ ਕੀਤੇ ਜਾਣਗੇ ਜਿਨ੍ਹਾਂ ਦਾ ਰੰਗ ਹਰੇਕ ਦਿਨ ਬਦਲਵਾਂ ਹੋਵੇਗਾ। ਖਰੀਦ ਕੇਂਦਰਾਂ ਵਿੱਚ ਕਿਸਾਨਾਂ ਅਤੇ ਮਜ਼ਦੂਰਾਂ ਲਈ ਪੀਣ ਵਾਲੇ ਪਾਣੀ, ਲਾਈਟ, ਛਾਂਦਾਰ ਬੈਠਣ ਵਾਲੀ ਜਗਾ ਅਤੇ ਸਾਫ਼ ਸੁਥਰੇ ਪਖਾਨਿਆਂ ਦਾ ਵੀ ਪ੍ਰਬੰਧ ਕਰਨ ਦੇ ਹੁਕਮ ਦਿੱਤੇ ਗਏ ਹਨ।