jaspinder Narula harbhajan mann: ਪੰਜਾਬੀ ਗਾਇਕਾ ਜਸਪਿੰਦਰ ਨਰੂਲਾ ਦੇ ਪਿਤਾ ਸਰਦਾਰ ਕੇਸਰ ਸਿੰਘ ਦਾ ਕੱਲ੍ਹ ਦਿਹਾਂਤ ਹੋ ਗਿਆ ਸੀ। ਇਸ ਮੁਸ਼ਕਿਲ ਦੀ ਘੜੀ ਵਿੱਚ ਹਰ ਕੋਈ ਉਨ੍ਹਾਂ ਨੂੰ ਟਵੀਟ ਕਰਕੇ ਆਪਣਾ ਦੁੱਖ ਜਾਹਰ ਕਰ ਰਿਹਾ ਹੈ। ਸਰਦਾਰ ਕੇਸਰ ਸਿੰਘ ਦੇ ਦਿਹਾਂਤ ‘ਤੇ ਪੰਜਾਬੀ ਮਿਊਜ਼ਿਕ ਇੰਡਸਟਰੀ ਦੇ ਕਈ ਸਿਤਾਰਿਆਂ ਨੇ ਦੁੱਖ ਜਤਾਇਆ ਹੈ । ਗਾਇਕ ਹਰਭਜਨ ਮਾਨ ਨੇ ਵੀ ਵੀ ਉਨ੍ਹਾਂ ਦੇ ਪਿਤਾ ਕੇਸਰ ਸਿੰਘ ਨਰੂਲਾ ਦੀ ਇਕ ਤਸਵੀਰ ਸਾਂਝੀ ਕਰਦੇ ਹੋਏ ਲਿਖਿਆ ਕਿ ‘ਜਸਪਿੰਦਰ ਨਰੂਲਾ ਦੇ ਪਿਤਾ ਜੀ ਸਰਦਾਰ ਕੇਸਰ ਸਿੰਘ ਨਰੂਲਾ ਜੋ ਕਿ ਮਹਾਨ ਸੰਗੀਤਕਾਰ ਸਨ ਅਕਾਲ ਚਲਾਣਾ ਕਰ ਗਏ ਹਨ। ਐੱਚ. ਐੱਮ. ਵੀ. ਵਿਚ ਸਾਡੇ ਲੀਜੇਂਡਰੀ ਗਾਇਕਾਂ ਦੇ ਯਾਦਗਾਰੀ ਗੀਤਾਂ ਦੇ ਸੰਗੀਤਕਾਰ ਸਰਦਾਰ ਕੇਸਰ ਸਿੰਘ ਨਰੂਲਾ ਜੀ ਇਸ ਫਾਨੀ ਸੰਸਾਰ ਤੋਂ ਚਲੇ ਗਏ ਹਨ। ਮਾਲਕ ਆਪਣੇ ਚਰਨਾਂ ‘ਚ ਨਿਵਾਸ ਦੇਵੇ ‘ਤੇ ਪਿੱਛੇ ਪਰਿਵਾਰ ਨੂੰ ਭਾਣਾ ਮੰਨਣ ਦੇ ਬਲ ਬਖਸ਼ੇ’।
ਉਥੇ ਹੀ ਗਾਇਕ ਸੁਖਸ਼ਿੰਦਰ ਸ਼ਿੰਦਾ ਨੇ ਵੀ ਕੇਸਰ ਸਿੰਘ ਨਰੂਲਾ ਦੀ ਤਸਵੀਰ ਸਾਂਝੀ ਕਰਦੇ ਹੋਏ ਉਨ੍ਹਾਂ ਦੇ ਦਿਹਾਂਤ ‘ਤੇ ਡੂੰਘੇ ਦੁੱਖ ਦਾ ਪ੍ਰਗਟਾਵਾ ਕੀਤਾ ਹੈ ।
ਦੱਸਣਯੋਗ ਹੈ ਕਿ ਸੰਗੀਤ ਨਿਰਦੇਸ਼ਨ ‘ਚ ਮਹਾਰਤ ਰੱਖਣ ਵਾਲੇ ਸਰਦਾਰ ਕੇਸਰ ਸਿੰਘ ਭਾਈ ਗੋਪਾਲ ਸਿੰਘ ਰਾਗੀ, ਸੰਤ ਅਨੂਪ ਸਿੰਘ ਅਤੇ ਸੰਤ ਮਸਕੀਨ ਜੀ ਵਰਗੀਆਂ ਹਸਤੀਆਂ ਦੀ ਸੁਹਬਤ ‘ਚ ਰਹੇ ਸਨ। ਸਾਲ 1956 ਵਿਚ ਐੱਚ. ਐੱਮ. ਵੀ. ਕੰਪਨੀ ਨੇ ਕੇਸਰ ਸਿੰਘ ਨੂੰ ਬਤੌਰ ਸੰਗੀਤ ਨਿਰਦੇਸ਼ਕ ਪੱਕੇ ਤੌਰ ’ਤੇ ਤਾਇਨਾਤ ਕਰ ਦਿੱਤਾ। ਕੇਸਰ ਸਿੰਘ ਨੇ ਲਗਾਤਾਰ ਚਾਰ ਦਹਾਕੇ ਕੰਪਨੀ ਦੀ ਰਿਕਾਰਡਿੰਗ ਲਈ ਸੰਗੀਤ ਦਿੱਤਾ। ਇਸ ਲੰਬੇ ਅਰਸੇ ਵਿਚ ਨਰੂਲਾ ਨੇ ਕਈ ਗਾਇਕਾਂ ਦੇ ਗੀਤਾਂ ਨੂੰ ਆਪਣੇ ਸੰਗੀਤ ਨਾਲ ਸ਼ਿੰਗਾਰਿਆ।