A married girl committed suicide : ਜਲੰਧਰ : ਰਾਮਾ ਮੰਡੀ ਵਿੱਚ ਲਗਭਗ ਡੇਢ ਸਾਲ ਪਹਿਲਾਂ ਵਿਆਹੀ ਆਦਰਸ਼ ਨਗਰ ਦੀ ਕੁੜੀ ਨੇ ਆਪਣੇ ਪੇਕੇ ਘਰ ਜ਼ਹਿਰੀਲੀ ਚੀਜ਼ ਖਾ ਕੇ ਖੁਦਕੁਸ਼ੀ ਕਰ ਲਈ। ਮਰਨ ਤੋਂ ਪਹਿਲਾਂ ਉਸ ਨੇ ਇੱਕ ਸੁਸਾਈਡ ਨੋਟ ਲਿਖਿਆ ਜਿਸ ਵਿੱਚ ਉਸ ਨੇ ਆਪਣੇ ਸਹੁਰੇ ਪਰਿਵਾਰ ਨੂੰ ਆਪਣੀ ਮੌਤ ਲਈ ਜ਼ਿੰਮੇਵਾਰ ਠਹਿਰਾਇਆ। ਮ੍ਰਿਤਕਾ ਦੀ ਪਛਾਣ ਸ਼ਿਲਪਾ ਪੁੱਤਰੀ ਹਰਿ ਸਿੰਘ ਵਾਸੀ ਆਦਰਸ਼ ਨਗਰ, ਜਲੰਧਰ ਵਜੋਂ ਹੋਈ ਹੈ।
ਮ੍ਰਿਤਕਾ ਦੇ ਪਿਤਾ ਨੇ ਪੁਲਿਸ ਨੂੰ ਦਿੱਤੇ ਬਿਆਨਾਂ ਵਿੱਚ ਦੱਸਿਆ ਕਿ ਸ਼ਿਲਪਾ ਦਾ ਵਿਆਹ 27 ਅਪ੍ਰੈਲ 2019 ਨੂੰ ਸੋਨੂੰ ਪੁੱਤਰ ਗਿਰਧਾਰੀ ਸਿੰਘ ਵਾਸੀ ਭੁੱਲਰ ਕਾਲੋਨੀ, ਦਕੋਹਾ, ਰਾਮਾ ਮੰਡੀ ਨਾਲ ਕੀਤਾ ਗਿਆ ਸੀ ਪਰ ਉਸਤੋਂ ਬਾਅਦ ਸ਼ਿਲਪਾ ਦਾ ਪਤੀ ਸੋਨੂੰ ਅਤੇ ਸਹੁਰਾ ਗਿਰਧਾਰੀ ਸਿੰਘ ਉਸਨੂੰ ਮੰਗਲੀਕ ਅਤੇ ਬੀਮਾਰ ਕਹਿ ਕੇ ਲਗਾਤਾਰ ਤੰਗ ਕਰਦੇ ਸਨ ਜਿਸ ਕਾਰਨ ਉਹ ਮਾਨਸਿਕ ਤੌਰ ’ਤੇ ਪ੍ਰੇਸ਼ਾਨ ਰਹਿਣ ਲੱਗੀ ਸੀ। ਹਰੀ ਸਿੰਘ ਨੇ ਦੱਸਿਆ ਕਿ ਇਸੇ ਗੱਲ ਤੋਂ ਤੰਗ ਆ ਕੇ ਪਿਛਲੇ ਅਗਸਤ ਮਹੀਨੇ ਤੋਂ ਉਹ ਆਪਣੇ ਪੇਕੇ ਘਰ ਰਹਿ ਰਹੀ ਸੀ।
ਇਸੇ ਮਾਨਸਿਕ ਤਣਾਅ ਦੇ ਚੱਲਦਿਆਂ ਉਸ ਨੇ ਸ਼ੁੱਕਰਵਾਰ ਨੂੰ ਕੋਈ ਜ਼ਹਿਰੀਲੀ ਚੀਜ਼ ਖ਼ਾ ਲਈ। ਲੜਕੀ ਦੀ ਖ਼ਰਾਬ ਹਾਲਤ ਵੇਖ਼ਦਿਆਂ ਉਹ ਉਸਨੂੰ ਸਿਵਲ ਹਸਪਤਾਲ ਲੈ ਗਏ ਸਨ ਪਰ ਡਾਕਟਰਾਂ ਨੇ ਉਸਨੂੰ ਮ੍ਰਿਤਕ ਕਰਾਰ ਦੇ ਦਿੱਤਾ। ਇਸ ਸੰਬੰਧੀ ਉਸਨੇ ਇਕ ਨੋਟ ਵੀ ਲਿਖ਼ਿਆ ਜੋ ਉਸਨੇ ਆਪਣੀ ਇੱਕ ਸਹੇਲੀ ਨੂੰ ਵ੍ਹਾਟਸਐਪ ’ਤੇ ਭੇਜ ਦਿੱਤਾ। ਇਸ ਸੰਬੰਧੀ ਥਾਣਾ ਬਸਤੀ ਬਾਵਾ ਖ਼ੇਲ ਦੀ ਪੁਲਿਸ ਵੱਲੋਂ ਮੁਕੱਦਮਾ ਦਰਜ ਕਰਕੇ ਲੜਕੀ ਦੇ ਸਹੁਰੇ ਨੂੰ ਗ੍ਰਿਫ਼ਤਾਰ ਕਰ ਲਿਆ ਹੈ, ਜਦਕਿ ਪਤੀ ਫ਼ਰਾਰ ਦੱਸਿਆ ਜਾ ਰਿਹਾ ਹੈ। ਪੁਲਿਸ ਵੱਲੋਂ ਲਾਸ਼ ਪੋਸਟਮਾਰਟਮ ਕਰਵਾਉਣ ਤੋਂ ਬਾਅਦ ਵਾਰਸਾਂ ਨੂੰ ਦੇ ਹਵਾਲੇ ਕਰ ਦਿੱਤੀ ਗਈ ਹੈ।